Breaking News
Home / ਪੰਜਾਬ / ਮਹਾਰਾਜੇ’ ਦੀ ਵਿਰਾਸਤ ਉਤੇ ਪੁਲਿਸ ਮਹਿਕਮਾ ਕਾਬਜ਼

ਮਹਾਰਾਜੇ’ ਦੀ ਵਿਰਾਸਤ ਉਤੇ ਪੁਲਿਸ ਮਹਿਕਮਾ ਕਾਬਜ਼

ਮਾਈ ਜੀ ਦੀ ਸਰਾਂ ਤੇ ਸਰਾਏ ਰਾਜਪੁਰਾ ਹੋ ਰਹੇ ਨੇ ਖੰਡਰ
ਵਿਰਾਸਤੀ ਇਮਾਰਤਾਂ ਬਚਾਉਣ ਤੋਂ ਕੇਂਦਰ ਨੇ ਪੱਲਾ ਝਾੜਿਆ
ਪਟਿਆਲਾ : ਸੂਬਾ ਸਰਕਾਰ ਇਤਿਹਾਸਕ ਇਮਾਰਤਾਂ ਵਲੋਂ ਮੁੜ ਸੁਰਜੀਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ‘ਤੇ ਹਕੀਕਤ ਇਹ ਹੈ ਕਿ ‘ਮਹਾਰਾਜੇ’ ਦੀ ਵਿਰਾਸਤ ‘ਤੇ ਵੀ ਪੁਲਿਸ ਨੇ ਨਜਾਇਜ਼ ਕਬਜ਼ੇ ਕਰ ਲਏ ਹਨ। ਜਿਨ੍ਹਾਂ ਦਾ ਕੋਈ ਮਾਲਕੀ ਸਬੂਤ ਨਾ ਹੋਣ ਦੇ ਬਾਵਜੂਦ ਕਈ ਸਾਲਾਂ ਤੋਂ ਪੁਲਿਸ ਕਬਜ਼ੇ ਹੇਠਲੀਆਂ ਇਤਿਹਾਸਕ ਇਮਾਰਤਾਂ ਨੂੰ ਬਚਾਉਣਾ ਤਾਂ ਦੂਰ ਇਨ੍ਹਾਂ ਵੱਲ ਤੱਕਣ ਤੋਂ ਵੀ ਕੇਂਦਰ ਸਰਕਾਰ ਤੱਕ ਨੇ ਪੱਲਾ ਝਾੜ ਲਿਆ ਹੈ। ਜਾਣਕਾਰੀ ਅਨੁਸਾਰ ਰਾਜੇ-ਮਹਾਰਾਜੇ ਦੇ ਵਕਤਾਂ ਦੌਰਾਨ ਬਣੀਆਂ ਇਮਾਰਤਾਂ ਨੂੰ ਸਰਕਾਰ ਨੇ ਆਪਣੇ ਕਬਜ਼ੇ ਵਿਚ ਲੈਂਦਿਆਂ ਇਨ੍ਹਾਂ ਦੀ ਸਾਂਭ ਸੰਭਾਲ ਕੀਤੀ ਤੇ ਸੈਰ ਸਪਾਟੇ ਵਜੋਂ ਵਿਕਸਤ ਕਰਨਾ ਸ਼ੁਰੂ ਕੀਤਾ। ਇਨ੍ਹਾਂ ਵਿਚੋਂ ਕੁਝ ਇਤਿਹਾਸਕ ਇਮਾਰਤਾਂ ‘ਤੇ ਪੁਲਿਸ ਨੇ ਕਬਜ਼ੇ ਕਰ ਲਏ, ਜਿਨ੍ਹਾਂ ਨੂੰ ਅੱਜ ਤੱਕ ਕੋਈ ਸਰਕਾਰ ਖਾਲੀ ਨਹੀਂ ਕਰਵਾ ਸਕੀ ਹੈ। ਪੁਲਸੀਆ ਰੋਅਬ ਤੋਂ ਡਰਦਿਆਂ ਸਾਰੇ ਮਹਿਕਮਿਆਂ ਨੇ ਇਨ੍ਹਾਂ ਇਮਾਰਤਾਂ ਦੀ ਸੰਭਾਲ ਤੋਂ ਪੱਲਾ ਝਾੜ ਲਿਆ ਹੈ। ਮੁੱਖ ਮੰਤਰੀ ਦੇ ਸ਼ਹਿਰ ਵਿਚ ਮੌਜੂਦ ਮਾਈ ਜੀ ਦੀ ਸਰਾਂ ਤੇ ਰਾਜਪੁਰਾ ਵਿਖੇ ਬਣੀ ਸਰਾਏ ਕਈ ਸਾਲਾਂ ਤੋਂ ਪੁਲਿਸ ਦੇ ਕਬਜ਼ੇ ਹੇਠ ਹੈ।
ਇਮਾਰਤਾਂ ਦਾ ਇਤਿਹਾਸ : ਪਟਿਆਲਾ ਮਾਈ ਜੀ ਦੀ ਸਰਾਂ ਮਹਾਰਾਜਾ ਦੀ ਪਤਨੀ ਮਹਾਰਾਣੀ ਆਸ ਕੌਰ ਨੇ 312 ਏਕੜ ਵਿਚ 18ਵੀਂ ਸਦੀ ਵਿਚ ਬਣਵਾਈ ਸੀ। ਇਹ ਸਰਾਂ ਰਿਆਸਤ ਵਿਚ ਬਾਹਰੋਂ ਆਉਣ-ਜਾਣ ਵਾਲੇ ਲੋਕਾਂ ਦੇ ਰਹਿਣ ਲਈ ਬਣਾਈ ਗਈ ਸੀ। ਅਜ਼ਾਦੀ ਤੋਂ ਬਾਅਦ ਇਸ ਇਤਿਹਾਸਕ ਇਮਾਰਤ ਨੂੰ ਸਰਕਾਰ ਨੇ ਆਪਣੇ ਅਧੀਨ ਲੈ ਲਿਆ, ਪਰ ਸਰਕਾਰੀ ਅਣਦੇਖੀ ਕਰਕੇ ਇਸ ‘ਤੇ ਪੁਲਿਸ ਨੇ ਕਬਜ਼ਾ ਕਰ ਲਿਆ। ਇਸੇ ਤਰ੍ਹਾਂ ਰਾਜਪੁਰਾ ਸਰਾਏ ਸ਼ੇਰ ਸ਼ਾਹ ਸੂਰੀ ਨੇ 15ਵੀਂ ਸਦੀ ਦੀ ਇਮਾਰਤ ਹੈ। ਉਸ ਸਮੇਂ ਸ਼ੇਰ ਸ਼ਾਹ ਸੂਰੀ ਵਲੋਂ ਪੰਜਾਬ ‘ਚ ਬਣੀ ਜੀਟੀ ਰੋਡ ਦੇ ਹਰ 7 ਮੀਲ ‘ਤੇ ਸਰਾ ਬਣਾਈ ਸੀ। ਇੱਥੇ ਹੀ ਕੋਸ ਮਿਨਾਰ ਬਣਾਈ ਗਈ। ਅੱਠ ਕਨਾਲ ਵਿਚ ਬਣੀ ਸਰਾਏ ਰਾਜਪੁਰਾ ਇਨ੍ਹਾਂ ਵਿਚੋਂ ਇਕ ਹੈ।
ਇਤਿਹਾਸਕ ਇਮਾਰਤ ਐਲਾਨੀ ਪਰ ਨਹੀਂ ਸੰਭਾਲੀ
ਸੂਬਾ ਸਰਕਾਰ ਵਲੋਂ ਮਾਈ ਜੀ ਦੀ ਸਰਾਂ ਤੇ ਸਰਾਏ ਰਾਜਪੁਰਾ ਨੂੰ ਇਤਿਹਾਸਕ ਇਮਾਰਤ ਐਲਾਨਿਆ ਗਿਆ ਹੈ, ਪਰ ਇਨ੍ਹਾਂ ਦੀ ਸੰਭਾਲ ਨਹੀਂ ਕੀਤੀ ਜਾ ਰਹੀ ਹੈ। ਇਨ੍ਹਾਂ ਇਮਾਰਤਾਂ ਦੇ ਬਾਹਰ ਪੰਜਾਬ ਸਰਕਾਰ ਦੇ ਬੋਰਡ ਲਗਾ ਕੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਹੈ ਪਰ ਹੈਰਾਨੀ ਵਾਲੀ ਗੱਲ ਹੈ ਕਿ ਸੈਲਾਨੀ ਇਨ੍ਹਾਂ ਇਮਾਰਤਾਂ ਦੇ ਬਾਹਰ ਲੱਗੇ ਬੋਰਡ ਦੇਖ ਕੇ ਖੁਸ਼ ਤਾਂ ਹੁੰਦੇ ਹਨ ਪਰ ਅੰਦਰ ਜਾਣ ਦੀ ਮਨਜੂਰੀ ਨਾ ਮਿਲਣ ‘ਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੁਰਾਤਤਵ ਵਿਭਾਗ ਨੇ ਨਹੀਂ ਕੀਤੀ ਸਾਂਭ ਸੰਭਾਲ : ਪੁਰਾਤਤਵ ਵਿਭਾਗ ਵਲੋਂ ਮਾਈ ਜੀ ਦੀ ਸਰਾਂ ਤੇ ਸਰਾਏ ਰਾਜਪੁਰਾ ਨੂੰ ਨਾ ਤਾਂ ਅੱਜ ਤੱਕ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨਾ ਹੀ ਕਦੇ ਸਾਂਭ- ਸੰਭਾਲ ਕੀਤੀ ਗਈ ਹੈ। ਹੈਰਾਨੀ ਵਾਲੀ ਗੱਲ ਹੈ ਕਿ ਪੁਰਾਤਤਵ ਵਿਭਾਗ ਦਾ ਸੀਆਈਏ ਸਟਾਫ ਜਾਂ ਪੁਲਿਸ ਨਾਲ ਇਨ੍ਹਾਂ ਇਮਾਰਤਾਂ ਵਿਚ ਰਹਿਣ ਲਈ ਨਾ ਤਾਂ ਕੋਈ ਇਕਰਾਰਨਾਮਾ ਹੋਇਆ ਹੈ ਤੇ ਨਾ ਹੀ ਮਲਕੀਅਤ ਦਿੱਤੀ ਗਈ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਵਿਭਾਗ ਨੇ ਪੁਲਸੀਆ ਰੋਅਬ ਦੇ ਚੱਲਦਿਆਂ ਇਨ੍ਹਾਂ ਇਮਾਰਤਾਂ ਤੋਂ ਮੂੰਹ ਮੋੜ ਲਿਆ ਹੈ।
ਰਿਕਾਰਡ ਜਾਂਚਣ ਤੋਂ ਬਾਅਦ ਲੱਗੇਗਾ ਪਤਾ : ਪੁਰਾਤਤਵ ਵਿਭਾਗ ਦੇ ਡਿਪਟੀ ਡਾਇਰੈਕਟਰ ਮਾਲਵਿੰਦਰ ਸਿੰਘ ਜੱਗੀ ਦਾ ਕਹਿਣਾ ਹੈ ਕਿ ਉਕਤ ਇਮਾਰਤਾਂ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਨਹੀਂ ਹੈ। ਰਿਕਾਰਡ ਜਾਂਚਣ ਤੋਂ ਬਾਅਦ ਇਸ ਬਾਰੇ ਕੁਝ ਕਹਿ ਸਕਦੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਤਾਂ ਕੀਤੀ ਜਾ ਸਕਦੀ ਹੈ, ਪਰ ਇਨ੍ਹਾਂ ਨਾਲ ਛੇੜਛਾੜ ਕਰਕੇ ਕੁਝ ਬਦਲਿਆ ਨਹੀਂ ਜਾ ਸਕਦਾ ਹੈ।

Check Also

ਲੁਧਿਆਣਾ ਤੋਂ ‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੂੰ ਸ਼ਰਾਬ ਨਾਲ ਤੋਲਿਆ

ਮਜੀਠੀਆ ਬੋਲੇ : ਲੋਕਾਂ ਨੇ ਪੀਤੀ ਤੁਪਕਾ ਤੁਪਕਾ ‘ਆਪ’ ਵਾਲਿਆਂ ਨੇ ਪੀਤੀ ਬਾਟੇ ਨਾਲ ਲੁਧਿਆਣਾ/ਬਿਊਰੋ …