ਕੈਲਗਰੀ : ਪੰਜਾਬੀ ਲਿਖਾਰੀ ਸਭਾ ਦੀ ਅਗਸਤ ਮਹੀਨੇ ਦੀ ਮਾਸਿਕ ਇਕੱਤਰਤਾ 21 ਅਗਸਤ ਨੂੰ ਕੋਸੋ ਦੇ ਦਫਤਰ ਵਿਚ ਹੋਈ ਜਿਸ ਵਿਚ ਵਿਸ਼ਵ ਪ੍ਰਸਿੱਧ ਪੰਜਾਬੀ ਦੇ ਨਾਵਲਿਸਟ ਗੁਰਦਿਆਲ ਸਿੰਘ ਜੀ ਅਤੇ ਲੇਖਿਕਾ ਮਹਾਸ਼ਵੇਤਾ ਦੇਵੀ ਨੂੰ ਬਹੁਤ ਭਾਵੁਕਤਾ ਸਹਿਤ ਸ਼ਰਧਾਂਜਲੀ ਭੇਂਟ ਕੀਤੀ ਗਈ। ਮੀਟਿੰਗ ਦਾ ਆਗਾਜ਼ ਸਕੱਤਰ ਬਲਬੀਰ ਗੋਰਾ ਨੇ ਪ੍ਰਧਾਨਗੀ ਸੈਹਿੰਬੀ, ਸਭਾ ਦੇ ਖ਼ਜ਼ਾਨਚੀ ਮੰਗਲ ਚੱਠਾ ਅਤੇ ਵਿਸ਼ੇਸ਼ ਤੌਰ ‘ਤੇ ਖਾਲਸਾ ਕਾਲਜ ਜਲੰਧਰ ਦੀ ਉੱਘੀ ਸ਼ਖ਼ਸੀਅਤ ਅਤੇ ਲੇਖਕ ਪ੍ਰੋਫੈਸਰ ਮਨਜੀਤ ਸਿੰਘ ਜੀ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਣ ਦੇ ਸੱਦੇ ਨਾਲ ਹੋਇਆ। ਫਿਰ ਬਲਬੀਰ ਗੋਰਾ ਨੇ ਦੋਨੋਂ ਮਹਾਨ ਲੇਖਕਾਂ ਦੇ ਸਦੀਵੀ ਵਿਛੋੜਾ ਦੇ ਜਾਣ ‘ਤੇ ਸਮੂਹ ਪੰਜਾਬੀ ਲਿਖਾਰੀ ਸਭਾ ਵੱਲੋਂ ਦੁਖ ਦਾ ਇਜ਼ਹਾਰ ਕੀਤਾ ਅਤੇ ਨਾਲ ਹੀ ਗੁਰਬਚਨ ਬਰਾੜ ਨੂੰ ਗੁਰਦਿਆਲ ਸਿੰਘ ਬਾਰੇ ਉਹਨਾਂ ਦਾ ਲੇਖ ਪੜ੍ਹਨ ਲਈ ਸੱਦਾ ਦਿੱਤਾ। ਗੁਰਬਚਨ ਬਰਾੜ ਨੇ ਗੁਰਦਿਆਲ ਸਿੰਘ ਦੀਆਂ ਸਾਹਿਤ ਪ੍ਰਾਪਤੀਆਂ ਦੇ ਨਾਲ ਨਾਲ ਨਿਜੀ ਜ਼ਿੰਦਗੀ ਵਿਚ ਬਿਤਾਏ ਪਲਾਂ ਦੀ ਵੀ ਸਾਂਝ ਪਾਈ। ਉਹਨਾਂ ਦੱਸਿਆ ਕਿਸ ਤਰਾਂ ਗੁਰਦਿਆਲ ਸਿੰਘ ਜੀ ਨੂੰ ਮਜ਼ਬੂਰੀ ਵੱਸ ਸਕੂਲ ਦੇ ਦਿਨਾਂ ਵਿਚ ਪੜ੍ਹਾਈ ਛੱਡਣੀ ਪਈ ਅਤੇ ਅਗਰ ਉਹ ਵਾਪਸ ਪੜ੍ਹਾਈ ਵੱਲ ਨਾਂ ਪਰਤਦੇ ਤਾਂ ਸਾਹਿਤ ਜਗਤ ਨੇ ਉਹਨਾਂ ਦੀਆਂ ਲਿਖਤਾਂ ਤੋਂ ਵਾਂਝੇ ਰਹਿ ਜਾਣਾ ਸੀ। ਇਸ ਤੋਂ ਉਪਰੰਤ ਹਰੀਪਾਲ ਨੇ ਮਹਾਸ਼ਵੇਤਾ ਦੇਵੀ ਬਾਰੇ ਬਹੁਤ ਜਾਣਕਾਰੀ ਭਰਪੂਰ ਲੇਖ ਪੜ੍ਹਿਆ ਜਿਸ ਵਿਚ ਉਹਨਾਂ ਕਿਹਾ ਕਿ ਮਹਾਸ਼ਵੇਤਾ ਦੇਵੀ ਸਿਰਫ਼ ਬੰਗਾਲੀਆਂ ਦੀ ਨਹੀਂ, ਸਮੁੱਚੇ ਭਾਰਤ ਦੇ ਲੋਕਾਂ ਦੀ ਲੇਖਿਕਾ ਸੀ।ਤਰਲੋਚਨ ਦੂਹੜਾ ਨੇ ਕੈਨੇਡੀਅਨ ਵਿੱਦਿਆ ਵਿਭਾਗ ਵੱਲੋਂ ਕੀਤੀਆਂ ਜਾ ਰਹਿਆਂ ਤਬਦੀਲੀਆਂ ਬਾਰੇ ਹਾਜ਼ਰੀਨ ਨੂੰ ਸਚੇਤ ਕੀਤਾ ਅਤੇ ਕਿਹਾ ਕਿ ਵਿੱਦਿਆ ਹਰ ਬੱਚੇ ਦਾ ਅਧਿਕਾਰ ਹੈ ਇਸ ਲਈ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਜਦ ਕਿ ਹੁਣ ਸਰਕਾਰ ਦਾ ਝੁਕਾਉ ਚਾਰਟਰ ਸਕੂਲਾਂ ਵੱਲ ਵਧ ਰਿਹਾ ਹੈ।
ਰਚਨਾਵਾਂ ਦੇ ਦੌਰ ਵਿਚ ਗੁਰਦੀਸ਼ ਕੌਰ ਗਰੇਵਾਲ, ਹਰਨੇਕ ਸੰਘ ਬੱਧਣੀ, ਜਸਵੰਤ ਸਿੰਘ ਸੇਖੋਂ, ਯੁਵਰਾਜ ਸਿੰਘ, ਨਿਰਮਲ ਸਿੰਘ ਗਰੇਵਾਲ, ਬਲਜਿੰਦਰ ਸੰਘਾ, ਮਹਿੰਦਰਪਾਲ ਸਿੰਘ ਪਾਲ, ਮਨਮੋਹਨ ਸਿੰਘ ਬਾਠ, ਮਾ, ਅਜੀਤ ਸਿੰਘ, ਲਖਵਿੰਦਰ ਜੋਹਲ, ਗਗਨਦੀਪ ਗਾਹੂਣੀਆ, ਸੁਖਵਿੰਦਰ ਤੂਰ ਅਤੇ ਬਲਬੀਰ ਗੋਰਾ ਨੇ ਭਾਗ ਲਿਆ। ਤਰਲੋਕ ਸਿੰਘ ਨੇ ਚੁਟਕਲੇ ਸੁਣਾ ਕੇ ਸਭ ਨੂੰ ਹੱਸਣ ਅਤੇ ਤਾੜੀਆਂ ਮਾਰਨ ਲਈ ਮਜਬੂਰ ਕਰ ਦਿੱਤਾ। ਪ੍ਰੋਫੈਸਰ ਮਨਜੀਤ ਸਿੰਘ ਨੇ ਹਾਜ਼ਰੀਨ ਨੂੰ ਆਪਣੇ ਜੀਵਨ ਅਤੇ ਸਾਹਿਤਕ ਪ੍ਰਕਿਰਿਆ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਸਭਾ ਦੀ ਮੀਟਿੰਗ ਵਿਚ ਸ਼ਾਮਿਲ ਹੋਣ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਸਭਾ ਦੇ ਕਾਰਜਾਂ ਦੀ ਸ਼ਲਾਘਾ ਕੀਤਾ। ਉਹਨਾਂ ਮਹਿੰਦਰਪਾਲ ਸਿੰਘ ਪਾਲ ਦੀ ਪੁਸਤਕ “ਨਵ-ਤਰੰਗ” ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਤਾਬ ਵਿੱਚੋਂ ਚੋਣਵੇਂ ਸ਼ੇਅਰਾਂ ਦੇ ਹਵਾਲਿਆਂ ਨਾਲ ਮਹਿੰਦਰਪਾਲ ਦੀ ਗ਼ਜ਼ਲ ਦੀ ਪ੍ਰਸੰਸਾ ਕੀਤੀ। ਬਲਜਿੰਦਰ ਸੰਘਾ ਦੀ ਪੁਸਤਕ “ਪੰਜਾਬੀ ਸਾਹਿਤ ਪਰਖ ਤੇ ਪੜਚੋਲ” ਦੀ ਵੀ ਸਲਾਹੁਣਾ ਕੀਤੀ।ਅੰਤ ਵਿਚ ਪ੍ਰਧਾਨ ਤਰਲੋਚਨ ਸੈਹਿੰਬੀ ਨੇ ਸਭ ਦਾ ਮੀਟਿੰਗ ਵਿਚ ਹਾਜ਼ਰ ਹੋਣ ਲਈ ਧੰਨਵਾਦ ਕੀਤਾ। ਮੁਖ ਮਹਿਮਾਨ ਪ੍ਰੋਫੈਸਰ ਮਨਜੀਤ ਸਿੰਘ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ ਅਤੇ ਗੁਰਬਚਨ ਬਰਾੜ ਨੂੰ ਉਹਨਾਂ ਦੇ ਘਰ ਪੋਤੇ ਦੇ ਜਨਮ ਲੈਣ ‘ਤੇ ਸਭਾ ਵੱਲੋਂ ਵਧਾਈ ਪੇਸ਼ ਕੀਤੀ ਤੇ ਚਾਹ ਪਾਣੀ ਦੇ ਬੰਦੋਬਸਤ ਲਈ ਧੰਨਵਾਦ ਕੀਤਾ। ਅਗਲੇ ਮਹੀਨੇ ਫਿਰ ਮਿਲਣ ਦਾ ਵਾਅਦਾ ਕਰਦਿਆਂ ਮੀਟਿੰਗ ਸਮਾਪਤ ਕੀਤੀ। ਸਭਾ ਦੀ ਸਤੰਬਰ ਮਹੀਨੇ ਦੀ ਮੀਟਿੰਗ 18 ਸਤੰਬਰ ਨੂੰ ਹੋਵੇਗੀ, ਵਧੇਰੇ ਜਾਣਕਾਰੀ ਲਈ ਪਾਠਕ ਲਈ ਤਰਲੋਚਨ ਸੈਹਿੰਬੀ ਨਾਲ 403-827-1483 ਜਾਂ ਬਲਬੀਰ ਗੋਰਾ ਨਾਲ 403-472-2662 ‘ਤੇ ਸੰਪਰਕ ਕਰ ਸਕਦੇ ਹਨ।
Home / ਦੁਨੀਆ / ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਨਾਵਲਿਸਟ ਗੁਰਦਿਆਲ ਸਿੰਘ ਅਤੇ ਲੇਖਿਕਾ ਮਹਾਸ਼ਵੇਤਾ ਦੇਵੀ ਨੂੰ ਸ਼ਰਧਾ ਦੇ ਫੁਲ ਭੇਂਟ
Check Also
ਟਰੰਪ ਨੇ ਹਮਾਸ ਨੂੰ ਦਿੱਤੀ ਧਮਕੀ
20 ਜਨਵਰੀ ਤੱਕ ਇਜ਼ਰਾਈਲ ਦੇ ਬੰਧਕਾਂ ਨੂੰ ਕਰੋ ਰਿਹਾਅ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ਦੇ ਨਵੇਂ …