2018 ‘ਚ ਕੈਨੇਡੀਅਨ ਵਰਲਡ ਜੂਨੀਅਰ ਹਾਕੀ ਟੀਮ ਦੇ ਕਈ ਮੈਂਬਰਾਂ ਨੇ ਮਹਿਲਾ ਉੱਤੇ ਕੀਤਾ ਸੀ ਜਿਨਸੀ ਹਮਲਾ
ਓਟਵਾ/ਬਿਊਰੋ ਨਿਊਜ਼ : ਵਿਵਾਦਾਂ ਵਿੱਚ ਘਿਰੀ ਹਾਕੀ ਕੈਨੇਡਾ ਦੇ ਚੀਫ ਐਗਜੈਕਟਿਵ ਆਫੀਸਰ ਸਕੌਟ ਸਮਿੱਥ ਵੱਲੋਂ ਅਹੁਦਾ ਛੱਡਣ ਦਾ ਫੈਸਲਾ ਕੀਤਾ ਗਿਆ ਹੈ ਤੇ ਇਹ ਫੈਸਲਾ ਫੌਰੀ ਤੌਰ ਉੱਤੇ ਅਮਲ ਵਿੱਚ ਆਵੇਗਾ। ਇਸ ਦੇ ਨਾਲ ਹੀ ਹਾਕੀ ਕੈਨੇਡਾ ਦੇ ਬੋਰਡ ਆਫ ਡਾਇਰੈਕਟਰਜ਼ ਨੇ ਵੀ ਆਪਣੇ ਅਹੁਦੇ ਛੱਡਣ ਲਈ ਸਹਿਮਤੀ ਪ੍ਰਗਟਾਈ ਹੈ।
ਲੀਡਰਸ਼ਿਪ ਟੀਮ ਵਿੱਚ ਤਬਦੀਲੀ ਦਾ ਐਲਾਨ ਕਰਦਿਆਂ ਹਾਕੀ ਕੈਨੇਡਾ ਨੇ ਆਖਿਆ ਕਿ ਅਗਲੇ ਬੋਰਡ ਆਫ ਡਾਇਰੈਕਟਰਜ਼ ਵੱਲੋਂ ਨਵਾਂ ਸੀਈਓ ਨਿਯੁਕਤ ਕੀਤੇ ਜਾਣ ਤੱਕ ਆਰਗੇਨਾਈਜੇਸ਼ਨ ਦਾ ਕੰਮ ਕਾਜ ਚਲਾਉਣ ਲਈ ਅੰਤ੍ਰਿਮ ਮੈਨੇਜਮੈਂਟ ਕਮੇਟੀ ਜ਼ਿੰਮੇਵਾਰੀ ਸਾਂਭੇਗੀ। ਜ਼ਿਕਰਯੋਗ ਹੈ ਕਿ ਸਮਿੱਥ ਪਹਿਲੀ ਜੁਲਾਈ ਤੋਂ ਆਰਗੇਨਾਈਜੇਸ਼ਨ ਦੇ ਸੀਈਓ ਦੀ ਭੂਮਿਕਾ ਨਿਭਾਅ ਰਹੇ ਸਨ। ਬੋਰਡ ਆਫ ਡਾਇਰੈਕਟਰਜ਼ ਦੀ ਚੋਣ ਲਈ ਚੋਣ ਪਹਿਲਾਂ ਹੋਣੀ ਸੀ ਪਰ ਇਸ ਵਿੱਚ ਦੇਰ ਹੋ ਗਈ ਤੇ ਹੁਣ ਇਹ ਚੋਣ 17 ਦਸੰਬਰ ਨੂੰ ਨਿਰਧਾਰਤ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਮਈ ਵਿੱਚ ਟੀਐਸਐਨ ਵੱਲੋਂ ਇਹ ਰਿਪੋਰਟ ਕੀਤਾ ਗਿਆ ਸੀ ਕਿ 2018 ਵਿੱਚ ਕੈਨੇਡੀਅਨ ਵਰਲਡ ਜੂਨੀਅਰ ਹਾਕੀ ਟੀਮ ਦੇ ਕਈ ਮੈਂਬਰਾਂ ਵੱਲੋਂ ਲੰਡਨ, ਓਨਟਾਰੀਓ ਵਿੱਚ ਇੱਕ ਮਹਿਲਾ ਉੱਤੇ ਕਥਿਤ ਤੌਰ ਉੱਤੇ ਜਿਨਸੀ ਹਮਲਾ ਕੀਤਾ ਗਿਆ ਸੀ ਤੇ ਇਸ ਮਹਿਲਾ ਨਾਲ ਹਾਕੀ ਕੈਨੇਡਾ ਵੱਲੋਂ ਮਾਮਲਾ ਸੈਟਲ ਕਰ ਲਿਆ ਗਿਆ ਹੈ।
ਇਸ ਵਿਵਾਦ ਦੇ ਚੱਲਦਿਆਂ ਜੂਨ ਵਿੱਚ ਫੈਡਰਲ ਸਰਕਾਰ ਨੇ ਹਾਕੀ ਕੈਨੇਡਾ ਨੂੰ ਦਿੱਤੇ ਜਾਣ ਵਾਲੇ ਫੰਡਾਂ ਉੱਤੇ ਰੋਕ ਲਾ ਦਿੱਤੀ ਤੇ ਫਾਇਨਾਂਸ਼ੀਅਲ ਆਡਿਟ ਦੇ ਹੁਕਮ ਦਿੱਤੇ। ਉਸ ਮਹੀਨੇ ਫੈਡਰਲ ਸਿਆਸਤਦਾਨਾਂ ਨੇ ਕਥਿਤੀ ਜਿਨਸੀ ਹਮਲਿਆਂ ਤੇ ਉਨ੍ਹਾਂ ਨਾਲ ਨਜਿੱਠਣ ਲਈ ਕੀਤੀ ਜਾਣ ਵਾਲੀ ਅਦਾਇਗੀ ਸਬੰਧੀ ਹਾਕੀ ਕੈਨੇਡਾ ਦੇ ਢੰਗ ਤਰੀਕਿਆਂ ਦੀ ਪੁਣ-ਛਾਣ ਸ਼ੁਰੂ ਕੀਤੀ। ਇਸ ਤੋਂ ਸਾਹਮਣੇ ਆਇਆ ਕਿ ਕਥਿਤ ਜਿਨਸੀ ਹਮਲਿਆਂ ਵਰਗੇ ਮਾਮਲਿਆਂ ਨਾਲ ਨਜਿੱਠਣ ਲਈ ਆਰਗੇਨਾਈਜੇਸ਼ਨ ਵੱਲੋਂ ਨੈਸਨਲ ਇਕੁਇਟੀ ਫੰਡ, ਜਿਹੜਾ ਮਾਈਨਰ ਹਾਕੀ ਰਜਿਸਟ੍ਰੇਸ਼ਨ ਦੇ ਪੈਸਿਆਂ ਨਾਲ ਪੂਰਿਆ ਜਾਂਦਾ ਹੈ, ਦੀ ਵਰਤੋਂ ਕੀਤੀ ਜਾ ਰਹੀ ਹੈ।
ਇਸ ਤੋਂ ਕਈ ਦਿਨ ਬਾਅਦ 2003 ਵਿੱਚ ਕੈਨੇਡੀਅਨ ਵਰਲਡ ਜੂਨੀਅਰ ਹਾਕੀ ਟੀਮ ਦੇ ਮੈਂਬਰਾਂ ਦੀ ਸਮੂਲੀਅਤ ਵਾਲਾ ਇੱਕ ਹੋਰ ਜਿਨਸੀ ਹਮਲਾ ਸਾਹਮਣੇ ਆਇਆ। ਹਾਲਾਂਕਿ ਪੁਲਿਸ ਤੇ ਐਨਐਚਐਲ ਦੇ ਜਾਂਚਕਾਰ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਇਹ ਦੋਸ ਅਜੇ ਅਦਾਲਤ ਵਿੱਚ ਵੀ ਸਿੱਧ ਨਹੀਂ ਹੋਏ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇੱਕ ਮੀਟਿੰਗ ਵਿੱਚ ਹਾਕੀ ਕੈਨੇਡਾ ਵੱਲੋਂ ਇਹ ਖੁਲਾਸਾ ਕੀਤਾ ਗਿਆ ਕਿ 1989 ਤੋਂ ਲੈ ਕੇ ਹੁਣ ਤੱਕ, ਇਸ ਵਿੱਚ ਲੰਡਨ ਵਾਲਾ ਮਾਮਲਾ ਸ਼ਾਮਲ ਨਹੀਂ ਹੈ, ਜਿਨਸੀ ਹਮਲਿਆਂ ਤੇ ਸ਼ੋਸ਼ਣ ਦੇ ਨੌਂ ਮਾਮਲਿਆਂ ਨੂੰ ਸੈਟਲ ਕਰਨ ਲਈ ਆਰਗੇਨਾਈਜੇਸ਼ਨ 7.6 ਮਿਲੀਅਨ ਡਾਲਰ ਅਦਾ ਕਰ ਚੁੱਕੀ ਹੈ। ਮਾਮਲਾ ਐਨਾ ਉਲਝ ਚੁੱਕਿਆ ਹੈ ਕਿ ਹਾਕੀ ਕੈਨੇਡਾ ਦੇ ਨਾਮੀ ਸਪਾਂਸਰਜ਼ ਵੱਲੋਂ ਵੀ ਆਪਣੇ ਹੱਥ ਪਿੱਛੇ ਖਿੱਚ ਲਏ ਗਏ ਹਨ।