Breaking News
Home / ਦੁਨੀਆ / ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਮਾਸਿਕ ਸਮਾਗ਼ਮ ਵਿੱਚ ਹੋਇਆ ਪ੍ਰੋ. ਅਤੈ ਸਿੰਘ ਤੇ ਸੁਰਿੰਦਰ ਅਤੈ ਸਿੰਘ ਨਾਲ ਸੰਜੀਦਾ ਰੂ-ਬਰੂ

‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਮਾਸਿਕ ਸਮਾਗ਼ਮ ਵਿੱਚ ਹੋਇਆ ਪ੍ਰੋ. ਅਤੈ ਸਿੰਘ ਤੇ ਸੁਰਿੰਦਰ ਅਤੈ ਸਿੰਘ ਨਾਲ ਸੰਜੀਦਾ ਰੂ-ਬਰੂ

Ru-Bru with Profਬਰੈਂਪਟਨ/ਜਗੀਰ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ
‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਦੇ ਮੈਂਬਰਾਂ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਪ੍ਰੋ. ਅਤੈ ਸਿੰਘ ਅਤੇ ਉਨ੍ਹਾਂ ਦੀ ਜੀਵਨ-ਸਾਥਣ ਸੁਰਿੰਦਰ ਅਤੈ ਸਿੰਘ ਨਾਲ ਬੀਤੇ ਐਤਵਾਰ ਸੰਜੀਦਾ ਰੂ-ਬਰੁ ਰਚਾਇਆ ਗਿਆ ਜਿਸ ਵਿੱਚ ਉਨ੍ਹਾਂ ਦੇ ਜੀਵਨ ਅਤੇ ਕਾਵਿ-ਸਫ਼ਰ ਬਾਰੇ ਖੁੱਲ੍ਹੀਆਂ ਗੱਲਾਂ-ਬਾਤਾਂ ਹੋਈਆਂ। ਇਹ ਸਮਾਗ਼ਮ 2250, ਬੋਵੇਰਡ ਡਰਾਈਵ (ਈਸਟ) ਸਥਿਤ ਹੋਮਲਾਈਫ਼ ਰਿਅਲਟੀ ਦੇ ਮੀਟਿੰਗ-ਹਾਲ ਵਿੱਚ ਬਾਅਦ ਦੁਪਹਿਰ 2.00 ਵਜੇ ਸ਼ੁਰੂ ਹੋਇਆ ਅਤੇ ਸ਼ਾਮ ਦੇ 6.00 ਵਜੇ ਤੀਕ ਚੱਲਿਆ। ਪ੍ਰਧਾਨਗੀ-ਮੰਡਲ ਵਿੱਚ ਸਭਾ ਦੇ ਚੇਅਰਮੈਨ ਬਲਰਾਜ ਚੀਮਾ, ਸੁਖਮਿੰਦਰ ਰਾਮਪੁਰੀ, ਹਰਭਜਨ ਕੌਰ, ਪ੍ਰੋ. ਅਤੈ ਸਿੰਘ ਤੇ ਸੁਰਿੰਦਰ ਅਤੈ ਸਿੰਘ ਸੁਸ਼ੋਭਿਤ ਸਨ। ਪ੍ਰੋਗਰਾਮ ਦੇ ਆਰੰਭ ਵਿੱਚ ਪੰਜਾਬੀ ਦੇ ਸਿਰਮੌਰ ਨਾਵਲਕਾਰ ਗੁਰਦਿਆਲ ਸਿੰਘ ਦੇ ਸਦੀਵੀ ਵਿਛੋੜੇ ‘ਤੇ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਭਰਪੂਰ ਸ਼ਰਧਾਂਜਲੀ ਦਿਤੀ ਗਈ। ਉਪਰੰਤ, ਸਮਾਗ਼ਮ ਦੀ ਬਾਕਾਇਦਾ ਸ਼ੁਰੁਆਤ ਕਰਦਿਆਂ ਸਭਾ ਦੇ ਸੀਨੀਅਰ ਮੈਂਬਰ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਸਮੂਹ ਹਾਜ਼ਰੀਨ ਨੂੰ ‘ਜੀ-ਆਇਆਂ’ ਕਿਹਾ ਗਿਆ ਅਤੇ ਉਨ੍ਹਾਂ ਨਾਲ ਮਹਿਮਾਨ-ਜੋੜੀ ਪ੍ਰੋ. ਅਤੈ ਸਿੰਘ ਅਤੇ ਸੁਰਿੰਦਰ ਅਤੈ ਸਿੰਘ ਦੇ ਘਰ ਪੋਤਰੇ ਦੀ ਅਤੇ ਸਭਾ ਦੇ ਮੈਂਬਰ ਸਾਬਕਾ ਤਹਿਸੀਲਦਾਰ ਲਖਬੀਰ ਸਿੰਘ ਕਾਹਲੋਂ ਦੇ ਘਰ ਪੋਤਰੀ ਦੀ ਬਖ਼ਸ਼ਿਸ਼ ਦੀਆਂ ਮੁਬਾਰਕਾਂ ਸਾਂਝੀਆਂ ਕੀਤੀਆਂ ਗਈਆਂ।
ਸਮਾਗ਼ਮ ਦੇ ਪਹਿਲੇ ਭਾਗ ਵਿੱਚ ਪ੍ਰੋ.ਜਗੀਰ ਸਿੰਘ ਕਾਹਲੋਂ ਨੇ ਸੁਰਿੰਦਰ ਅਤੈ ਸਿੰਘ ਬਾਰੇ ਮੁੱਢਲੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਗੁਰਦਾਸਪੁਰ ਦੇ ਪ੍ਰਸਿੱਧ ਪਿੰਡ ਭਾਗੋਵਾਲ ਦੀ ਜੰਮਪਲ ਸੁਰਿੰਦਰ ਨੇ ਪਿੰਡ ਦੇ ਸਕੂਲ ਤੋਂ ਮੈਟ੍ਰਿਕ, ਬਟਾਲੇ ਦੇ ਕਾਲਜ ਤੋਂ ਬੀ.ਏ.ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐੱਮ.ਏ. ਕੀਤੀ। ਉਨ੍ਹਾਂ ਕਵਿਤਾ ਅਤੇ ਵਾਰਤਕ ਦੋਹਾਂ ਵਿੱਚ ਹੀ ਹੱਥ ਅਜ਼ਮਾਉਣਾ ਸ਼ੁਰੂ ਕੀਤਾ ਪਰ ਭਾਸ਼ਾ ਵਿਭਾਗ ਪੰਜਾਬ ਦਾ ਸਾਲ 2015 ਦਾ ‘ਭਾਈ ਵੀਰ ਸਿੰਘ ਪੁਰਸਕਾਰ’ ਉਨ੍ਹਾਂ ਦੀ ਵਾਰਤਕ-ਲੇਖਣੀ ਨੂੰ ਪ੍ਰਾਪਤ ਹੋਇਆ। ਆਪਣੇ ਬਾਰੇ ਸੰਖੇਪ ਵਿੱਚ ਬੋਲਦਿਆਂ ਸੁਰਿੰਦਰ ਅਤੈ ਸਿੰਘ ਨੇ ਦੱਸਿਆ ਕਿ ਪਿੰਡਾਂ ਦੀ ਸਧਾਰਨ ਜਿੰਦਗੀ ਨੂੰ ਉਨ੍ਹਾਂ ਨੇ ਆਪਣੀ ਵਾਰਤਕ ਦਾ ਮੁੱਖ ਵਿਸ਼ਾ ਬਣਾਇਆ। ਪੰਜਾਬ ਦੀ ਪੇਂਡੂ ਜ਼ਿੰਦਗੀ ਦਾ ਸ਼ਬਦਾਂ ਵਿੱਚ ਚਿਤਰਨ ਉਨ੍ਹਾਂ ਦੀ ਪਹਿਚਾਣ ਬਣਿਆ ਅਤੇ ਏਹੀ ਬਾਅਦ ਵਿੱਚ ਭਾਸ਼ਾ ਵਿਭਾਗ ਦੇ ਪੁਰਸਕਾਰ ਦਾ ਸਬੱਬ ਬਣਿਆ। ਘਰ ਵਿੱਚ ਪੋਤਰੇ ਦੀ ਆਮਦ ਕਾਰਨ ਉਨ੍ਹਾਂ ਨੂੰ ਜਲਦੀ ਵਾਪਸ ਜਾਣਾ ਪਿਆ ਅਤੇ ਉਨ੍ਹਾਂ ਫਿਰ ਕਿਸੇ ਹੋਰ ਪ੍ਰੋਗਰਾਮ ਵਿੱਚ ਆਪਣੇ ਬਾਰੇ ਵਿਸਥਾਰ ਸਹਿਤ ਦੱਸਣ ਦਾ ਵਾਅਦਾ ਕੀਤਾ।
ਪ੍ਰੋ.ਅਤੈ ਸਿੰਘ ਨੇ ਆਪਣੇ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਜੀ ਡਾਕਟਰ ਅਤੇ ਮਾਤਾ ਜੀ ਅਧਿਆਪਕਾ ਸਨ। ਘਰ ਵਿੱਚ ਮਾਹੌਲ ਸਾਜ਼ਗਾਰ ਹੋਣ ਕਾਰਨ ਲਿਖਣ ਦੀ ਪ੍ਰੇਰਨਾ ਘਰ ਤੋਂ ਹੀ ਮਿਲੀ ਅਤੇ ਪੱਟੀ ਸਕੂਲ ਵਿੱਚ ਡਾ. ਮੋਹਨਜੀਤ ਹੁਰਾਂ ਕੋਲੋਂ ਪੜ੍ਹਦਿਆਂ ਉਨ੍ਹਾਂ ਦੀ ਸ਼ਾਬਾਸ਼ੇ ਨੇ ਸੋਨੇ ‘ਤੇ ਸੁਹਾਗੇ ਵਾਲਾ ਕੰਮ ਕੀਤਾ। ਪਿੰਡ ਵਿੱਚ ਮਿੱਤਰ-ਮੰਡਲੀ ਬਣਾ ਕੇ ਨਾਟਕ ਖੇਡਦੇ ਰਹੇ ਅਤੇ ‘ਜੁਝਾਰ’ ਨਾਂ ਦਾ ਰਿਸਾਲਾ ਵੀ ਕੱਢਿਆ। ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਤੀਕ ਜਾਂਦਿਆਂ-ਜਾਂਦਿਆਂ ਕਵਿਤਾ-ਉਚਾਰਨ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਡਾਕੀਏ ਬਾਰੇ ਕਵਿਤਾ ਨਾਲ ਕਈ ਇਨਾਮ ਹਾਸਲ ਕੀਤੇ। ਨਾਵਲਕਾਰ ਗੁਰਦਿਆਲ ਸਿੰਘ ਦੇ ਨਾਵਲ ‘ਅਣਹੋਏ’ ਦੇ ਪਾਤਰਾਂ ਅਤੇ ਪ੍ਰੇਮ ਪ੍ਰਕਾਸ਼ ਸਿੰਘ ਦੀਆਂ ਕਹਾਣੀਆਂ ਬਾਰੇ ਲਿਖੇ ਖੋਜ-ਪੱਤਰਾਂ ਨਾਲ ਪੰਜਾਬੀ ਆਲੋਚਨਾ ਵਿੱਚ ਆਪਣੀ ਥਾਂ ਬਣਾਈ। ਉਨ੍ਹਾਂ ਇਸ ਮੌਕੇ ਆਪਣੀਆਂ ਕੁਝ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਇਕਬਾਲ ਰਾਮੂਵਾਲੀਆ, ਮੋਹਿੰਦਰਦੀਪ ਗਰੇਵਾਲ, ਸੁਖਮਿੰਦਰ ਰਾਮਪੁਰੀ, ਜਗੀਰ ਸਿੰਘ ਕਾਹਲੋਂ, ਭੁਪਿੰਦਰ ਦੁਲੇ, ਮਕਸੂਦ ਚੌਧਰੀ, ਸੁੱਖ ਸੋਹੀ ਤੇ ਹੋਰਨਾਂ ਨੇ ਪ੍ਰੋ. ਅਤੈ ਸਿੰਘ ਨੂੰ ਉਨ੍ਹਾਂ ਦੀ ਲੇਖਣੀ ਬਾਰੇ ਕਈ ਸੁਆਲ ਕੀਤੇ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਬਾਖ਼ੂਬੀ ਦਿੱਤੇ ਗਏ। ਸਮਾਗ਼ਮ ਦੇ ਇਸ ਭਾਗ ਦਾ ਸੰਚਾਲਨ ਤਲਵਿੰਦਰ ਮੰਡ ਵੱਲੋਂ ਕੀਤਾ ਗਿਆ। ਸਮਾਗ਼ਮ ਦੇ ਦੂਸਰੇ ਭਾਗ ਵਿੱਚ ਕਵੀ-ਦਰਬਾਰ ਦਾ ਸੰਚਾਲਨ ਮਲੂਕ ਸਿੰਘ ਕਾਹਲੋਂ ਨੇ ਕੀਤਾ ਅਤੇ ਇਸ ਵਿੱਚ ਦੋ ਹੋਰ ਸ਼ਖਸੀਅਤਾਂ ਸੁਰਿੰਦਰ ਸਿੰਘ ਸੰਧੂ ਅਤੇ ਦਰਸ਼ਨ ਸਿੰਘ ਗਰੇਵਾਲ ਨਾਲ ਪ੍ਰਧਾਨਗੀ-ਮੰਡਲ ਵਿੱਚ ਵਾਧਾ ਕੀਤਾ ਗਿਆ।
ਕਵੀ-ਦਰਬਾਰ ਵਿੱਚ ਕ੍ਰਿਸ਼ਨਾ ਵਰਮਾ ਨੇ ਕਵਿਤਾ ‘ਅੱਖੀਆਂ’ ਅਤੇ ਸੁਖਿੰਦਰ ਨੇ ‘ਸਾਜਸ਼ੀ ਮੌਸਮ’ ਨਾਲ ਕਾਵਿ-ਰੰਗ ਬੰਨ੍ਹਿਆ ਅਤੇ ਇਸ ਨੂੰ ਜਿੱਥੇ ਹਰਦਿਆਲ ਝੀਤਾ, ਪੂਨਮ ਚੰਦਰ, ਨਿਰਮਲ ਸਿੱਧੂ, ਗਿਆਨ ਸਿੰਘ ਦਰਦੀ, ਕੈਲਾਸ਼ ਮਹੰਤ, ਲਖਬੀਰ ਕਾਹਲੋਂ, ਸ਼ਿਵਚਰਨ ਗਿੱਲ, ਭੁਪਿੰਦਰ ਦੁਲੇ, ਤਲਵਿੰਦਰ ਮੰਡ, ਮੋਹਿੰਦਰਦੀਪ ਗਰੇਵਾਲ, ਸੁਖਮਿੰਦਰ ਰਾਮਪੁਰੀ, ਜਗੀਰ ਸਿੰਘ ਕਾਹਲੋਂ, ਕਰਨ ਅਜਾਇਬ ਸਿੰਘ ਸੰਘਾ ਤੇ ਹੋਰਨਾਂ ਨੇ ਹੋਰ ਕਾਵਿ-ਮਈ ਬਣਾਇਆ, ਉੱਥੇ ਇਕਬਾਲ ਬਰਾੜ, ਰਿੰਟੂ ਭਾਟੀਆ ਅਤੇ ਸੁਖਚਰਨਜੀਤ ਕੌਰ ਗਿੱਲ ਦੀਆਂ ਸੁਰੀਲੀਆਂ ਆਵਾਜ਼ਾਂ ਵਿੱਚ ਪ੍ਰੋ. ਅਤੈ ਸਿੰਘ ਦੇ ਗੀਤਾਂ ਦੇ ਗਾਇਨ ਨੇ ਇੱਕ ਵੱਖਰਾ ਹੀ ਸੰਗੀਤਕ-ਮਾਹੌਲ ਉਸਾਰ ਦਿੱਤਾ।
ਹਾਜ਼ਰੀਨ ਵਿੱਚ ਹੋਰਨਾਂ ਤੋਂ ਇਲਾਵਾ ਬਿਕਰਮਜੀਤ ਸਿੰਘ ਗਿੱਲ, ਦਿਵ ਰੂਪ ਸੰਧੂ, ਜਸਵਿੰਦਰ ਸਿੰਘ, ਕੰਵਲਜੀਤ ਸਿੰਘ, ਸ਼ਿਵਰਾਜ ਸੰਨੀ, ਮਨਮੋਹਨ ਗੁਲਾਟੀ, ਬਰਜਿੰਦਰ ਗੁਲਾਟੀ, ਕੁਲਦੀਪ ਕੌਰ ਗਿੱਲ, ਅਮਰਜੀਤ ਕੌਰ ਮਾਨ, ਸਰਬਜੀਤ ਕੌਰ ਕਾਹਲੋਂ, ਪਰਮਜੀਤ ਦਿਓਲ ਤੇ ਡਾ. ਅਰਵਿੰਦਰ ਕੌਰ ਸ਼ਾਮਲ ਸਨ। ਸਮਾਗ਼ਮ ਦੇ ਅਖ਼ੀਰ ਵਿੱਚ ਬਲਰਾਜ ਚੀਮਾ ਵੱਲੋਂ ਪ੍ਰਧਾਨਗੀ ਭਾਸ਼ਨ ਵਿੱਚ ਜਿੱਥੇ ਪ੍ਰਬੰਧਕਾਂ ਨੂੰ ਇਹ ਸ਼ਾਨਦਾਰ ਪ੍ਰੋਗਰਾਮ ਕਰਨ ਲਈ ਵਧਾਈ ਦਿੱਤੀ ਗਈ, ਉੱਥੇ ਉਨ੍ਹਾਂ ਵੱਲੋਂ ਪ੍ਰੋ. ਅਤੈ ਸਿੰਘ ਦੀ ਵਿਦਵਤਾ ਦੀ ਵੀ ਖ਼ੂਬ ਪ੍ਰਸ਼ੰਸਾ ਕੀਤੀ ਗਈ। ਟੋਰਾਂਟੋ ਵਿੱਚ ‘ਪੰਜਾਬੀ ਟ੍ਰਿਬਿਊਨ’ ਦੇ ਪ੍ਰਤੀਨਿਧ ਪ੍ਰਤੀਕ ਵੱਲੋਂ ਫੋਟੋਗ੍ਰਾਫ਼ੀ ਦੀ ਸੇਵਾ ਬਾਖ਼ੂਬੀ ਨਿਭਾਈ ਗਈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …