Breaking News
Home / ਪੰਜਾਬ / ‘ਆਪ’ ਦੇ ਅੰਦਰੂਨੀ ਕਾਟੋ-ਕਲੇਸ਼ ਕਾਰਨ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਕੰਮ ਕਰਨ ਤੋਂ ਅਸਮਰਥ

‘ਆਪ’ ਦੇ ਅੰਦਰੂਨੀ ਕਾਟੋ-ਕਲੇਸ਼ ਕਾਰਨ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਕੰਮ ਕਰਨ ਤੋਂ ਅਸਮਰਥ

ਪਟਿਆਲਾ : ਆਮ ਆਦਮੀ ਪਾਰਟੀ (ਆਪ) ਦੇ ਅੰਦਰੂਨੀ ਕਾਟੋ-ਕਲੇਸ਼ ਕਾਰਨ ਪਾਰਟੀ ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਕੰਮ ਕਰਨ ਤੋਂ ਅਸਮਰਥ ਹਨ। ਡਾ. ਬਲਬੀਰ ਸਿੰਘ ਸੰਗਠਨ ਬਣਾਉਣ ਦਾ ਫੈਸਲਾ ਕਰ ਚੁੱਕੇ ਹਨ। ਪਰ ਜਿਹੜੇ ਲੋਕ ‘ਆਪ’ ਦੀ ਚੋਣਾਂ ਵੇਲੇ ਚੜ੍ਹਤ ਦੇਖ ਕੇ ਪਾਰਟੀ ਵਿੱਚ ਸ਼ਾਮਲ ਹੋਏ ਸਨ, ਉਹ ਉਨ੍ਹਾਂ ਨੂੰ ਸੰਗਠਨ ਬਣਾਉਣ ਵਿੱਚ ਸਹਿਯੋਗ ਨਹੀਂ ਦੇ ਰਹੇ। ਡਾ. ਬਲਬੀਰ ਸਿੰਘ ਨੂੰ ਆਪਣੇ ਜੱਦੀ ਜ਼ਿਲ੍ਹੇ ਪਟਿਆਲਾ ਵਿੱਚ ਹੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਵੀ ਅੱਜ ਤਿੰਨ ਧੜੇ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਧੜਾ ਉਨ੍ਹਾਂ ਦਾ ਹੈ, ਜੋ ਵਾਲੰਟੀਅਰ ਵਜੋਂ ਪਾਰਟੀ ਨਾਲ ਜੁੜੇ ਸਨ। ਡਾ. ਬਲਬੀਰ ਸਿੰਘ ਵੀ ਉਨ੍ਹਾਂ ਵਿਚੋਂ ਹੀ ਹਨ। ਡਾ. ਬਲਬੀਰ ਸਿੰਘ ਉਨ੍ਹਾਂ ਲੋਕਾਂ ਨੂੰ ਪਾਰਟੀ ਵਿੱਚ ਨੁਮਾਇੰਦਗੀ ਦੇਣੀ ਚਾਹੁੰਦੇ ਹਨ, ਕਿਉਂਕਿ ਉਨ੍ਹਾਂ ਨੇ ਪਾਰਟੀ ਖੜ੍ਹੀ ਕੀਤੀ ਸੀ। ਇਹ ਧੜਾ ਡਾ. ਬਲਬੀਰ ਸਿੰਘ ਨੂੰ ਕਾਫ਼ੀ ਸਮਰਥਨ ਵੀ ਦੇ ਰਿਹਾ ਹੈ।
ਦੂਜੇ ਪਾਸੇ ਜਿਹੜਾ ਧੜਾ ‘ਆਪ’ ਦੀ ਚੜ੍ਹਤ ਵੇਖ ਕੇ ਪਾਰਟੀ ਵਿੱਚ ਸ਼ਾਮਲ ਹੋਇਆ ਸੀ, ਉਹ ਡਾ. ਬਲਬੀਰ ਸਿੰਘ ਨੂੰ ਸਹਿਯੋਗ ਦੇਣ ਵਿੱਚ ਟਾਲਮਟੋਲ ਕਰ ਰਿਹਾ ਹੈ। ਇੱਕ ਧੜਾ ਵਿਧਾਇਕਾਂ ਦਾ ਹੈ, ਜੋ ਪੰਜਾਬ ਦੇ ਹਰ ਇੱਕ ਹਲਕੇ ਵਿੱਚ ਮੌਜੂਦ ਹੈ। ਉਹ ਧੜਾ ਚਾਹੁੰਦਾ ਹੈ ਕਿ ਡਾ. ਬਲਬੀਰ ਸਿੰਘ ਉਨ੍ਹਾਂ ਨੂੰ ਵੱਧ ਨੁਮਾਇੰਦਗੀ ਦੇਵੇ। ਪੰਜਾਬ ਪੱਧਰ ‘ਤੇ ਭਗਵੰਤ ਮਾਨ ਦੀਆਂ ਸਰਗਰਮੀਆਂ ਪਾਰਟੀ ਅੰਦਰ ਘੱਟ ਗਈਆਂ ਹਨ, ਪਰ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਆਪਣੇ ਤਰੀਕੇ ਨਾਲ ਪਾਰਟੀ ਵਿੱਚ ਵਿਚਰ ਰਹੇ ਹਨ।
ਧੜੇਬੰਦੀ ਨਾਲ ਨਜਿੱਠਿਆ ਜਾ ਸਕਦਾ ਹੈ: ਡਾ. ਬਲਬੀਰ ਸਿੰਘ : ਡਾ. ਬਲਬੀਰ ਸਿੰਘ ਕਹਿੰਦੇ ਹਨ ਕਿ ਪਾਰਟੀ ਪੰਚਾਇਤੀ ਚੋਣਾਂ ਲੜੇਗੀ ਅਤੇ ਇਨ੍ਹਾਂ ਚੋਣਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਿਆਂ ਨੂੰ ਨੁਮਾਇੰਦਗੀਆਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਹਰੇਕ ਪਾਰਟੀ ਵਿੱਚ ਧੜੇਬੰਦੀ ਹੁੰਦੀ ਹੈ, ਪਰ ‘ਆਪ’ ਵਿੱਚ ਅਜਿਹੀ ਧੜੇਬੰਦੀ ਨਹੀਂ ਹੈ, ਜਿਸ ਨਾਲ ਨਜਿੱਠਿਆ ਨਾ ਜਾ ਸਕੇ। ਇਸ ਕਰਕੇ ਉਨ੍ਹਾਂ ਪੰਚਾਇਤੀ ਚੋਣਾਂ ਤੋਂ ਬਾਅਦ ਹੀ ਸੰਗਠਨ ਨੂੰ ਸੰਪੂਰਨਤਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੈ।

Check Also

ਭਾਈ ਨਿਰਮਲ ਸਿੰਘ ਖਾਲਸਾ ਦੀ ਅੰਤਿਮ ਅਰਦਾਸ ਮੌਕੇ ਚੋਣਵੇਂ ਮੈਂਬਰ ਹੀ ਸ਼ਾਮਿਲ ਹੋਣਗੇ

ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਭਾਈ ਨਿਰਮਲ …