11.3 C
Toronto
Friday, October 17, 2025
spot_img
Homeਪੰਜਾਬਜਗਬੀਰ ਸਿੰਘ ਬਰਾੜ ਮੁੜ 'ਤੱਕੜੀ' ਵਿੱਚ ਤੁਲੇ

ਜਗਬੀਰ ਸਿੰਘ ਬਰਾੜ ਮੁੜ ‘ਤੱਕੜੀ’ ਵਿੱਚ ਤੁਲੇ

ਸ਼੍ਰੋਮਣੀ ਅਕਾਲੀ ਦਲ ਨੇ ਬਰਾੜ ਨੂੰ ਜਲੰਧਰ ਛਾਉਣੀ ਤੋਂ ਬਣਾਇਆ ਉਮੀਦਵਾਰ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਨੂੰ ਦੋਆਬੇ ‘ਚ ਉਦੋਂ ਵੱਡਾ ਝਟਕਾ ਲੱਗਾ ਜਦੋਂ ਸਾਬਕਾ ਵਿਧਾਇਕ ਤੇ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਬੋਰਡ ਦੇ ਚੇਅਰਮੈਨ ਜਗਬੀਰ ਸਿੰਘ ਬਰਾੜ ਮੁੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਗਬੀਰ ਬਰਾੜ ਨੂੰ ਪਾਰਟੀ ‘ਚ ਸ਼ਾਮਲ ਕਰਦਿਆਂ ਹੀ ਜਲੰਧਰ ਛਾਉਣੀ ਤੋਂ 2022 ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਐਲਾਨ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਵੀ ਬਣਾਇਆ ਗਿਆ ਹੈ।
ਜਗਬੀਰ ਸਿੰਘ ਬਰਾੜ ਦੇ ਮਾਡਲ ਟਾਊਨ ਜਲੰਧਰ ਵਿਚਲੇ ਘਰ ‘ਚ ਹੋਏ ਸੰਖੇਪ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਤੇ ਨਕੋਦਰ ਤੋਂ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਸਮੇਤ ਹੋਰ ਆਗੂਆਂ ਦੀ ਹਾਜ਼ਰੀ ਵਿੱਚ ਜਗਬੀਰ ਸਿੰਘ ਬਰਾੜ 10 ਸਾਲਾਂ ਮਗਰੋਂ ਮੁੜ ਅਕਾਲੀ ਦਲ ਵਿੱਚ ਪਰਤ ਆਏ। ਜ਼ਿਕਰਯੋਗ ਹੈ ਕਿ ਜਗਬੀਰ ਸਿੰਘ ਬਰਾੜ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਜਲੰਧਰ ਛਾਉਣੀ ਤੋਂ ਅਕਾਲੀ ਦਲ ਵੱਲੋਂ ਜਿੱਤੇ ਸਨ। ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਸਾਲ 2011 ਵਿੱਚ ‘ਪੀਪਲਜ਼ ਪਾਰਟੀ ਆਫ਼ ਪੰਜਾਬ’ ਬਣਨ ‘ਤੇ ਉਹ ਅਕਾਲੀ ਦਲ ਛੱਡ ਕੇ ਉਸ ‘ਚ ਚਲੇ ਗਏ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਜਗਬੀਰ ਬਰਾੜ ਪੀਪੀਪੀ ਦਾ ਸਾਥ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਏ ਸਨ। ਉਨ੍ਹਾਂ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਵੱਲੋਂ ਜਲੰਧਰ ਛਾਉਣੀ ਤੋਂ ਲੜੀਆਂ ਸਨ, ਪਰ ਹਾਰ ਗਏ ਸਨ। 2017 ਦੀਆਂ ਚੋਣਾਂ ‘ਚ ਜਗਬੀਰ ਬਰਾੜ ਨੂੰ ਨਕੋਦਰ ਤੋਂ ਟਿਕਟ ਦਿੱਤੀ ਗਈ ਸੀ ਪਰ ਉੱਥੋਂ ਉਹ ਜਿੱਤ ਨਹੀਂ ਸਕੇ ਸਨ। ਕੈਪਟਨ ਅਮਰਿੰਦਰ ਸਿੰਘ ਦੇ ਖੇਮੇ ਵਿੱਚ ਗਿਣੇ ਜਾਂਦੇ ਜਗਬੀਰ ਬਰਾੜ ਨੂੰ ਡੇਢ ਸਾਲ ਪਹਿਲਾਂ ਹੀ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਬੋਰਡ ਦਾ ਚੇਅਰਮੈਨ ਲਾਇਆ ਗਿਆ ਸੀ ਅਤੇ ਉਨ੍ਹਾਂ ਚੇਅਰਮੈਨੀ ਤੋਂ ਅਸਤੀਫ਼ਾ ਦਿੱਤਾ ਸੀ।
ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਸਭ ਤੋਂ ਫੇਲ੍ਹ ਮੁੱਖ ਮੰਤਰੀ ਸਾਬਤ ਹੋਏ ਹਨ। ਨਵਜੋਤ ਸਿੰਘ ਸਿੱਧੂ ਨੂੰ ਡਰਾਮੇਬਾਜ਼ ਦੱਸਦਿਆਂ ਬਾਦਲ ਨੇ ਕਿਹਾ ਕਿ ਉਹ ਤਮਾਸ਼ੇ ਕਰਕੇ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਸਿੱਧੂ ਤੇ ਭਗਵੰਤ ਮਾਨ ਨੂੰ ਪੈਸੇ ਦੇ ਕੇ ਮਨੋਰੰਜਨ ਲਈ ਸੱਦਿਆ ਕਰਨਗੇ।

 

RELATED ARTICLES
POPULAR POSTS