‘ਆਪ’ ਸਰਕਾਰ ਵਲੋਂ ਬਿਜਲੀ ਚੋਰੀ ਰੋਕਣ ਲਈ ਮੁਹਿੰਮ ਦੀ ਸ਼ੁਰੂਆਤ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ‘ਕੁੰਡੀ ਫੜੋ ਮੁਹਿੰਮ’ ਤਹਿਤ ਅਗਸਤ ਮਹੀਨੇ ਦੌਰਾਨ ਸੂਬੇ ਭਰ ਦੇ ਐਂਟੀ ਪਾਵਰ ਥੈਫਟ ਥਾਣਿਆਂ ਵਿੱਚ 296 ਐੱਫਆਈਆਰ ਦਰਜ ਕੀਤੀਆਂ ਹਨ। ਇਸ ਤੋਂ ਇਲਾਵਾ 38 ਕਰਮਚਾਰੀਆਂ ਨੂੰ ਭ੍ਰਿਸ਼ਟ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਕਾਰਨ ਬਰਖ਼ਾਸਤ ਕੀਤਾ ਗਿਆ ਹੈ।
‘ਆਪ’ ਸਰਕਾਰ ਨੇ ਬਿਜਲੀ ਚੋਰੀ ਖਿਲਾਫ ਇਹ ਦੂਸਰੇ ਗੇੜ ਦੀ ਕਾਰਵਾਈ ਸ਼ੁਰੂ ਕੀਤੀ ਹੈ। ਪਾਵਰਕੌਮ ਨੇ ਇਹ ਮੁਹਿੰਮ ਹੁਣ ਤੇਜ਼ ਕਰ ਦਿੱਤੀ ਹੈ, ਜਿਸ ਵਿੱਚ ਬਿਜਲੀ ਚੋਰਾਂ ਨੂੰ ਕਰੋੜਾਂ ਰੁਪਏ ਦੇ ਜੁਰਮਾਨੇ ਵੀ ਪਾਏ ਗਏ ਹਨ।
ਪਾਵਰਕੌਮ ਨੇ ਪਿਛਲੇ ਦੋ ਮਹੀਨਿਆਂ ਦੌਰਾਨ 37 ਆਊਟਸੋਰਸ ਮੀਟਰ ਰੀਡਰਾਂ ਅਤੇ ਸੁਪਰਵਾਈਜ਼ਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਬਰਖ਼ਾਸਤ ਕੀਤਾ ਹੈ। ਸੂਬੇ ਵਿੱਚ ਨਿਯਮਤ ਚੈਕਿੰਗਾਂ ਅਤੇ ਛਾਪੇਮਾਰੀ ਦੌਰਾਨ ਪਟਿਆਲਾ ਜ਼ੋਨ ਵਿੱਚ 90, ਅੰਮ੍ਰਿਤਸਰ 79, ਬਠਿੰਡਾ 71, ਲੁਧਿਆਣਾ 29 ਅਤੇ ਜਲੰਧਰ ਜ਼ੋਨ ਵਿੱਚ 27 ਐੱਫ਼ਆਈਆਰ ਦਰਜ ਕੀਤੀਆਂ ਗਈਆਂ ਹਨ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਬਿਜਲੀ ਚੋਰੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਕਿ ਉਹ ਆਪਣੀਆਂ ਗਤੀਵਿਧੀਆਂ ਬੰਦ ਕਰਕੇ ਆਪਣੇ ਬਿਜਲੀ ਕੁਨੈਕਸ਼ਨ ਨਿਯਮਤ ਕਰਵਾਉਣ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਸੂਬੇ ਦੇ ਖ਼ਜ਼ਾਨੇ ਨੂੰ ਵੱਡਾ ਖੋਰਾ ਲਾਉਂਦੀ ਹੈ ਅਤੇ ਇਸ ਨੂੰ ਮੁਕੰਮਲ ਤੌਰ ‘ਤੇ ਖ਼ਤਮ ਕਰਨ ਲਈ ਬਿਜਲੀ ਵਿਭਾਗ ਦ੍ਰਿੜ੍ਹ ਸੰਕਲਪ ਹੈ। ਬਿਜਲੀ ਮੰਤਰੀ ਨੇ ਪਹਿਲਾਂ ਹੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਭਰ ਵਿੱਚ ਵਿਆਪਕ ਪੱਧਰ ‘ਤੇ ਵਿਸ਼ੇਸ਼ ਨਿਰੀਖਣ ਕਰਨ ਲਈ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ। ਇਨ੍ਹਾਂ ਨਿਰੀਖਣਾਂ ਦਾ ਉਦੇਸ਼ ਬਿਜਲੀ ਚੋਰੀ ਨੂੰ ਰੋਕਣਾ ਅਤੇ ਇਨ੍ਹਾਂ ਗੈਰ-ਕਾਨੂੰਨੀ ਗਤੀਵਿਧੀਆਂ ਕਾਰਨ ਹੋਏ ਮਾਲੀਏ ਦੇ ਨੁਕਸਾਨ ਦੀ ਭਰਪਾਈ ਕਰਨਾ ਹੈ।
ਲੋਕ ਚਰਚਾ ਅਨੁਸਾਰ ਪੰਜਾਬ ਸਰਕਾਰ ਲਈ ਇਸ ਮੁਹਿੰਮ ਨੂੰ ਮੁਕੰਮਲ ਨੇਪਰੇ ਚਾੜ੍ਹਨਾ ਸੌਖਾ ਨਹੀਂ ਹੋਵੇਗਾ ਬਲਕਿ ਇਹ ਮੁਹਿੰਮ ਚੁਣੌਤੀ ਵੀ ਬਣ ਸਕਦੀ ਹੈ। ਮੁਹਿੰਮ ਦੌਰਾਨ ਹਾਕਮ ਧਿਰ ਦੇ ਆਗੂਆਂ ਦੀ ਭੂਮਿਕਾ ਵੇਖਣ ਵਾਲੀ ਹੋਵੇਗੀ। ਕੀ ਉਹ ਬਿਜਲੀ ਚੋਰੀ ਰੋਕਣ ਲਈ ਸ਼ੁਰੂ ਕੀਤੀ ਮੁਹਿੰਮ ਦੇ ਸਹਿਯੋਗੀ ਬਣਦੇ ਹਨ ਜਾਂ ਅੜਿੱਕੇ ਖੜ੍ਹੇ ਕਰਦੇ ਹਨ।