ਰਾਜ ਪੱਧਰੀ ਧਰਨੇ ਵਿਚ ਹੱਥੋਪਾਈ ਹੋਏ ਕਾਂਗਰਸੀ ਅਤੇ ਲੱਥੀਆਂ ਪੱਗਾਂ, ਸੇਵਾ ਦਲ ਦੇ ਜ਼ਿਲ੍ਹਾ ਮੁਖੀ ਨੂੰ ਵਿਧਾਇਕ ਰੰਧਾਵਾ ਨੇ ਮਾਰੀਆਂ ਚਪੇੜਾਂ
ਦੀਨਾਨਗਰ/ਬਿਊਰੋ ਨਿਊਜ਼ : ਕਿਸਾਨਾਂ ਦੇ ਹੱਕ ‘ਚ ਧਰਨਾ ਲਗਾ ਕੇ ਅਕਾਲੀ ਦਲ ਦਾ ਜਲੂਸ ਕੱਢਣ ਤੁਰੇ ਕਾਂਗਰਸੀ ਉਸ ਵੇਲੇ ਖ਼ੁਦ ਤਮਾਸ਼ਾ ਬਣ ਗਏ ਜਦੋਂ ਸਟੇਜ ‘ਤੇ ਬੈਠਣ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਡੇਰਾ ਬਾਬਾ ਨਾਨਕ ਦੇ ਵਿਧਾਇਕ ਤੇ ਪ੍ਰਦੇਸ਼ ਕਾਂਗਰਸ ਦੇ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪਠਾਨਕੋਟ ਮੁਖੀ ਆਈਐਸ ਗੁਲਾਟੀ ਦੇ ਸ਼ਰ੍ਹੇਆਮ ਚਪੇੜਾਂ ਮਾਰ ਦਿੱਤੀਆਂ। ਇਸੇ ਦੌਰਾਨ ਜਦੋਂ ਗੁਲਾਟੀ ਨੇ ਰੰਧਾਵਾ ‘ਤੇ ਹੱਥ ਚੁੱਕਿਆ ਤਾਂ ਉਨ੍ਹਾਂ ਦੇ ઠਸਮਰਥਕਾਂ ਨੇ ਧੱਕਾ ਮਾਰ ਕੇ ਗੁਲਾਟੀ ਨੂੰ ਜ਼ਮੀਨ ‘ਤੇ ਸੁੱਟ ਦਿੱਤਾ ਤੇ ਜ਼ਬਰਦਸਤੀ ਪੰਡਾਲ ਤੋਂ ਬਾਹਰ ਕੱਢਣ ਲੱਗੇ। ਇਸ ਮੌਕੇ ਗੁੱਸੇ ਵਿੱਚ ਆਏ ਗੁਲਾਟੀ ਤੇ ਉਨ੍ਹਾਂ ਨਾਲ ਆਈਆਂ ਸੇਵਾ ਦਲ ਦੀਆਂ ਮਹਿਲਾ ਵਰਕਰਾਂ ਨੇ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਨ੍ਹਾਂ ਨੂੰ ਪਾਰਟੀ ਦਾ ਗੱਦਾਰ ਤੱਕ ਆਖ਼ ਦਿੱਤਾ। ਇਸੇ ਦੌਰਾਨ ਪੰਡਾਲ ਦੇ ਬਾਹਰ ਜਾ ਕੇ ਜਦੋਂ ਗੁਲਾਟੀ ਉੱਚੀ-ਉੱਚੀ ਨਾਅਰੇ ਮਾਰਨ ਲੱਗੇ ਤਾਂ ਵਿਧਾਇਕ ਦੇ ਬੰਦਿਆਂ ਨੇ ਉਨ੍ਹਾਂ ਨੂੰ ਸੜਕ ‘ਤੇ ਧੂਹ ਕੇ ਜੁੱਤੀਆਂ ਤੇ ਘਸੁੰਨਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਵਿਧਾਇਕ ਦੇ ਕਥਿਤ ਸਮਰਥਕਾਂ ਨੇ ਮੀਡੀਆ ਦੀ ਪ੍ਰਵਾਹ ਕੀਤੇ ਬਿਨਾਂ ਸੇਵਾ ਦਲ ਦੀਆਂ ਔਰਤ ਵਰਕਰਾਂ ਨਾਲ ਵੀ ਧੱਕਾ ਮੁੱਕੀ ਕੀਤੀ ਤੇ ਮੰਦੀ ਭਾਸ਼ਾ ਵਰਤੀ।
ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨਾਂ ਨੂੰ ਗੰਨੇ ਦੀ ਰਕਮ ਦਾ ਬਕਾਇਆ ਨਾ ਮਿਲਣ ਕਾਰਨ ਪ੍ਰਦੇਸ਼ ਕਾਂਗਰਸ ਵੱਲੋਂ ਪੂਰੇ ਪੰਜਾਬ ਦੀਆਂ ਖੰਡ ਮਿੱਲਾਂ ਅੱਗੇ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਹੈ। ਜਿਸ ਤਹਿਤ ਪਹਿਲਾ ਧਰਨਾ ਪਨਿਆੜ ਖੰਡ ਮਿੱਲ ਅੱਗੇ ਦਿੱਤਾ ਜਾ ਰਿਹਾ ਸੀ। ਧਰਨੇ ਵਿੱਚ ਪ੍ਰਦੇਸ਼ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਆਉਣ ਦੀ ਉਡੀਕ ਕੀਤੀ ਜਾ ਰਹੀ ਸੀ। ਇਸੇ ਦੌਰਾਨ ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪਠਾਨਕੋਟ ਚੀਫ਼ ਆਈਐਸ ਗੁਲਾਟੀ ਜਦੋਂ ਆਪਣੇ ਸਾਥੀਆਂ ਨਾਲ ਸਟੇਜ ਵਾਲੇ ਪਾਸੇ ਆ ਕੇ ਬੈਠਣ ਲੱਗੇ ਤਾਂ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਨਿਭਾ ਰਹੇ ਵਿਧਾਇਕ ਰੰਧਾਵਾ ਨੇ ਉਨ੍ਹਾਂ ਨੂੰ ਆਮ ਲੋਕਾਂ ਵਿੱਚ ਜਾ ਕੇ ਬੈਠਣ ਨੂੰ ਕਿਹਾ, ਜਿਸ ਨੂੰ ਗੁਲਾਟੀ ਨੇ ਨਹੀਂ ਮੰਨਿਆ ਤੇ ਦੋਹਾਂ ਵਿਚਾਲੇ ਤੂੰ-ਤੂੰ ਮੈਂ-ਮੈਂ ਹੋ ਗਈ। ਇਸੇ ਦੌਰਾਨ ਤੈਸ਼ ਵਿੱਚ ਆਏ ਰੰਧਾਵਾ ਨੇ ਗੁਲਾਟੀ ਦੇ ਚਪੇੜਾਂ ਜੜ ਦਿੱਤੀਆਂ। ਧਰਨੇ ਦੌਰਾਨ ਵਾਪਰੀ ਇਸ ਘਟਨਾ ਨੂੰ ਮੀਡੀਆ ਦੀਆਂ ਨਜ਼ਰਾਂ ਤੋਂ ਬਚਾਉਣ ਤੇ ਦੋਹਾਂ ਧਿਰਾਂ ਨੂੰ ਸ਼ਾਂਤ ਕਰਨ ਲਈ ਕੁਝ ਸੀਨੀਅਰ ਆਗੂਆਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਵਿਧਾਇਕ ਦੇ ਬੰਦਿਆਂ ਵੱਲੋਂ ਸੜਕ ‘ਤੇ ਜਾ ਕੇ ਗੁਲਾਟੀ ਦੀ ਦੂਸਰੀ ਵਾਰ ਕੀਤੀ ਗਈ ਕੁੱਟਮਾਰ ਨੇ ਮਾਮਲਾ ਹੋਰ ਵਿਗਾੜ ਦਿੱਤਾ। ਹੈਰਾਨੀ ਦੀ ਗੱਲ ਹੈ ਕਿ ਜਦੋਂ ਦੂਜੀ ਵਾਰ ਕੁੱਟਮਾਰ ਹੋ ਰਹੀ ਸੀ ਤਾਂ ਧਰਨੇ ਨੂੰ ਮਨਪ੍ਰੀਤ ਸਿੰਘ ਬਾਦਲ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਗੁਲਾਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਕੋਲੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਾਰਟੀ ‘ਚੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਤੇ ਚੇਤਾਵਨੀ ਦਿੱਤੀ ਕਿ ਜੇ ਅਜਿਹਾ ਨਾ ਕੀਤਾ ਗਿਆ ਤਾਂ ਸੇਵਾ ਦਲ ਪੰਜਾਬ ਦੀਆਂ ਸਾਰੀਆਂ ਇਕਾਈਆਂ ਕਾਂਗਰਸ ਪਾਰਟੀ ਦਾ ਜ਼ਬਰਦਸਤ ਵਿਰੋਧ ਕਰਨਗੀਆਂ। ਧੱਕਾਮੁੱਕੀ ਦਾ ਸ਼ਿਕਾਰ ਹੋਈਆਂ ਔਰਤਾਂ ‘ਚੋਂ ਸੇਵਾ ਦਲ ਦੀ ਬਲਾਕ ਪ੍ਰਧਾਨ ਰਿਤੂ ਮਹਿਰਾ ਨੇ ਦੋਸ਼ ਲਾਇਆ ਕਿ ਵਿਧਾਇਕ ਦੇ ਬੰਦਿਆਂ ਵੱਲੋਂ ਗੁਲਾਟੀ ਨੂੰ ਛੁਡਵਾਉਣ ਮੌਕੇ ਉਨ੍ਹਾਂ ਦੇ ਵੀ ਜੁੱਤੀਆਂ ਮਾਰੀਆਂ ਗਈਆਂ ਤੇ ਧੱਕੇ ਮਾਰੇ ਗਏ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …