ਕਈ ਸੀਨੀਅਰ ਕਾਂਗਰਸੀ ਆਗੂ ਵੀ ਪਰਿਵਾਰਾਂ ਸਣੇ ਸਨ ਮੌਜੂਦ, ਪੱਤਰਕਾਰਾਂ ਤੋਂ ਅੱਖ ਬਚਾ ਕੇ ਖਿਸਕੇ ਕੈਪਟਨ
ਜ਼ੀਰਕਪੁਰ/ਬਿਊਰੋ ਨਿਊਜ਼
ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਤੇ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਦਾ ਜ਼ੀਰਕਪੁਰ ਦੇ ਇਕ ਪੰਜ-ਤਾਰਾ ਹੋਟਲ ਵਿੱਚ ਡਿਨਰ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਮੀਡੀਆ ਵਿੱਚ ਇਹ ਗੱਲ ਆਉਣ ‘ਤੇ ਵੱਡੀ ਗਿਣਤੀ ਵਿਚ ਪੱਤਰਕਾਰ ਚੰਡੀਗੜ੍ਹ ਦੀ ਹੱਦ ਨੇੜੇ ਪੈਂਦੇ ਪੰਜ ਤਾਰਾ ਹੋਟਲ ਰਮਾਡਾ ਦੇ ਬਾਹਰ ਇਕੱਠੇ ਹੋ ਗਏ। ਜਿਉਂ ਹੀ ਕੈਪਟਨ ਦੇ ਨੇੜਲਿਆਂ ਨੂੰ ਮੀਡੀਆ ਦੇ ਜਮਾਵੜੇ ਦੀ ਭਿਣਕ ਲੱਗੀ ਤਾਂ ਰਾਤ ਕਰੀਬ 11 ਵਜੇ ਕੈਪਟਨ ਅਮਰਿੰਦਰ ਸਿੰਘ ਸੂਬਾ ਪੱਧਰੀ ਕਾਂਗਰਸੀ ਆਗੂਆਂ ਨਾਲ ਹੋਟਲ ਤੋਂ ਬਾਹਰ ਆ ਗਏ। ਦੂਜੇ ਪਾਸੇ ਕੈਪਟਨ ਦੇ ਡਿਨਰ ਬਾਰੇ ਸੂਬਾ ਪੱਧਰ ਦੇ ਕੁਝ ਅਕਾਲੀ ਆਗੂ ਵੀ ਲਗਾਤਾਰ ਪੱਤਰਕਾਰਾਂ ਨੂੰ ਫੋਨ ਕਰ ਕੇ ਜਾਣਕਾਰੀ ਦੇਣ ਤੋਂ ਇਲਾਵਾ ਖ਼ਬਰ ਪ੍ਰਕਾਸ਼ਿਤ ਕਰਨ ਲਈ ਉਕਸਾਉਂਦੇ ਰਹੇ।
ਇਹ ਪੱਤਰਕਾਰ ਜਦੋਂ ਜਾਣਕਾਰੀ ਮਿਲਣ ‘ਤੇ ਹੋਟਲ ਪਹੁੰਚਿਆ ਤਾਂ ਹੋਟਲ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣ ਕਾਰਨ ਕਿਸੇ ਨੂੰ ਵੀ ਉਪਰ ਨਹੀਂ ਜਾਣ ਦਿੱਤਾ ਜਾ ਰਿਹਾ ਸੀ। ਉਪਰ ਕੁਝ ਸੀਨੀਅਰ ਕਾਂਗਰਸੀ ਆਗੂ ਤੇ ਉਨ੍ਹਾਂ ਦੇ ਪਰਿਵਾਰ ਨਾਲ ਕੈਪਟਨ ਅਮਰਿੰਦਰ ਸਿੰਘ ਡਿਨਰ ਕਰ ਰਹੇ ਸਨ। ਸੂਤਰਾਂ ਮੁਤਾਬਕ ਰਾਤ ਸਾਢੇ ਅੱਠ ਵਜੇ ਕੈਪਟਨ ਅਮਰਿੰਦਰ ਸਿੰਘ ਹੋਟਲ ਵਿਖੇ ਦਾਖਲ ਹੋਏ, ਜਦਕਿ ਅਰੂਸਾ ਪਹਿਲਾਂ ਹੀ ਉਥੇ ਮੌਜੂਦ ਸੀ। ਰੌਲਾ ਪੈਣ ‘ਤੇ ਕੈਪਟਨ ਅਮਰਿੰਦਰ ਸਿੰਘ ਕਰੀਬ 11 ਵਜੇ ਹੋਟਲ ਤੋਂ ਚਲੇ ਗਏ, ਜਦਕਿ ਅਰੂਸਾ ਆਲਮ ਇੱਕ ਕਮਰੇ ਵਿੱਚ ਆਰਾਮ ਕਰ ਰਹੀ ਸੀ। ਕੈਪਟਨ ਨਾਲ ਗਾਇਕ ਹੰਸ ਰਾਜ ਹੰਸ, ਕਾਂਗਰਸ ਦੇ ਸੀਨੀਅਰ ਆਗੂ ਲਾਲ ਸਿੰਘ, ਕੇਵਲ ਸਿੰਘ ਢਿੱਲੋਂ, ਰਾਣਾ ਗੁਰਜੀਤ ਸੋਢੀ ਸਣੇ ਹੋਰ ਆਗੂ ਆਪਣੇ ਪਰਿਵਾਰਾਂ ਸਮੇਤ ਮੌਜੂਦ ਸਨ। ઠਇਸ ਬਾਰੇ ਜਦ ਕੈਪਟਨ ਅਮਰਿੰਦਰ ਸਿੰਘ ਦੇ ਨੇੜਲਿਆਂ ਨਾਲ ਗੱਲ ਕੀਤੀ ਤਾਂ ਉਹ ਅਰੂਸਾ ਦੀ ਮੌਜੂਦਗੀ ਤੋਂ ਸਾਫ ਮੁੱਕਰ ਗਏ ਜਦਕਿ ਇਸ ਪੱਤਰਕਾਰ ਵੱਲੋਂ ਹੋਟਲ ਵਿੱਚ ਅਰੂਸਾ ਆਲਮ ਨੂੰ ਵੇਖਿਆ ਗਿਆ। ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਇਸ ਗੱਲ ਦੀ ਘੋਖ ਵਿੱਚ ਲੱਗੇ ਹੋਏ ਸਨ ਕਿ ਮੀਡੀਆ ਨੂੰ ਇਸਦੀ ਭਿਣਕ ਕਿੱਥੋਂ ਲੱਗ ਗਈ। ਗ਼ੌਰਤਲਬ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਮਹਿਲਾ ਪੱਤਰਕਾਰ ਅਰੂਸਾ ਆਲਮ ਨਾਲ ਦੋਸਤੀ ਸ਼ੁਰੂ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਉਨ੍ਹਾਂ ਦੇ ਵਿਰੋਧੀ ਇਸ ਨੂੰ ਸਿਆਸੀ ਮੁੱਦਾ ਬਣਾਉਂਦੇ ਆਏ ਹਨ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …