Breaking News
Home / ਪੰਜਾਬ / ਮਾਂ ਬੋਲੀ ਤੋਂ ਵੱਡਾ ਕੁਝ ਨਹੀਂ

ਮਾਂ ਬੋਲੀ ਤੋਂ ਵੱਡਾ ਕੁਝ ਨਹੀਂ

ਪੀਯੂ ਦੇ ਡਿਗਰੀ ਵੰਡ ਸਮਾਗਮ ‘ਚ ਪੁੱਜੇ ਵੈਂਕਈਆ ਨਾਇਡੂ ਨੇ ਦਿੱਤੀ ਨਸੀਹਤ
ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਦੇ 67ਵੇਂ ਡਿਗਰੀ ਵੰਡ ਸਮਾਗਮ ਦੌਰਾਨ ਚਾਂਸਲਰ ਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਪਦਮਸ੍ਰੀ ਮਿਲਖਾ ਸਿੰਘ ਨੂੰ ਪੀਯੂ ਖੇਡ ਰਤਨ, ਪ੍ਰੋ. ਬੀਐਨ ਗੋਸਵਾਮੀ ਨੂੰ ਗਿਆਨ ਰਤਨ, ਸੁਨੀਲ ਕੁਮਾਰ ਮੁੰਜਾਲ ਨੂੰ ਉਦਯੋਗ ਰਤਨ, ਸੁਪਰੀਮ ਕੋਰਟ ਦੇ ਸਾਬਕਾ ਮੁੱਖ ਜੱਜ ਜੇਐਸ ਖੇਹਰ, ਪ੍ਰੋ. ਐਮਐਮ ਸ਼ਰਮਾ ਤੇ ਪ੍ਰੋ. ਰਜਿੰਦਰ ਵਿਰਦੀ ਨੂੰ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ। ਨਾਇਡੂ ਨੇ ਮਾਂ-ਬੋਲੀ, ਬੋਲਣ ਦੀ ਅਜ਼ਾਦੀ, ਹਿੰਦੂ ਧਰਮ, ਸਕੂਲੀ ਸਿੱਖਿਆ ਤੇ ਬਜ਼ੁਰਗਾਂ ਨੂੰ ਸਨਮਾਨ ਦੇਣ ਜਿਹੇ ਕਈ ਮਾਮਲਿਆਂ ‘ਤੇ ਆਪਣੇ ਵਿਚਾਰ ਰੱਖੇ। ਉਨ੍ਹਾਂ ਨੌਜਵਾਨਾਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਆ।
ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਮਾਮਲੇ ‘ਤੇ ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਜਾਣ ਦੀ ਜ਼ਰੂਰਤ ਨਹੀਂ। ਭਾਰਤ ਵਿਚ ਹੀ ਸਭ ਕੁਝ ਹੈ। ਵਿਦੇਸ਼ ਜਾਓ, ਉਥੇ ਰੁਕੋ ਤੇ ਇੰਜੁਆਏ ਕਰੋ, ਪੈਸੇ ਕਮਾਓ ਤੇ ਦੇਸ਼ ਵਾਪਸ ਆ ਜਾਓ।
ਅਮਰੀਕਾ ਦੀ ਸਿਲੀਕਾਨ ਵੈਲੀ ਵਿਚ ਹਰ ਦੂਜਾ ਵਿਅਕਤੀ ਭਾਰਤੀ ਹੈ। ਦੁਨੀਆ ਵਿਚ ਹਰ ਜਗ੍ਹਾ ਸਾਡਾ ਰੁਤਬਾ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਹਿੰਦੂ ਇਕ ਧਰਮ ਨਹੀਂ ਸਗੋਂ ਇਕ ਸੰਸਕ੍ਰਿਤੀ ਹੈ। ਕਿੰਨੀਆ ਹੀ ਕੰਪਨੀਆਂ ਤੇ ਪਬਲੀਕੇਸ਼ਨ ਹਾਊਸ ‘ਚ ‘ਹਿੰਦੂ’ ਸ਼ਬਦ ਦੀ ਵਰਤੋਂ ਹੋਈ ਹੈ, ਜਿਸ ਦਾ ਮਤਲਬ ਇਹ ਨਹੀਂ ਕਿ ਇਹ ਸਿਰਫ ਹਿੰਦੂਆਂ ਲਈ ਹੈ, ਇਹ ਸਭ ਲਈ ਹੈ।
ਨਾਇਡੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆ ਵਿਚ ਮਾਂ ਤੋਂ ਵੱਡਾ ਕੁਝ ਵੀ ਨਹੀਂ, ਉਸਦਾ ਸਨਮਾਨ ਕਰੋ। ਬਜ਼ੁਰਗਾਂ ਦੀ ਇੱਜਤ ਕਰੋ। ਗੁਰੂ ਤੁਹਾਡਾ ਮਾਰਗ ਦਰਸ਼ਕ ਹੈ। ਗੂਗਲ ਗਿਆਨ ਤਾਂ ਦੇ ਸਕਦਾ ਹੈ ਪਰ ਗੁਰੂ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਕ ਚੀਜ਼ ਹਮੇਸ਼ਾ ਯਾਦ ਰੱਖੋ ਕਿ ਮਾਂ ਬੋਲੀ ਤੇ ਮਾਤ ਭੂਮੀ ਤੋਂ ਵੱਡਾ ਕੁਝ ਵੀ ਨਹੀਂ, ਇਨ੍ਹਾਂ ਨੂੰ ਤਵੱਜੋਂ ਦਿਓ। ਮਾਂ ਬੋਲੀ ਦਾ ਵਿਸ਼ਾ ਹਰ ਕਲਾਸ ਵਿਚ ਲਾਜ਼ਮੀ ਹੋਣਾ ਚਾਹੀਦਾ ਹੈ। ਮਾਂ ਬੋਲੀ ਅੱਖਾਂ ਦੀ ਤਰ੍ਹਾਂ ਜਦਕਿ ਦੂਜੀ ਭਾਸ਼ਾ ਚਸ਼ਮੇ ਦੀ ਤਰ੍ਹਾਂ ਹੈ, ਜਿਸ ਵਿਚ ਸਾਫ ਨਹੀਂ ਦਿਸਦਾ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਵੱਲੋਂ ਵਾਪਸ ਭੇਜੇ ਬਿਲ ’ਤੇ ਦਿੱਤੀ ਆਪਣੀ ਰਾਏ

ਕਿਹਾ : ਪੰਜਾਬ ਦਾ ਸੀਐਮ ਹੀ ਹੋਣਾ ਚਾਹੀਦਾ ਹੈ ਯੂਨੀਵਰਸਿਟੀ ਦਾ ਚਾਂਸਲਰ ਚੰਡੀਗੜ੍ਹ/ਬਿਊਰੋ ਨਿਊਜ਼ : …