ਕਿਹਾ, ਬੋਰਡ ’ਚ ਪਹਿਚਾਣ ਨਾ ਹੋਣ ਕਾਰਨ ਨਹੀਂ ਬਣ ਸਕਿਆ ਕਪਤਾਨ
ਜਲੰਧਰ/ਬਿਊਰੋ ਨਿਊਜ਼
ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਹਰਭਜਨ ਸਿੰਘ ਨੇ ਬੀਸੀਸੀਆਈ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਇਕ ਟੀਵੀ ਚੈਨਲ ਨਾਲ ਇੰਟਰਵਿਊ ਦੌਰਾਨ ਸਾਬਕਾ ਕ੍ਰਿਕਟਰ ਦਾ ਕਹਿਣਾ ਸੀ ਕਿ ਟੀਮ ਇੰਡੀਆ ਦਾ ਕਪਤਾਨ ਬਣਨ ਲਈ ਬੋਰਡ ਵਿਚ ਸਿਫਾਰਸ਼ ਦੀ ਜ਼ਰੂਰਤ ਪੈਂਦੀ ਹੈ। ਭੱਜੀ ਨੇ ਕਿਹਾ ਕਿ ਉਹ ਬੋਰਡ ਵਿਚ ਕਿਸੇ ਨੂੰ ਜਾਣਦੇ ਨਹੀਂ ਸਨ, ਸ਼ਾਇਦ ਇਸੇ ਲਈ ਹੀ ਟੀਮ ਦੀ ਕਪਤਾਨੀ ਨਹੀਂ ਹਾਸਲ ਕਰ ਸਕੇ। ਧਿਆਨ ਰਹੇ ਕਿ ਹਰਭਜਨ ਸਿੰਘ ਨੇ ਪਿਛਲੇ ਸਾਲ 24 ਦਸੰਬਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਰਿਟਾਇਰਮੈਂਟ ਲੈਣ ਦਾ ਐਲਾਨ ਕੀਤਾ ਸੀ। ਕ੍ਰਿਕਟ ਦੇ ਕਰੀਅਰ ਵਿਚ ਹਰਭਜਨ ਸਿੰਘ ਨੇ ਕਈ ਕੀਰਤੀਮਾਨ ਆਪਣੇ ਨਾਮ ਕੀਤੇ ਹੋਏ ਹਨ।
ਹਰਭਜਨ ਸਿੰਘ ਨੇ ਟੀਮ ਇੰਡੀਆ ਲਈ 103 ਟੈਸਟ ਮੈਚ ਖੇਡੇ ਹਨ ਅਤੇ ਉਨ੍ਹਾਂ ਨੇ 417 ਵਿਕਟਾਂ ਲਈਆਂ। ਇਸੇ ਤਰ੍ਹਾਂ ਹਰਭਜਨ ਨੇ 236 ਇਕ ਰੋਜ਼ਾ ਮੈਚ ਵੀ ਖੇਡੇ ਹਨ, ਜਿਸ ਵਿਚ ਵੀ ਉਨ੍ਹਾਂ ਨੇ 269 ਵਿਕਟਾਂ ਹਾਸਲ ਕੀਤੀਆਂ ਹਨ। ਟੀ-20 ਵਿਚ ਭੱਜੀ ਨੇ ਭਾਰਤ ਲਈ 28 ਮੁਕਾਬਲੇ ਖੇਡੇ ਹਨ ਅਤੇ 25 ਵਿਕਟਾਂ ਹਾਸਲ ਕੀਤੀਆਂ ਹਨ।