ਈਡੀ ਨੇ ਮੋਹਾਲੀ ਕੋਰਟ ਕੇਸ ਕੀਤਾ ਫਾਈਲ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਖਿਲਾਫ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੋਹਾਲੀ ਦੀ ਸਪੈਸ਼ਲ ਕੋਰਟ ’ਚ ਕੇਸ ਫਾਈਲ ਕਰ ਦਿੱਤਾ ਹੈ। ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਜਲੰਧਰ ਈਡੀ ਮਨੀ ਲਾਂਡਰਿੰਗ ਨੂੰ ਲੈ ਕੇ ਜਾਂਚ ਕਰ ਰਹੀ ਸੀ। ਲੰਘੇ ਦਿਨੀਂ ਈਡੀ ਨੇ ਧਰਮਸੋਤ ਅਤੇ ਉਸ ਦੇ ਬੇਟੇ ਦੀ ਲਗਭਗ 4 ਕਰੋੜ 58 ਲੱਖ ਰੁਪਏ ਦੀ ਸੰਪਤੀ ਜਬਤ ਕੀਤੀ ਸੀ। ਹੁਣ ਈਡੀ ਨੇ ਇਸ ਮਾਮਲੇ ’ਚ ਕੇਸ ਫਾਈਲ ਕਰ ਦਿੱਤਾ ਹੈ ਅਤੇ ਜਲਦੀ ਹੀ ਕੋਰਟ ਵੱਲੋਂ ਇਸ ਮਾਮਲੇ ’ਚ ਫੈਸਲਾ ਸੁਣਾਇਆ ਜਾਵੇਗਾ। ਸਾਧੂ ਸਿੰਘ ਧਰਮਸੋਤ 1 ਮਾਰਚ 2016 ਤੋਂ ਲੈ ਕੇ 31 ਮਾਰਚ 2022 ਤੱਕ ਜੰਗਲਾਤ ਮੰਤਰੀ ਰਹੇ ਸਨ। ਮਨੀ ਲਾਂਡਰਿੰਗ ਰੋਕਥਾਮ ਐਕਟ ਦੇ ਤਹਿਤ ਈਡੀ ਦੀ ਜਾਂਚ ’ਚ ਪਾਇਆ ਗਿਆ ਕਿ ਸਾਬਕਾ ਮੰਤਰੀ ਧਰਮਸੋਤ ਨੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਲੰਘੇ ਦਿਨੀਂ ਬਿਆਨ ਜਾਰੀ ਕਰਕੇ ਧਰਮਸੋਤ ਦੀ ਸੰਪਤੀ ਸੀਜ ਕਰਨ ਸਬੰਧੀ ਜਾਣਕਾਰੀ ਦਿੱਤੀ ਸੀ ਅਤੇ ਜਲੰਧਰ ਈਡੀ ਵੱਲੋਂ ਇਹ ਕਾਰਵਾਈ ਕੀਤੀ ਗਈ ਸੀ।