ਕਿਹਾ : ਪੈਸਿਆਂ ਬਦਲੇ ਟਿਕਟਾਂ ਦੇ ਸਬੂਤ ਮਿਲਣ ‘ਤੇ ਨਾਮਜ਼ਦਗੀ ਰੱਦ ਕਰਾਂਗੇ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਪੁੱਜੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਤਲੁਜ ਯਮੁਨਾ ਲਿੰਕ (ਐੱਸਵਾਈਐੱਲ) ਦੇ ਮੁੱਦੇ ‘ਤੇ ‘ਆਪ’ ਦਾ ਸਟੈਂਡ ਸਪਸ਼ਟ ਨਹੀਂ ਕੀਤਾ। ਉਨ੍ਹਾਂ ਇੰਨਾ ਜ਼ਰੂਰ ਕਿਹਾ ਕਿ ਐੱਸਵਾਈਐੱਲ ਦੇ ਮੁੱਦੇ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਇਸ ਮੁੱਦੇ ਦਾ ਹੱਲ ਜਾਂ ਤਾਂ ਅਦਾਲਤ ਵਿੱਚ ਨਿਕਲੇਗਾ ਜਾਂ ਫਿਰ ਆਪਸ ਵਿੱਚ ਬੈਠ ਕੇ। ਹਰ ਵਾਰ ਚੋਣਾਂ ਵਿੱਚ ਇਸ ਮੁੱਦੇ ਨੂੰ ਚੁੱਕਣ ਨਾਲ ਇਹ ਹੱਲ ਨਹੀਂ ਹੋਣ ਵਾਲਾ। ਟਿਕਟ ਵੇਚਣ ਦੇ ਲਗਾਏ ਗਏ ਆਰੋਪਾਂ ‘ਤੇ ਕੇਜਰੀਵਾਲ ਨੇ ਕਿਹਾ ਕਿ ਜੇਕਰ ਪੈਸੇ ਲੈ ਕੇ ਟਿਕਟਾਂ ਦੀ ਵੰਡ ਕਰਨ ਦਾ ਕੋਈ ਸਬੂਤ ਮਿਲੇਗਾ ਤਾਂ ਉਸੇ ਵੇਲੇ ਸਬੰਧਤ ਉਮੀਦਵਾਰ ਦੀ ਟਿਕਟ ਖਾਰਜ ਕਰ ਦਿੱਤੀ ਜਾਵੇਗੀ। ਪੱਤਰਕਾਰ ਮਿਲਣੀ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਇਸਦੀ ਸੁਰੱਖਿਆ ਲਈ ਮਜ਼ਬੂਤ ਸਰਕਾਰ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਥੇ ਨਸ਼ਾ ਵੀ ਸਰਹੱਦ ਪਾਰੋਂ ਆਉਂਦਾ ਹੈ। ਸਰਹੱਦ ਪਾਰੋਂ ਡਰੋਨ ਤੇ ਟਿਫਨ ਬੰਬ ਆਏ ਹਨ। ਉਨ੍ਹਾਂ ਕਿਹਾ ਕਿ ਮੁੰਬਈ ਵਿੱਚ ਜੋ ਬੰਬ ਧਮਾਕਾ ਹੋਇਆ ਸੀ, ਉਸ ਵਿੱਚ ਵੀ ਸਰਹੱਦ ਪਾਰੋਂ ਆਏ ਆਰਡੀਐੱਕਸ ਦੀ ਵਰਤੋਂ ਹੋਈ ਸੀ। ਉਨ੍ਹਾਂ ਆਰੋਪ ਲਾਇਆ ਕਿ ਇਹ ਸਭ ਕੁਝ ਭ੍ਰਿਸ਼ਟ ਅਧਿਕਾਰੀਆਂ ਤੇ ਸਿਆਸਤਦਾਨਾਂ ਕਾਰਨ ਹੋ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਪੰਜਾਬ ਸਰਕਾਰ ਦੋਵੇਂ ਹੀ ਸੁਰੱਖਿਆ ਦੇ ਮੁੱਦੇ ‘ਤੇ ਸਿਆਸਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੂਬੇ ਵਿੱਚ ‘ਆਪ’ ਦੀ ਸਰਕਾਰ ਬਣੀ ਤਾਂ ਪੰਜਾਬ ਦੇ ਹਰੇਕ ਵਸਨੀਕ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਚੰਨੀ, ਸਿੱਧੂ ਅਤੇ ਮਜੀਠੀਆ ਸਾਰੇ ਹਾਰਨਗੇ: ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀਆਂ ਦੋਵੇਂ ਸੀਟਾਂ ਹਾਰ ਰਹੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਪੂਰਬੀ ਤੋਂ ਵੀ ‘ਆਪ’ ਸੀਟ ਜਿੱਤ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੋਵੇਂ ਬੁਰੀ ਤਰ੍ਹਾਂ ਹਾਰਨਗੇ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਇੱਕ ਵਾਰ ਨਹੀਂ ਸਗੋਂ ਤਿੰਨ ਵਾਰ ਸਰਵੇਖਣ ਕਰਵਾਇਆ ਗਿਆ ਹੈ।
ਕੇਜਰੀਵਾਲ ਨੇ ਪੰਜਾਬ ਵਿੱਚ 80 ਤੋਂ ਵੱਧ ਸੀਟਾਂ ਜਿੱਤਣ ਦਾ ਕੀਤਾ ਦਾਅਵਾ
ਪੰਜਾਬ ਦੀ ਜਨਤਾ ਨੂੰ ਇਮਾਨਦਾਰ ਸਰਕਾਰ ਚੁਣਨ ਦਾ ਦਿੱਤਾ ਸੱਦਾ
ਜਲੰਧਰ : ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ 80 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਟੀਵੀ ਚੈਨਲਾਂ ਦੇ ਸਰਵੇਖਣ ਵਿੱਚ ਭਾਵੇਂ ‘ਆਪ’ ਨੂੰ 60 ਤੋਂ 65 ਸੀਟਾਂ ਮਿਲਣ ਦੀ ਗੱਲ ਆਖੀ ਜਾ ਰਹੀ ਹੈ, ਪਰ ਪਾਰਟੀ ਇਸ ਤੋਂ ਬਿਹਤਰ ਪ੍ਰਦਰਸ਼ਨ ਕਰਦਿਆਂ 80 ਤੋਂ ਵੱਧ ਸੀਟਾਂ ਜਿੱਤੇਗੀ। ਕੇਜਰੀਵਾਲ ਪੰਜਾਬ ਵਿੱਚ ‘ਆਪ’ ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ ਨਾਲ ਜਲੰਧਰ ਸ਼ਹਿਰ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਕੀਤੇ ਰੋਡ ਸ਼ੋਅ ਦੌਰਾਨ ਬੋਲ ਰਹੇ ਸਨ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਇਮਾਨਦਾਰ ਆਗੂਆਂ ਨੂੰ ਚੁਣਨ ਦਾ ਸੱਦਾ ਦਿੱਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਨੂੰ ਆਪਣੇ ਦੋਸਤਾਂ-ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਝਾੜੂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ।
ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਸਭ ਤੋਂ ਪਹਿਲਾਂ ਜਲੰਧਰ (ਪੱਛਮੀ) ਵਿਧਾਨ ਸਭਾ ਹਲਕੇ ਵਿੱਚ ਰੋਡ ਸ਼ੋਅ ਕੀਤਾ। ਇਸ ਮੌਕੇ ਉਨ੍ਹਾਂ ਨਾਲ ‘ਆਪ’ ਉਮੀਦਵਾਰ ਸ਼ੀਤਲ ਅੰਗੁਰਾਲ ਵੀ ਸਨ। ਕੇਜਰੀਵਾਲ ਤੇ ਮਾਨ ਹਲਕੇ ਵਿੱਚ ਪੈਂਦੇ ਗੁਰੂ ਰਵਿਦਾਸ ਧਾਮ ਵਿੱਚ ਨਤਮਸਤਕ ਵੀ ਹੋਏ। ਜਲੰਧਰ ਛਾਉਣੀ ਹਲਕੇ ਵਿੱਚ ਕੀਤੇ ਗਏ ਰੋਡ ਸ਼ੋਅ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਇਸ ਹਲਕੇ ਵਿੱਚ ਮਿੱਠਾਪੁਰ ਤੇ ਸੰਸਾਰਪੁਰ ਵਰਗੇ ਪਿੰਡ ਆਉਂਦੇ ਹਨ, ਜਿੱਥੋਂ ਹਾਕੀ ਦੇ ਵੱਡੇ ਖਿਡਾਰੀ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਹਲਕੇ ਦੇ ਵੋਟਰ ਗੋਲ ਕਰਕੇ ਓਲੰਪੀਅਨ ਸੁਰਿੰਦਰ ਸਿੰਘ ਸੋਢੀ ਨੂੰ ਜਿਤਾਉਣਗੇ। ਮਾਨ ਨੇ ਕਿਹਾ ਕਿ 20 ਫਰਵਰੀ ਨੂੰ ਪੰਜਾਬ ਵਾਸੀਆਂ ਕੋਲ ਆਪਣੇ ਬੱਚਿਆਂ ਤੇ ਪੰਜਾਬ ਦੀ ਕਿਸਮਤ ਨੂੰ ਬਦਲਣ ਦਾ ਮੌਕਾ ਹੈ।