-12.7 C
Toronto
Saturday, January 31, 2026
spot_img
Homeਪੰਜਾਬਸੰਸਦ ਮੈਂਬਰ ਬ੍ਰਹਮਪੁਰਾ ਨੇ ਕੀਤਾ ਚੋਹਲਾ ਸਾਹਿਬ 'ਚ ਸ਼ਕਤੀ ਪ੍ਰਦਰਸ਼ਨ, ਪਾਰਟੀ ਪ੍ਰਧਾਨ...

ਸੰਸਦ ਮੈਂਬਰ ਬ੍ਰਹਮਪੁਰਾ ਨੇ ਕੀਤਾ ਚੋਹਲਾ ਸਾਹਿਬ ‘ਚ ਸ਼ਕਤੀ ਪ੍ਰਦਰਸ਼ਨ, ਪਾਰਟੀ ਪ੍ਰਧਾਨ ‘ਤੇ ਲਗਾਏ ਗੰਭੀਰ ਆਰੋਪ

ਡੇਰਾ ਮੁਖੀ ਨੂੰ ਮਾਫੀ ਦਿਵਾਉਣ ਵਾਲੇ ਸੁਖਬੀਰ ਤੇ ਮਜੀਠੀਆ ਜਦ ਤੱਕ ਅਸਤੀਫਾ ਨਹੀਂ ਦਿੰਦੇ, ਮੇਰਾ ਵਿਰੋਧ ਜਾਰੀ ਰਹੇਗਾ : ਬ੍ਰਹਮਪੁਰਾ
ਤਰਨਤਾਰਨ/ਬਿਊਰੋ ਨਿਊਜ਼
ਮਾਝਾ ਖੇਤਰ ਦੇ ਬਾਗ਼ੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਐਤਵਾਰ ਨੂੰ ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਵਿਚ ਭਰਵਾਂ ਇਕੱਠ ਕਰਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਅਸਤੀਫ਼ਿਆਂ ਦੀ ਮੰਗ ਕਰਦਿਆਂ ਕਿਹਾ ਕਿ ਉਹ ਇਸ ਮੰਗ ਦੇ ਮੰਨੇ ਜਾਣ ਤੱਕ ਆਪਣੀ ਅਵਾਜ਼ ਬੁਲੰਦ ਕਰਦੇ ਰਹਿਣਗੇ। ਬ੍ਰਹਮਪੁਰਾ ਨੇ ਕਿਹਾ ਕਿ ਡੇਰਾ ਮੁਖੀ ਨੂੰ ਮਾਫੀ ਦਿਵਾਉਣ ਵਾਲੇ ਸੁਖਬੀਰ ਅਤੇ ਮਜੀਠੀਆ ਜਦੋਂ ਤੱਕ ਅਸਤੀਫਾ ਨਹੀਂ ਦਿੰਦੇ, ਮੇਰੇ ਵਿਰੋਧ ਜਾਰੀ ਰਹੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਨੂੰ ਕਈ ਨੇਤਾਵਾਂ ਨੇ ਕੁਰਬਾਨੀਆਂ ਦੇ ਕੇ ਖੜ੍ਹਾ ਕੀਤਾ, ਇਹ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਹੈ।
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਬ੍ਰਹਮਪੁਰਾ ਨੇ ਕਿਹਾ,”ਅਕਾਲੀ ਦਲ ਦੀ ਸਰਕਾਰ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਵਿਖੇ ਬੇਦੋਸ਼ੇ ਸਿੱਖਾਂ ‘ਤੇ ਗੋਲੀਆਂ ਚਲਾਉਣ ਲਈ ਸਿੱਧੇ ਤੌਰ ‘ਤੇ ਉਕਤ ਦੋਵੇਂ ਆਗੂ ਜ਼ਿੰਮੇਵਾਰ ਹਨ।” ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਾਬੂ ਨਾ ਕਰਕੇ ਸਜ਼ਾਵਾਂ ਨਾ ਦੇਣ ਦਾ ਸੰਗਤ ਵਿੱਚ ਭਾਰੀ ਰੋਸ ਹੈ ਜਿਸ ਦਾ ਖਮਿਆਜਾ ਅਕਾਲੀ ਦਲ ਪਿਛਲੀਆਂ ਚੋਣਾਂ ਵਿੱਚ ਭੁਗਤ ਚੁੱਕਿਆ ਹੈ। ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਭੰਗ ਕੀਤੀ ਹੈ। ਇਕੱਠ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਬ੍ਰਹਮਪੁਰਾ ਨੇ ਸੇਵਾ ਸਿੰਘ ਸੇਖਵਾਂ ਨੂੰ ਅਕਾਲੀ ਦਲ ਵਿਚੋਂ ਕੱਢਣ ਬਾਰੇ ਕਿਹਾ ਕਿ ਫ਼ੈਸਲਾ ਵਾਪਸ ਲੈਣ ਦਾ ਸਿਲਸਿਲਾ ਜਾਰੀ ਰਹਿੰਦਾ ਹੈ ਅਤੇ ਸੇਖਵਾਂ ਨੂੰ ਵੀ ਮੁੜ ਪਾਰਟੀ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਸਿੱਧੇ ਰੂਪ ਵਿਚ ਨਿਖੇਧੀ ਕਰਨ ਤੋਂ ਗੁਰੇਜ਼ ਕੀਤਾ। ਸਾਬਕਾ ਮੁੱਖ ਮੰਤਰੀ ਵੱਲੋਂ ਉਨ੍ਹਾਂ ਨੂੰ ਦਿੱਤੇ ਮਾਣ-ਸਤਿਕਾਰ ਨੂੰ ਯਾਦ ਕਰਦਿਆਂ ਬ੍ਰਹਮਪੁਰਾ ਨੇ ਕਿਹਾ, ”ਬਾਦਲ ਨੇ ਮੇਰੇ ਕਹਿਣ ‘ਤੇ ਬਹੁਤ ਸਾਰੇ ਕੰਮ ਕੀਤੇ ਪਰ ਡੇਰਾ ਸਾਧ ਨੂੰ ਮੁਆਫ਼ੀ ਦੇਣ, ਬਰਗਾੜੀ ਕਾਂਡ ਜਿਹੇ ਮੁੱਦਿਆਂ ‘ਤੇ ਉਹ ਕੁਝ ਨਹੀਂ ਬੋਲੇ।” ਉਨ੍ਹਾਂ ਕਿਹਾ ਕਿ ਖਣਨ, ਭੂਮੀ, ਕੇਬਲ, ਸ਼ਰਾਬ ਆਦਿ ਮਾਫੀਏ ਕਰਕੇ ਸਰਕਾਰ ਦੇ ਬਦਨਾਮ ਹੋਣ ਬਾਰੇ ਵੀ ਉਨ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਸੁਚੇਤ ਕੀਤਾ ਸੀ ਪਰ ਇਨ੍ਹਾਂ ਗੱਲਾਂ ਵੱਲ ਧਿਆਨ ਨਹੀਂ ਦਿੱਤਾ ਗਿਆ। ਆਪਣੇ ਸੰਘਰਸ਼ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲਾਂ ਨੇ ਅਕਾਲ ਤਖ਼ਤ ਸਾਹਿਬ ਤੱਕ ਨੂੰ ਆਪਣੀ ਮੁੱਠੀ ਵਿਚ ਕੀਤਾ ਹੋਇਆ ਹੈ। ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕੀਤੇ ਜਾਣ ‘ਤੇ ਬ੍ਰਹਮਪੁਰਾ ਨੇ ਕਿਹਾ ਕਿ ਜੇਕਰ ਉਹ ਖੁਦ ਬਾਦਲ ਦੀ ਥਾਂ ‘ਤੇ ਮੁੱਖ ਮੰਤਰੀ ਹੁੰਦੇ ਤਾਂ ਅਜਿਹਾ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦਿੰਦੇ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਸਾਥ ਛੱਡ ਦੇਣ ਦਾ ਦਾਅਵਾ ਕਰਨ ਵਾਲੇ ਕਈ ਆਗੂਆਂ ਨੂੰ ਬ੍ਰਹਮਪੁਰਾ ਨੇ ਸੰਗਤ ਸਾਹਮਣੇ ਪੇਸ਼ ਕੀਤਾ। ਬ੍ਰਹਮਪੁਰਾ ਨੇ ਵਿਰੋਧੀਆਂ ‘ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਜਿਹੜੇ ਉਨ੍ਹਾਂ ਦੇ ਨਹੀਂ ਬਣੇ, ਉਹ ਪਾਰਟੀ ਦੇ ਕਿਵੇਂ ਬਣਨਗੇ। ਇਸ ਮੌਕੇ ਉਨ੍ਹਾਂ ਦੇ ਲੜਕੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਪ੍ਰੇਮ ਸਿੰਘ ਗੋਇੰਦਵਾਲ, ਕੈਪਟਨ ਸਰਵਣ ਸਿੰਘ, ਗੋਪਾਲ ਸਿੰਘ ਜਾਣੀਆਂ, ਹਰਭਜਨ ਸਿੰਘ ਜਵੰਦਪੁਰ, ਸਾਬਕਾ ਡੀਐਸਪੀ ਰਤਨ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਅਸਤੀਫੇ ਤੋਂ ਬਾਅਦ ਟੀਮ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਮੰਗੇ ਮਾਫੀ
ਬ੍ਰਹਮਪੁਰਾ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਨੀਂਹ ਕਈ ਸ਼ਹੀਦਾਂ ਨੇ ਆਪਣਾ ਖੂਨ ਦੇ ਕੇ ਰੱਖੀ ਹੈ, ਪਰ ਸਿਰਫ ਚੋਰ ਉਚੱਕਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ।
ਕੁਰਬਾਨੀ ਦੇਣ ਵਾਲੇ ਪੁਰਾਣੇ ਨੇਤਾਵਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਉਨ੍ਹਾਂ ਨੂੰ ਕੋਈ ਨਰਾਜ਼ਗੀ ਨਹੀਂ ਹੈ। ਉਹ ਬਸ ਏਨਾ ਚਾਹੁੰਦੇ ਹਨ ਕਿ ਪਾਰਟੀ ਦਾ ਨੁਕਸਾਨ ਕਰਨ ਵਾਲੇ ਸੁਖਬੀਰ ਅਤੇ ਮਜੀਠੀਆ ਆਪਣਾ ਅਸਤੀਫਾ ਦੇਣ ਅਤੇ ਇਸ ਤੋਂ ਬਾਅਦ ਅਕਾਲੀ ਦਲ ਦੀ ਟੀਮ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋ ਕੇ ਮਾਫੀ ਮੰਗ ਲਵੇ।
ਪੀਲੀ ਝੰਡੀਆਂ ‘ਚੋਂ ਪਾਰਟੀ ਦਾ ਚਿੰਨ੍ਹ ਗਾਇਬ
ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਚਾਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀਆਂ ਰਵਾਇਤੀ ਪੀਲੀਆਂ ਝੰਡੀਆਂ ਲਹਿਰਾ ਰਹੀਆਂ ਸਨ, ਪਰ ਉਨ੍ਹਾਂ ਵਿਚ ਹੁਣ ਬਦਲਾਅ ਸੀ। ਉਨ੍ਹਾਂ ਝੰਡੀਆਂ ਵਿਚੋਂ ਪਾਰਟੀ ਦਾ ਰਵਾਇਤੀ ਚਿੰਨ੍ਹ ਤੱਕੜੀ ਗਾਇਬ ਸੀ। ਚਿੰਨ੍ਹ ਦੀ ਜਗ੍ਹਾ ‘ਤੇ ਪੰਥ ਦੀ ਜਿੱਤ ਦੇ ਨਾਮ ਦੀ ਮੋਹਰ ਲੱਗੀ ਹੋਈ ਸੀ।
ਡੀਜੀਪੀ ਜਿਸ ਤੋਂ ਡਰਦੇ ਨੇ ਅਫ਼ਸਰ ਤੇ ਮੁਲਾਜ਼ਮ
ਪੰਜਾਬ ਪੁਲਿਸ ‘ਚ ਇਕ ਡੀਜੀਪੀ ਅਜਿਹੇ ਵੀ ਹਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਖਤ ਮੰਨਿਆ ਜਾਂਦਾ ਹੈ। ਪੰਜਾਬ ਪੁਲਿਸ ਦੇ ਹਰ ਵਿੰਗ ਦੇ ਅਫ਼ਸਰ ਅਤੇ ਕਰਮਚਾਰੀ ਅਰਦਾਸ ਕਰਦੇ ਹਨ ਕਿ ਇਹ ਡੀਜੀਪੀ ਬਦਲ ਕੇ ਕਿਤੇ ਉਨ੍ਹਾਂ ਦੇ ਵਿੰਗ ‘ਚ ਨਾ ਆ ਜਾਵੇ। ਜਿਸ ਤਰ੍ਹਾਂ ਹੀ ਪੰਜਾਬ ਪੁਲਿਸ ‘ਚ ਅਫ਼ਸਰਾਂ ਨੂੰ ਟਰਾਂਸਫਰ ਦੇ ਬਾਰੇ ‘ਚ ਸੂਚਨਾ ਆਉਂਦੀ ਹੈ ਤਾਂ ਕਰਮਚਾਰੀ ਸਭ ਤੋਂ ਪਹਿਲਾਂ ਇਹੀ ਪੁੱਛਦੇ ਹਨ ਕਿ ਉਹ ਡੀਜੀਪੀ ਕਿਸ ਵਿੰਗ ‘ਚ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਜਿੱਥੇ ਵੀ ਇਹ ਡੀਜੀਪੀ ਟਰਾਂਸਫਰ ਹੋ ਕੇ ਜਾਂਦੇ ਹਨ, ਉਸ ਵਿੰਗ ‘ਚ ਖਲਬਲੀ ਮਚ ਦਿੰਦੇ ਹਨ। ਛੋਟੀ ਜਿਹੀ ਗਲਤੀ ‘ਤੇ ਕਿਸੇ ਵੀ ਅਫ਼ਸਰ ਜਾਂ ਕਰਮਚਾਰੀ ਦੀ ਬਦਲੀ ਦੂਰ ਦੇ ਸਟੇਸ਼ਨ ‘ਤੇ ਕਰ ਦਿੰਦੇ ਹਨ। ਉਸ ਤੋਂ ਬਾਅਦ ਉਹ ਕਰਮਚਾਰੀ ਉਨ੍ਹਾਂ ਦੀਆਂ ਕਿੰਨੀਆਂ ਵੀ ਮਿੰਨਤਾਂ ਕਰ ਲਵੇ, ਚਾਹੇ ਰਾਜਨੀਤਿਕ ਦਬਾਅ ਪੁਆਏ ਉਹ ਤਾਂ ਵੀ ਨਹੀਂ ਮੰਨਦੇ।
ਖਹਿਰਾ ਦੇ ਸਸਪੈਂਡ ਹੋਣ ਤੋਂ ਚੀਮਾ ਧੜਾ ਖੁਸ਼
ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਪਹਿਲਾਂ ਚੰਡੀਗੜ੍ਹ ਦੌਰੇ ਦੇ ਦੌਰਾਨ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਨੂੰ ਇਗਨੋਰ ਕੀਤਾ ਅਤੇ ਅਗਲੇ ਹੀ ਦਿਨ ਖਹਿਰਾ ਅਤੇ ਕੰਵਰ ਸੰਧੂ ਪਾਰਟੀ ਤੋਂ ਸਸਪੈਂਡ ਕਰ ਦਿੱਤਾ। ਅਜਿਹੇ ‘ਚ ਪਾਰਟੀ ਦਾ ਦੂਜਾ ਧੜਾ ਹਰਪਾਲ ਚੀਮਾ ਖੁਸ਼ ਹੋ ਗਿਆ ਹੈ। ਚੀਮਾ ਗੁੱਟ ਖਹਿਰਾ ਨੂੰ ਸਸਪੈਂਡ ਕੀਤੇ ਜਾਣ ਤੋਂ ਇੰਨਾ ਖੁਸ਼ ਹੈ ਕਿ ਇਸ ਬਾਰੇ ‘ਚ ਕੋਈ ਕੁਮੈਂਟ ਵੀ ਨਹੀਂ ਦੇ ਰਿਹਾ। ਹਾਲਾਂਕਿ ਇਸ ਤੋਂ ਪਹਿਲਾਂ ਖਹਿਰਾ ਵੱਲੋਂ ਕੋਈ ਵੀ ਬਿਆਨ ਦਿੱਤੇ ਜਾਣ ਤੋਂ ਬਾਅਦ ਚੀਮਾ ਗੁੱਟ ਘਬਰਾ ਜਾਂਦਾ ਸੀ ਅਤੇ ਮੀਡੀਆ ਨੂੰ ਆਪਣਾ ਕੁਮੈਂਟ ਦੇਣ ਲਈ ਉਨ੍ਹਾਂ ‘ਚ ਹੋੜ ਲਗ ਜਾਂਦੀ ਸੀ। ਹੁਣ ਉਹ ਇਸ ਗੱਲ ਤੋਂ ਸੰਤੁਸ਼ਟ ਹਨ ਕਿ ਕੇਜਰੀਵਾਲ ਨੇ ਖਹਿਰਾ ਨੂੰ ਕੋਈ ਤਵੱਜੋਂ ਨਹੀਂ ਦਿੱਤੀ।
ਗਿਫਟ ਲਿਆਉਣ ਵਾਲੇ ਨਾਲ ਨਾਰਾਜ਼ ਹੋ ਜਾਂਦੇ ਨੇ ਮੰਤਰੀ
ਪੰਜਾਬ ‘ਚ ਇਕ ਅਜਿਹੇ ਮੰਤਰੀ ਵੀ ਹਨ, ਜੋ ਜਨਤਾ ਦੇ ਕੰਮ ਤਾਂ ਕਰਦੇ ਹਨ ਪ੍ਰੰਤੂ ਕੰਮ ਕਰਵਾਉਣ ਤੋਂ ਬਾਅਦ ਜਦੋਂ ਲੋਕ ਉਨ੍ਹਾਂ ਦੇ ਕੋਲ ਕੋਈ ਗਿਫ਼ਟ ਆਦਿ ਲੈ ਕੇ ਆਉਂਦੇ ਹਨ ਤਾਂ ਉਹ ਉਨ੍ਹਾਂ ਨਾਲ ਨਾਰਾਜ਼ ਹੋ ਜਾਂਦੇ ਹਨ। ਲੰਘੇ ਦਿਨੀਂ ਬਲਵੀਰ ਸਿੱਧੂ ਦੇ ਦਫ਼ਤਰ ‘ਚ ਕਈ ਲੋਕ ਬੈਠੇ ਸਨ ਅਤੇ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਚੱਲ ਰਹੀ ਸੀ। ਇਸ ਦੌਰਾਨ ਇਕ ਵਿਅਕਤੀ ਉਨ੍ਹਾਂ ਦੇ ਕੋਲ ਆਇਆ, ਜਿਸ ਦਾ ਕੋਈ ਕੰਮ ਉਸ ਮੰਤਰੀ ਨੇ ਕਰਵਾਇਆ ਸੀ। ਉਹ ਵਿਅਕਤੀ ਮੰਤਰੀ ਦੇ ਲਈ ਕੋਈ ਗਿਫਟ ਲੈ ਕੇ ਆਇਆ ਸੀ। ਜਦੋਂ ਮੰਤਰੀ ਨੂੰ ਪਤਾ ਲੱਗਿਆ ਕਿ ਉਹ ਵਿਅਕਤੀ ਕੰਮ ਦੇ ਬਲਦੇ ਉਨ੍ਹਾਂ ਲਈ ਗਿਫਟ ਲਿਆਇਆ ਹੈ ਤਾਂ ਉਹ ਭੜਕ ਉਠੇ। ਉਨ੍ਹਾਂ ਨੇ ਸਾਰੇ ਲੋਕਾਂ ਦੇ ਸਾਹਮਣੇ ਉਸ ਵਿਅਕਤੀ ਨੂੰ ਡਾਂਟਿਆ ਅਤੇ ਆਪਣੇ ਅਧਿਕਾਰੀਆਂ ਨੂੰ ਬੁਲਾ ਕੇ ਕਿਹਾ ਕਿ ਅੱਜ ਤੋਂ ਬਾਅਦ ਜੇਕਰ ਕੋਈ ਵਿਅਕਤੀ ਉਨ੍ਹਾਂ ਦੇ ਲਈ ਗਿਫ਼ਟ ਲਿਆਉਂਦਾ ਹੈ ਤਾਂ ਉਸ ਵਿਅਕਤੀ ਦਾ ਕੋਈ ਕੰਮ ਨਹੀਂ ਹੋਵੇਗਾ।

RELATED ARTICLES
POPULAR POSTS