ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਵਿਚ 25 ਵਰ੍ਹਿਆਂ ਦੇ ਸਿੱਖ ਟੈਕਸੀ ਡਰਾਈਵਰ ‘ਤੇ ਦੋ ਯਾਤਰੀਆਂ ਨੇ ਹਮਲਾ ਕਰਦਿਆਂ ਉਸ ਨੂੰ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ। ਹਮਲਾਵਰਾਂ ਜਿਨ੍ਹਾਂ ਵਿਚ ਇੱਕ ਮਹਿਲਾ ਵੀ ਸੀ, ਨੇ ਟੈਕਸੀ ਡਰਾਈਵਰ ਬਾਰੇ ਨਸਲੀ ਟਿੱਪਣੀਆਂ ਵੀ ਕੀਤੀਆਂ। ਮਹਿਮਾਨ ਨਿਵਾਜ਼ੀ (ਹੌਸਪੀਟੈਲਿਟੀ) ਦੀ ਪੜ੍ਹਾਈ ਕਰ ਰਹੇ ਪ੍ਰਦੀਪ ਸਿੰਘ ‘ਤੇ ਇਹ ਹਮਲਾ ਸਨਿਚਰਵਾਰ ਰਾਤ ਸੈਂਡੀ ਬੇਅ ਮੈਕਡਾਨਲਡ ਨੇੜੇ ਹੋਇਆ। ਪ੍ਰਦੀਪ ਸਿੰਘ ਮੁਤਾਬਕ, ”ਮੈਂ ਮਹਿਲਾ ਯਾਤਰੀ ਨੂੰ ਟੈਕਸੀ ਵਿਚੋਂ ਉਤਰਨ ਲਈ ਆਖਿਆ ਸੀ ਕਿਉਂਕਿ ਉਹ ਉਲਟੀ ਕਰਨ ਵਾਲੀ ਸੀ। ਇਸ ਪਿੱਛੋਂ ਮਹਿਲਾ ਨੇ ਆਪਣੇ ਪੁਰਸ਼ ਸਾਥੀ ਨਾਲ ਮਿਲ ਕੇ ਮੇਰੇ ਉਪਰ ਹਮਲਾ ਕਰ ਦਿਤਾ।”
ਪ੍ਰਦੀਪ ਸਿੰਘ ਨੇ ਯਾਤਰੀਆਂ ਨੂੰ ਕਿਹਾ ਕਿ ਜੇ ਕਾਰ ਵਿਚ ਗੰਦਗੀ ਫੈਲਾਈ ਤਾਂ ਸਫ਼ਾਈ ਦੇ ਪੈਸੇ ਦੇਣੇ ਹੋਣਗੇ। ਇਸ ਤੋਂ ਗੁੱਸੇ ਵਿਚ ਆਈ ਮਹਿਲਾ ਯਾਤਰੀ ਨੇ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਧਮਕੀ ਦਿੱਤੀ ਕਿ ਨਾ ਉਹ ਕਿਰਾਇਆ ਦੇਵੇਗੀ ਅਤੇ ਨਾ ਹੀ ਸਫ਼ਾਈ ਲਈ ਪੈਸੇ। ਫਿਰ ਦੋਹਾਂ ਨੇ ਪ੍ਰਦੀਪ ਸਿੰਘ ਦੇ ਚਿਹਰੇ ‘ਤੇ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਨਸਲੀ ਟਿੱਪਣੀ ਕਰਦਿਆਂ ਕਿਹਾ ਤੁਹਾਡੇ ਭਾਰਤੀਆਂ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ। ਪ੍ਰਦੀਪ ਸਿੰਘ ਨੂੰ ਰਾਯਲ ਹੋਬਾਰਟ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇੰਸਪੈਕਟਰ ਇਆਨ ਵਿਲਸਨ ਨੇ ਕਿਹਾ ਕਿ ਪ੍ਰਦੀਪ ਸਿੰਘ ‘ਤੇ ਹਮਲੇ ਦੇ ਮਾਮਲੇ ਵਿਚ ਇਕ ਪੁਰਸ਼ ਅਤੇ ਇਕ ਮਹਿਲਾ ਵਿਰੁੱਧ ਦੋਸ਼ ਲਾਏ ਗਏ ਹਨ ਜਿਨ੍ਹਾਂ ਨੂੰ 26 ਜੂਨ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
Check Also
ਭਗਵਾਨ ਗਣੇਸ਼ ਦੀ ਤਸਵੀਰ ਚੱਪਲਾਂ ਅਤੇ ਸਵਿੱਮ ਸੂਟ ’ਤੇ ਛਪਣ ਤੋਂ ਬਾਅਦ ਅਮਰੀਕਾ ’ਚ ਛਿੜਿਆ ਵਿਵਾਦ
ਹਿੰਦੂ ਭਾਈਚਾਰੇ ਨੇ ਵਾਲਮਾਰਟ ਨੂੰ ਸ਼ਿਕਾਇਤ ਕਰਕੇ ਵਿਕਰੀ ’ਤੇ ਰੋਕ ਲਗਾਉਣ ਦੀ ਕੀਤੀ ਮੰਗ ਵਾਸ਼ਿੰਗਟਨ/ਬਿਊਰੋ …