ਨਵੀਂ ਦਿੱਲੀ/ਬਿਊਰੋ ਨਿਊਜ਼ : ਗੁਰਦਾਸਪੁਰ ਜ਼ਿਲ੍ਹੇ ਵਿਚ ਪੈਂਦੇ ਕਸਬੇ ਡੇਰਾ ਬਾਬਾ ਨਾਨਕ ਵਿਚ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਲਈ ਅਧਿਕਾਰਤ ਇਮੀਗ੍ਰੇਸ਼ਨ ਚੈੱਕ ਪੋਸਟ ਕਾਇਮ ਕੀਤੀ ਜਾਵੇਗੀ।
ਡੇਰਾ ਬਾਬਾ ਨਾਨਕ ਗੁਆਂਢੀ ਮੁਲਕ ਵਿਚ ਦਾਖ਼ਲ ਹੋਣ ਅਤੇ ਵਾਪਸ ਪਰਤਣ ਲਈ ਲੋੜੀਂਦੇ ਦਸਤਾਵੇਜ਼ ਜਾਂਚਣ ਤੇ ਮਨਜ਼ੂਰੀ ਦੇਣ ਦੀ ਅਹਿਮ ਜਗ੍ਹਾ ਹੋਵੇਗੀ। ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਲੋੜੀਂਦੇ ਦਸਤਾਵੇਜ਼ਾਂ ਵਾਲੇ ਇਸ ਪੋਸਟ ਰਾਹੀਂ ਆ-ਜਾ ਸਕਣਗੇ। ਇਹ ਨੋਟੀਫ਼ਿਕੇਸ਼ਨ ਪਾਸਪੋਰਟ ਨੇਮਾਂ ਮੁਤਾਬਕ ਜਾਰੀ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਗੁਰਦੁਆਰਾ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਸ਼ਕਰਗੜ੍ਹ ਇਲਾਕੇ ਵਿਚ ਸਥਿਤ ਹੈ। ਕਰਤਾਰਪੁਰ ਸਾਹਿਬ ਗੁਰਦੁਆਰਾ ਰਾਵੀ ਦਰਿਆ ਕੰਢੇ ਸੁਸ਼ੋਭਿਤ ਹੈ ਤੇ ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨ ਵਾਲੇ ਪਾਸੇ ਸਿਰਫ਼ 3-4 ਕਿਲੋਮੀਟਰ ਦੀ ਵਿੱਥ ‘ਤੇ ਹੈ। ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਇਸ ਸਥਾਨ ‘ਤੇ ਜੀਵਨ ਦੇ 18 ਤੋਂ ਵੱਧ ਵਰ੍ਹੇ ਬਤੀਤ ਕੀਤੇ। ਲੰਘੇ ਵਰ੍ਹੇ 26 ਨਵੰਬਰ ਨੂੰ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਲਾਂਘੇ (ਕੌਮਾਂਤਰੀ ਸਰਹੱਦ ਤੱਕ) ਦਾ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਬਾਅਦ 28 ਨਵੰਬਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿ ਵਾਲੇ ਪਾਸੇ ਚਾਰ ਕਿਲੋਮੀਟਰ ਲੰਮੇ ਲਾਂਘੇ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਸੀ।
ਆਮ ਚੋਣਾਂ ਤੋਂ ਬਾਅਦ ਭਾਰਤ ਨਾਲ ਸਬੰਧ ਸੁਧਰਨਗੇ: ਪਾਕਿ ਮੰਤਰੀ
ਇਸਲਾਮਾਬਾਦ: ਪਾਕਿਸਤਾਨ ਦੇ ਵਿੱਤ ਮੰਤਰੀ ਅਸਦ ਉਮਰ ਨੇ ਆਸ ਜਤਾਈ ਹੈ ਕਿ ਭਾਰਤ ਵਿਚ ਆਮ ਚੋਣਾਂ ਤੋਂ ਬਾਅਦ ਦੋਵਾਂ ਮੁਲਕਾਂ ਦੇ ਰਿਸ਼ਤੇ ਸੁਧਰਨਗੇ। ਉਨ੍ਹਾਂ ਕਿਹਾ ਕਿ ਪੱਛਮੀ ਸੰਸਾਰ ਦੇ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਭਾਰਤ-ਪਾਕਿ ਵਿਚਾਲੇ ਵਪਾਰ ਵਿਚ ਵਾਧਾ ਕਾਫ਼ੀ ਮਹੱਤਵਪੂਰਨ ਹੈ, ਪਰ ਗੁਆਂਢੀ ਮੁਲਕ ਵਿਚ ਹੋਣ ਵਾਲੀਆਂ ਚੋਣਾਂ ਵਿਚ ਪਾਕਿਸਤਾਨ ਵਿਰੋਧੀ ਮੁੱਦੇ ਭਾਰੂ ਰਹਿਣ ਕਾਰਨ ਫ਼ਿਲਹਾਲ ਇਹ ਸੰਭਵ ਨਹੀਂ ਜਾਪਦਾ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …