ਕੌਮਾਂਤਰੀ ਸੀਮਾ ਦੇ 15 ਕਿਲੋਮੀਟਰ ਘੇਰੇ ਵਿੱਚ ਮੱਕੀ ਦੀ ਕਾਸ਼ਤ ਦਾ ਟੀਚਾ ਮਿੱਥਿਆ
ਬਠਿੰਡਾ/ਬਿਊਰੋ ਨਿਊਜ਼ : ਪਾਕਿਸਤਾਨ ਦਾ ਚਿੱਟਾ ਮੱਛਰ ਪੰਜਾਬ ਵਿੱਚ ਨਰਮੇ ਦੀ ਫ਼ਸਲ ਲਈ ਖ਼ਤਰੇ ਦੀ ਘੰਟੀ ਬਣ ਗਿਆ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਨਵਾਂ ਪੈਂਤੜਾ ਅਪਣਾਇਆ ਹੈ। ਖੇਤੀਬਾੜੀ ਵਿਭਾਗ ਨੇ ਕੌਮਾਂਤਰੀ ਸੀਮਾ ਦੇ 15 ਕਿਲੋਮੀਟਰ ਦੇ ਘੇਰੇ ਵਿੱਚ ਮੱਕੀ ਦੀ ਕਾਸ਼ਤ ਦਾ ਟੀਚਾ ਮਿੱਥਿਆ ਹੈ ਤਾਂ ਜੋ ਪਾਕਿਸਤਾਨ ਵਿਚੋਂ ਆਉਣ ਵਾਲੇ ਚਿੱਟੇ ਮੱਛਰ ਦਾ ਰਾਹ ਰੋਕਿਆ ਜਾ ਸਕੇ।ਜਾਣਕਾਰੀ ਅਨੁਸਾਰ ਮੁਢਲੇ ਪੜਾਅ ਵਿਚ ਸਰਹੱਦੀ ਕਿਸਾਨਾਂ ਨੂੰ ਦੇਸੀ ਕਪਾਹ ਦੀ ਬਿਜਾਈ ਕਰਨ ਵਾਸਤੇ ਆਖਿਆ ਗਿਆ ਸੀ ਪਰ ਕਿਸਾਨਾਂ ਨੇ ਸਿਰਫ਼ 2 ਫ਼ੀਸਦੀ ਰਕਬੇ ਵਿੱਚ ਦੇਸੀ ਕਪਾਹ ਦੀ ਕਾਸ਼ਤ ਕੀਤੀ। ઠਖੇਤੀ ਵਿਭਾਗ ਨੇ ਫ਼ਾਜ਼ਿਲਕਾ ਦੇ ਕੌਮਾਂਤਰੀ ਸੀਮਾ ਵਾਲੇ ਪੰਜ ਹਜ਼ਾਰ ਏਕੜ ਰਕਬੇ ਵਿੱਚ ਮੱਕੀ ਦੀ ਬਿਜਾਈ ਕਰਾਉਣ ਦਾ ਫ਼ੈਸਲਾ ਕੀਤਾ ਹੈ। ਵਿਭਾਗ ਨੇ ਹੁਣ ਚਿੱਟੇ ਮੱਛਰ ਦੇ ਡਰੋਂ ਫ਼ਾਜ਼ਿਲਕਾ, ਮੁਕਤਸਰ ਤੇ ਫ਼ਰੀਦਕੋਟ ਜ਼ਿਲ੍ਹੇ ਦੇ ਖੇਤਰ ਨੂੰ ਵਿਸ਼ੇਸ਼ ਮੱਕੀ ਜ਼ੋਨ ਵਾਂਗ ਰੱਖ ਲਿਆ ਹੈ। ਤਿੰਨੋਂ ਜ਼ਿਲ੍ਹਿਆਂ ਵਿੱਚ 6250 ਏਕੜ ਰਕਬੇ ‘ਚ ਮੱਕੀ ਦੀ ਬਿਜਾਈ ਕੀਤੀ ਜਾਣੀ ਹੈ। ਸਰਹੱਦੀ ਕਿਸਾਨਾਂ ਨੂੰ ਮੱਕੀ ਦੇ ਬੀਜ ‘ਤੇ ਸਬਸਿਡੀ ਦਿੱਤੀ ਜਾਣੀ ਹੈ ਅਤੇ ਕੀਟਨਾਸ਼ਕ ਦਵਾਈਆਂ ‘ਤੇ ਪੰਜਾਹ ਫ਼ੀਸਦੀ ਸਬਸਿਡੀ ਦਿੱਤੀ ਜਾਵੇਗੀ। ਖੇਤੀ ਮਾਹਿਰ ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਸੀ ਕਿ ਮੱਕੀ ਦੀ ਬਿਜਾਈ ਲਈ ਜੂਨ ਮਹੀਨਾ ਢੁੱਕਵਾਂ ਹੈ ਅਤੇ ਚਿੱਟਾ ਮੱਛਰ ਰੋਕਣ ਲਈ ਇਹ ਪੈਂਤੜਾ ਕਾਰਗਰ ਸਾਬਿਤ ਹੋਵੇਗਾ। ਪੀਏਯੂ ਦੇ ਉਪ ਕੁਲਪਤੀ ਵੱਲੋਂ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ ਅਤੇ ਉਨ੍ਹਾਂ ਨੇ ਦੋ ਤਿੰਨ ਖੇਤਾਂ ਵਿੱਚ ਚਿੱਟੇ ਮੱਛਰ ਦਾ ਹਮਲਾ ਜ਼ਿਆਦਾ ਦੇਖਿਆ। ਮੁਕਤਸਰ ਜ਼ਿਲ੍ਹੇ ਦੇ ਇੱਕ ਹਜ਼ਾਰ ਅਤੇ ਫ਼ਰੀਦਕੋਟ ਜ਼ਿਲ੍ਹੇ ਦੇ 250 ਏਕੜ ਰਕਬੇ ਵਿੱਚ ਮੱਕੀ ਦੀ ਬਿਜਾਈ ਦਾ ਟੀਚਾ ਮਿੱਥਿਆ ਗਿਆ ਹੈ। ਉਧਰ ਨਰਮਾ ਪੱਟੀ ਵਿੱਚ ਚਿੱਟੇ ਮੱਛਰ ਆਉਣ ਕਾਰਨ ਬਹੁਤੇ ਕਿਸਾਨਾਂ ਨੇ ਫ਼ਸਲ ‘ਤੇ ਸੁਹਾਗਾ ਫੇਰਨ ਦੀ ਤਿਆਰੀ ਖਿੱਚ ਲਈ ਹੈ। ਉਪਰੋਂ ਨਵੇਂ ਕੁਨੈਕਸ਼ਨਾਂ ਦੀ ਉਡੀਕ ਨੇ ਕਿਸਾਨਾਂ ਨੂੰ ਕਿਸੇ ਪਾਸੇ ਦਾ ਨਹੀਂ ਛੱਡਿਆ। ਹਲਕਾ ਲੰਬੀ ਦੇ ਪਿੰਡ ਮਾਨਾ ਦੇ ਕਿਸਾਨ ਲੱਖਾ ਸਿੰਘ ਦਾ ਕਹਿਣਾ ਸੀ ਕਿ ਚਿੱਟਾ ਮੱਛਰ ਹੁਣ ਫਿਰ ਆ ਗਿਆ ਹੈ। ਜਦੋਂ ਕੁਨੈਕਸ਼ਨ ਚਾਲੂ ਹੋ ਗਿਆ, ਨਰਮਾ ਵਾਹ ਦਿਆਂਗੇ। ਸੰਗਤ ਦੇ ਪਿੰਡ ਝੁੰਬਾ ਦੇ ਕਿਸਾਨ ਦੇਵ ਸਿੰਘ ਦੇ ਖੇਤ ਵਿੱਚ ਖੰਭੇ ਤਾਂ ਲੱਗ ਚੁੱਕੇ ਹਨ ਅਤੇ ਤਾਰਾਂ ਪੈਣੀਆਂ ਬਾਕੀ ਹਨ। ਕਿਸਾਨ ਦਾ ਕਹਿਣਾ ਸੀ ਕਿ ਜਦੋਂ ਮੋਟਰ ਚੱਲ ਪਈ ਤਾਂ ਨਰਮਾ ਵਾਹ ਕੇ ਝੋਨਾ ਲਾ ਦਿਆਂਗੇ। ਅਗਾਂਹਵਧੂ ਕਿਸਾਨ ਬਲਦੇਵ ਬਾਜਕ ਨੇ ਆਪਣੇ ਤੌਰ ‘ਤੇ ਸਰਵੇਖਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਪ੍ਰਤੀ ਪੱਤਾ ਇੱਕ ਤੋਂ ਦੋ ਚਿੱਟੇ ਮੱਛਰ ਆ ਚੁੱਕੇ ਹਨ।
ਵੇਰਵਿਆਂ ਅਨੁਸਾਰ ਐਤਕੀਂ ਨਰਮੇ ਤੇ ਕਪਾਹ ਦੀ ਸਿਰਫ਼ 2.51 ਲੱਖ ਹੈਕਟੇਅਰ ਰਕਬੇ ਵਿੱਚ ਬਿਜਾਈ ਹੋਈ ਹੈ। ਪਿੰਡ ઠਜੈ ਸਿੰਘ ਵਾਲਾ ਵਿੱਚ ਬੈਂਗਣਾਂ ਦੇ ਖੇਤ ‘ਤੇ ਚਿੱਟੇ ਮੱਛਰ ਦੀ ਭਰਮਾਰ ਹੈ ਅਤੇ ਹੋਰ ਸਬਜ਼ੀਆਂ ਤੇ ਦਾਲਾਂ ‘ਤੇ ਵੀ ਚਿੱਟੇ ਮੱਛਰ ਦਾ ਹਮਲਾ ਹੋ ਚੁੱਕਿਆ ਹੈ। ਦੱਸਣਯੋਗ ਹੈ ਕਿ ਸਰਕਾਰ ਨੇ ਬਠਿੰਡਾ ਮਾਨਸਾ ਜ਼ਿਲ੍ਹੇ ਨੂੰ 20 ਹਜ਼ਾਰ ਨਵੇਂ ਟਿਊਬਵੈੱਲ ਕੁਨੈਕਸ਼ਨ ਦੇ ਦਿੱਤੇ ਹਨ ਪਰ ਪਾਵਰਕੌਮ ਬਹੁਤੇ ਕੁਨੈਕਸ਼ਨ ਚਾਲੂ ਕਰ ਨਹੀਂ ਸਕੀ ਹੈ। 10 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਜਾਣੀ ਹੈ। ਜਿਹੜੇ ਕਿਸਾਨਾਂ ਨੇ ਕੁਨੈਕਸ਼ਨਾਂ ਦੀ ਝਾਕ ਵਿੱਚ ਜ਼ਮੀਨਾਂ ਖਾਲੀ ਰੱਖੀਆਂ ਹਨ, ਉਨ੍ਹਾਂ ‘ਤੇ ਤਲਵਾਰ ਲਟਕੀ ਹੋਈ ਹੈ। ਖੇਤੀ ਵਿਭਾਗ ਦੇ ਡਾਇਰੈਕਟਰ ਜਸਵੀਰ ਸਿੰਘ ਬੈਂਸ ਦਾ ਕਹਿਣਾ ਸੀ ਕਿ ਪਾਕਿਸਤਾਨ ਤਰਫ਼ੋਂ ਆਉਣ ਵਾਲੇ ਮੱਛਰ ਨੂੰ ਰੋਕਣ ਵਾਸਤੇ ਮੱਕੀ ਦਾ ਬੀਜ ਸਬਸਿਡੀ ‘ਤੇ ਦਿੱਤਾ ਜਾਵੇਗਾ ਤਾਂ ਜੋ ਕੌਮਾਂਤਰੀ ਸੀਮਾ ‘ਤੇ ਮੱਕੀ ਦੀ ਬਿਜਾਈ ਕਰਾਈ ਜਾ ਸਕੇ।
ਨਵੀਂ ਖੋਜ ਦੀ ਲੋੜ: ਖੇਤੀ ਮੰਤਰੀ
ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਸਾਉਣੀ ਦੀਆਂ ਫ਼ਸਲਾਂ ‘ਤੇ ਚਿੱਟਾ ਮੱਛਰ ਆ ਗਿਆ ਹੈ, ਜਿਸ ਤੋਂ ਨਰਮੇ ਨੂੰ ਬਚਾ ਕੇ ਰੱਖਣਾ ਮੁਸ਼ਕਲ ਹੈ। ਉਨ੍ਹਾਂ ਆਖਿਆ ਕਿ ਸਮੇਂ ਸਿਰ ਸਹੀ ਕੀਟਨਾਸ਼ਕਾਂ ਦੀ ਵਰਤੋਂ ਹੀ ਮਦਦਗਾਰ ਹੋ ਸਕਦੀ ਹੈ। ਸਰਕਾਰ ਨੇ ਆਪਣੇ ਵੱਲੋਂ ਸਾਰੇ ਪ੍ਰਬੰਧ ਤੇ ਉਪਰਾਲੇ ਕੀਤੇ ਹਨ। ਉਨ੍ਹਾਂ ਆਖਿਆ ਕਿ ਫ਼ਸਲਾਂ ਨੂੰ ਚਿੱਟੇ ਮੱਛਰ ਦੇ ਹਮਲੇ ਤੋਂ ਬਚਾਉਣ ਲਈ ਨਵੀਂ ਖੋਜ ਦੀ ਲੋੜ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …