ਵੇਈਂ ਨੇੜਲੇ ਪਿੰਡਾਂ ਵਿੱਚ ਆ ਰਹੇ ਗੰਧਲੇ ਪਾਣੀ ਕਾਰਨ ਫੈਲ ਰਹੀਆਂ ਨੇ ਬਿਮਾਰੀਆਂ
ਕਰਤਾਰਪੁਰ/ਬਿਊਰੋ ਨਿਊਜ਼ : ਚਿੱਟੀ ਵੇਈਂ ਦਿਨੋ-ਦਿਨ ਪਲੀਤ ਹੁੰਦੀ ਜਾ ਰਹੀ ਹੈ ਅਤੇ ਇਸ ਦੇ ਕੰਢੇ ਵਸੇ ਪਿੰਡਾਂ ਦੇ ਲੋਕ ਇਸ ਦਾ ਸੰਤਾਪ ਹੰਢਾਉਣ ਲਈ ਮਜਬੂਰ ਹਨ। ਪਿੰਡਾਂ ਵਿੱਚ ਨਲਕੇ ਅਤੇ ਸਬਮਰਸੀਬਲ ਮੋਟਰਾਂ ‘ਚੋਂ ਨਿਕਲਦੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ।
ਇਹ ਵੇਈਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਨੇੜਲੇ ਪਿੰਡ ਬੜਬਾ ਬਗੌੜਾ ਤੋਂ ਸ਼ੁਰੂ ਹੁੰਦੀ ਹੈ ਅਤੇ ਸ਼ਹੀਦ ਭਗਤ ਸਿੰਘ ਨਗਰ, ਬੰਗਾ, ਫਗਵਾੜਾ ‘ਚੋਂ ਲੰਘਦੀ ਚਹੇੜੂ, ਕੰਗ ਸਾਹਬੂ, ਮਲੀਆ ਨੂੰ ਪਾਰ ਕਰਦੀ ਲੋਹੀਆਂ ਤੋਂ ਅੱਗੇ ਜਾ ਕੇ ਜ਼ਿਲ੍ਹਾ ਜਲੰਧਰ ਦੇ ਆਖਰੀ ਪਿੰਡ ਗਿੱਦੜ ਪਿੰਡੀ ਕੋਲ ਪਿੰਡ ਕਾਲੂ ਮੰਡੀ ਪਹੁੰਚ ਕੇ ਦਰਿਆ ਸਤਲੁਜ ਵਿੱਚ ਜਾ ਮਿਲਦੀ ਹੈ। ਕਈ ਸ਼ਹਿਰਾਂ, ਕਸਬਿਆਂ ਅਤੇ ਵਪਾਰਕ ਅਦਾਰਿਆਂ ਦਾ ਗੰਦਾ ਪਾਣੀ ਪੈਣ ਕਾਰਨ ਇਸ ਦਾ ਪਾਣੀ ਦੂਸ਼ਿਤ ਹੋ ਚੁੱਕਾ ਹੈ। ਰਸਾਇਣ ਘੁਲਿਆ ਪਾਣੀ ਇਸ ਵਿੱਚ ਪੈਣ ਕਾਰਨ ਇਸ ਦਾ ਚਹੇੜੂ ਤੋਂ ਅਗਲਾ ਹਿੱਸਾ ਹੋਰ ਵੀ ਪਲੀਤ ਹੈ।
ਜਲੰਧਰ ਵਿੱਚ ਲਾਏ ਸੀਵਰੇਜ ਟ੍ਰੀਟਮੈਂਟ ਪਲਾਂਟ ‘ਚੋਂ ਨਿਕਲਦੀ ਰਹਿੰਦ-ਖੂੰਹਦ, ਡੇਅਰੀ ਕੰਪਲੈਕਸ ਜਮਸ਼ੇਰ ਦੇ ਪਸ਼ੂਆਂ ਦਾ ਮਲ-ਮੂਤਰ ਅਤੇ ਮਰੇ ਹੋਏ ਜਾਨਵਰ ਇਸ ਵਿੱਚ ਮਿਲਣ ਕਾਰਨ ਇਸ ਦਾ ਪਾਣੀ ਹੋਰ ਗੰਦਾ ਹੋ ਜਾਂਦਾ ਹੈ। ਜ਼ਿਕਰਯੋਗ ਹੈ ਕਿ ਲਗਪਗ ਚਾਰ ਦਹਾਕੇ ਪਹਿਲਾਂ ਵੇਈਂ ਕੰਢੇ ਧਾਰਮਿਕ ਸਥਾਨਾਂ ‘ਤੇ ਆਉਂਦੇ ਲੋਕ ਇਸ ਵਿੱਚ ਇਸ਼ਨਾਨ ਕਰਦੇ ਸਨ। ਇਸ ਪਲੀਤ ਹੋਈ ਚਿੱਟੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੂਬਾ ਸਰਕਾਰ ਦੇ ਸਹਿਯੋਗ ਨਾਲ ਨਵਾਂ ਸ਼ਹਿਰ ਨੇੜਲੇ ਪਿੰਡ ਸਿੰਬਲੀ ਕੋਲੋਂ ਇਸ ਵਿੱਚ 200 ਕਿਊਸਿਕ ਪਾਣੀ ਛੱਡੇ ਜਾਣ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਵੇਈਂ ਸਾਫ ਕਰਨ ਲਈ ਸਰਕਾਰ ਅੱਗੇ ਆਵੇ : ਵਾਤਾਵਰਨ ਪ੍ਰੇਮੀ
ਵਾਤਾਵਰਨ ਪ੍ਰੇਮੀ ਡਾਕਟਰ ਨਿਰਮਲ ਸਿੰਘ ਅਤੇ ਮਾਸਟਰ ਬਹਾਦਰ ਸਿੰਘ ਸੰਧੂ ਨੇ ਦੱਸਿਆ ਕਿ ਵੇਈਂ ਵਿੱਚ ਦੂਸ਼ਿਤ ਪਾਣੀ ਦਾ ਲਗਾਤਾਰ ਵਹਾਅ ਹੋਣ ਕਾਰਨ ਵੇਈਂ ਹੇਠਾਂ ਚਿੱਕੜ ਦੀ ਪਰਤ ਜੰਮ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੋਆਬੇ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਇਸ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਹੈ।
Check Also
ਹਾਈ ਕੋਰਟ ਵੱਲੋਂ ਪੰਚਾਇਤੀ ਚੋਣਾਂ ਸਬੰਧੀ ਸੁਣਾਏ ਫੈਸਲੇ ਮਗਰੋਂ ਮੁੱਖ ਮੰਤਰੀ ਮਾਨ ਨੇ ਦਿੱਤਾ ਵੱਡਾ ਬਿਆਨ
ਕਿਹਾ : ਪੰਜਾਬ ਦੇ ਲੋਕ ਪਿੰਡਾਂ ਦੇ ਵਿਕਾਸ ਲਈ ਚੰਗੇ ਨੁਮਾਇੰਦਿਆਂ ਦੀ ਕਰਨ ਚੋਣ ਚੰਡੀਗੜ੍ਹ/ਬਿਊਰੋ …