1.7 C
Toronto
Wednesday, January 7, 2026
spot_img
Homeਪੰਜਾਬਪਟਿਆਲਾ 'ਚ ਪੁਲਿਸ ਨੇ ਬੇਰੁਜ਼ਗਾਰਾਂ 'ਤੇ ਕੀਤਾ ਲਾਠੀਚਾਰਜ

ਪਟਿਆਲਾ ‘ਚ ਪੁਲਿਸ ਨੇ ਬੇਰੁਜ਼ਗਾਰਾਂ ‘ਤੇ ਕੀਤਾ ਲਾਠੀਚਾਰਜ

ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਲਗਾਏ ਖਿੱਚ-ਧੂਹ ਦੇ ਆਰੋਪ
ਪਟਿਆਲਾ/ਬਿਊਰੋ ਨਿਊਜ਼ : ਬੇਰੁਜ਼ਗਾਰ ਸਾਂਝਾ ਮੋਰਚਾ ਦੇ ਸੱਦੇ ‘ਤੇ ਪੰਜਾਬ ਭਰ ਵਿੱਚੋਂ ਪਟਿਆਲਾ ਸਥਿਤ ਨਿਊ ਮੋਤੀ ਬਾਗ਼ ਪੈਲੇਸ ਦਾ ਘਿਰਾਓ ਕਰਨ ਪਹੁੰਚੇ ਬੇਰੁਜ਼ਗਾਰ ਅਧਿਆਪਕਾਂ ‘ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਦੀ ਖਿੱਚ-ਧੂਹ ਕੀਤੀ ਗਈ। ਪੁਲਿਸ ਨੇ ਮਹਿਲਾਵਾਂ ਸਮੇਤ ਦਰਜਨਾਂ ਬੇਰੁਜ਼ਗਾਰ ਕਾਰਕੁਨਾਂ ਨੂੰ ਵੱਖ-ਵੱਖ ਥਾਣਿਆਂ ਵਿੱਚ ਘੰਟਿਆਂ ਬੱਧੀ ਬੰਦ ਕਰੀ ਰੱਖਿਆ। ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨਾਲ 14 ਜੂਨ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤੇ ਜਾਣ ਮਗਰੋਂ ਪ੍ਰਦਰਸ਼ਕਾਰੀਆਂ ਨੇ ਮੋਤੀ ਮਹਿਲ ਦੇ ਘਿਰਾਓ ਦਾ ਪ੍ਰੋਗਰਾਮ ਵਾਪਸ ਲੈ ਲਿਆ। ਸਿੱਖਿਆ ਤੇ ਸਿਹਤ ਵਿਭਾਗਾਂ ਵਿੱਚ ਰੁਜ਼ਗਾਰ ਦੀ ਮੰਗ ਤੇ ਭਰਤੀ ਸਬੰਧੀ ਮਸਲਿਆਂ ਨੂੰ ਲੈ ਕੇ ਬੇਰੁਜ਼ਗਾਰ ਸਾਂਝਾ ਮੋਰਚਾ (ਟੈੱਟ ਪਾਸ ਬੇਰਜ਼ਗਾਰ ਬੀਐੱਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਡੀਪੀਈ (873), ਪੀਟੀਆਈ (646), ਬੇਰੁਜ਼ਗਾਰ ਆਰਟ ਐੱਡ ਕਰਾਫਟ ਯੂਨੀਅਨ ਅਤੇ ਮਲਟੀਪਰਪਜ਼ ਹੈਲਥ ਵਰਕਰ) ਦੇ ਸੱਦੇ ‘ਤੇ ਸੂਬੇ ਭਰ ਵਿੱਚੋਂ ਪੁੱਜੇ ਵੱਡੀ ਗਿਣਤੀ ਬੇਰੁਜ਼ਗਾਰ ਪਹਿਲਾਂ ਬਾਰਾਂਦਰੀ ਗਾਰਡਨ ਵਿੱਚ ਇਕੱਤਰ ਹੋਏ। ਫਿਰ ਮੁੱਖ ਮੰਤਰੀ ਦੇ ਸਥਾਨਕ ਘਰ ‘ਨਿਊ ਮੋਤੀ ਬਾਗ਼ ਪੈਲੇਸ’ ਵੱਲ ਰੋਸ ਮਾਰਚ ਦੀ ਸ਼ਕਲ ਵਿੱਚ ਵਧੇ। ਜਿਉਂ ਹੀ ਉਹ ਵਾਈਪੀਐੱਸ ਚੌਕ ‘ਚ ਪੁੱਜੇ ਤਾਂ ਪੁਲਿਸ ਬਲਾਂ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਪੁਲਿਸ ਨੇ ਖਿੱਚ-ਧੂਹ ਮਗਰੋਂ ਉਨ੍ਹਾਂ ਨੂੰ ਬੱਸਾਂ ‘ਚ ਜਬਰੀ ਚਾੜ੍ਹਨਾ ਸ਼ੁਰੂ ਕਰ ਦਿੱਤਾ। ਜਦੋਂ ਕੁਝ ਕਾਰਕੁਨਾਂ ਨੇ ਵਿਰੋਧ ਕੀਤਾ ਤਾਂ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ ਅਤੇ ਕਈ ਕਾਰਕੁਨਾਂ ਨੂੰ ਭਜਾ ਭਜਾ ਕੇ ਕੁੱਟਿਆ। ਖਿੱਚ-ਧੂਹ ਦੌਰਾਨ ਕਈ ਮਹਿਲਾਵਾਂ ਨੂੰ ਸੱਟਾਂ ਲੱਗੀਆਂ ਹਨ। ਉਧਰ ਵੱਖ ਵੱਖ ਮੁਲਾਜ਼ਮਾਂ ਤੇ ਸਿਆਸੀ ਜਥੇਬੰਦੀਆਂ ਨੇ ਬੇਰੁਜ਼ਗਾਰਾਂ ‘ਤੇ ਪੁਲਿਸ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਹੈ ਕਿ ਕੈਪਟਨ ਸਰਕਾਰ ਘਰ ਘਰ ਨੌਕਰੀ ਦੇਣ ਦੇ ਵਾਅਦੇ ਨੂੰ ਨਿਭਾਏ।
ਬੇਰੁਜ਼ਗਾਰ ਅਧਿਆਪਕਾਂ ਨੇ ਕੈਪਟਨ ਨੂੰ ਖ਼ੂਨ ਨਾਲ ਚਿੱਠੀ ਲਿਖੀ
ਪਟਿਆਲਾ : ‘ਘਰ ਘਰ ਰੁਜ਼ਗਾਰ’ ਦੇ ਵਾਅਦੇ ਨਿਭਾਉਣ ‘ਚ ਅਸਫਲ ਰਹਿਣ ‘ਤੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਖੂਨ ਨਾਲ ਚਿੱਠੀ ਲਿਖ ਕੇ ਰੁਜ਼ਗਾਰ ਪ੍ਰਾਪਤੀ ਦੀ ਦੁਹਾਈ ਪਾਈ ਗਈ। ਉਧਰ ਬੇਰੁਜ਼ਗਾਰ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ ਸਖ਼ਤ ਗਰਮੀ ਦੇ ਬਾਵਜੂਦ ਟਾਵਰ ‘ਤੇ ਚੜ੍ਹਿਆ ਰਿਹਾ, ਧਿਆਨ ਰਹੇ ਕਿ ਸੁਰਿੰਦਰਪਾਲ ਨੂੰ ਟਾਵਰ ‘ਤੇ ਚੜ੍ਹਿਆ ਢਾਈ ਮਹੀਨਾ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ।

RELATED ARTICLES
POPULAR POSTS