Breaking News
Home / ਪੰਜਾਬ / ਅਫ਼ਗਾਨੀ ਸਿੱਖਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇਗੀ ਸ਼੍ਰੋਮਣੀ ਕਮੇਟੀ

ਅਫ਼ਗਾਨੀ ਸਿੱਖਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇਗੀ ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ/ਬਿਊਰੋ ਨਿਊਜ਼
ਅਫ਼ਗਾਨਿਸਤਾਨ ਵਿਚ ਗੁਰਦੁਆਰੇ ‘ਤੇ ਹਮਲੇ ਅਤੇ ਮਗਰੋਂ ਸਿੱਖਾਂ ਨੂੰ ਦੇਸ਼ ਛੱਡ ਜਾਣ ਦੀ ਧਮਕੀ ਮਿਲਣ ਕਾਰਨ ਸਮੁੱਚਾ ਸਿੱਖ ਜਗਤ ਅਫ਼ਗਾਨਿਸਤਾਨ ਵਿਚ ਵਸਦੇ ਸਿੱਖਾਂ ਲਈ ਚਿੰਤਤ ਹੈ। ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੇ ਅਫ਼ਗਾਨਿਸਤਾਨ ਵਿਚਲੇ ਸਿੱਖ ਭਾਰਤ ਆਉਂਦੇ ਹਨ ਤਾਂ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇਗੀ। ਸ਼੍ਰੋਮਣੀ ਕਮੇਟੀ ਨੇ ਮਰਨ ਵਾਲੇ ਸਿੱਖਾਂ ਦੇ ਪਰਿਵਾਰਾਂ ਨੂੰ ਇਕ-ਇਕ ਲੱਖ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਮਦਦ ਦੇਣ ਦਾ ਐਲਾਨ ਕੀਤਾ ਹੈ।
ਅਫ਼ਗਾਨਿਸਤਾਨ ਵਿਚ ਗੁਰਦੁਆਰੇ ‘ਤੇ ਕੀਤੇ ਗਏ ਅਤਿਵਾਦੀ ਹਮਲੇ ਵਿਚ ਲਗਪਗ 25 ਸਿੱਖ ਮਾਰੇ ਗਏ ਸਨ। ਇਸ ਹਮਲੇ ਮਗਰੋਂ ਅਫ਼ਗਾਨਿਸਤਾਨ ਵਿਚ ਰਹਿ ਰਹੇ ਸਿੱਖ ਆਪਣੀ ਜਾਨ ਮਾਲ ਦੀ ਸੁਰੱਖਿਆ ਲਈ ਵਧੇਰੇ ਚਿੰਤਤ ਹਨ।
ਇਸ ਦੌਰਾਨ ਉਨ੍ਹਾਂ ਨੂੰ ਮੁਲਕ ਛੱਡ ਜਾਣ ਦੀ ਵੀ ਧਮਕੀ ਦਿੱਤੀ ਗਈ ਹੈ। ਅਜਿਹੇ ਸੰਕਟ ਦੇ ਸਮੇਂ ਸ਼੍ਰੋਮਣੀ ਕਮੇਟੀ ਨੇ ਐਲਾਨ ਕੀਤਾ ਹੈ ਕਿ ਜੇ ਇਹ ਸਿੱਖ ਭਾਰਤ ਆਉਂਦੇ ਹਨ ਤਾਂ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰੇਗੀ।
ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਤੇ ਯੋਗਤਾ ਅਨੁਸਾਰ ਰੁਜ਼ਗਾਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਅਫ਼ਗਾਨਿਸਤਾਨ ਵਿਚ ਵਸਦੇ ਸਿੱਖਾਂ ਨੂੰ ਦਸ ਦਿਨਾਂ ਵਿਚ ਦੇਸ਼ ਛੱਡਣ ਦੀ ਧਮਕੀ ਦਿੱਤੀ ਗਈ ਹੈ, ਜੋ ਸੰਜੀਦਾ ਮਾਮਲਾ ਹੈ। ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅਫ਼ਗਾਨੀ ਸਿੱਖਾਂ ਦੀ ਮਦਦ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ ਤੇ ਇਹ ਮਾਮਲਾ ਸੰਯੁਕਤ ਰਾਸ਼ਟਰ ਕੋਲ ਰੱਖਿਆ ਜਾਵੇ।
ਸ੍ਰੀ ਲੌਂਗੋਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਫ਼ਗਾਨਿਸਤਾਨ ਵਿਚ ਹਿੰਸਾ ਦਾ ਸ਼ਿਕਾਰ ਬਣੇ ਸਿੱਖ ਪਰਿਵਾਰਾਂ ਨੂੰ ਭਾਰਤ ਵਿਚ ਲਿਆ ਕੇ ਵਸਾਉਣ ਦੀ ਪਹਿਲਕਦਮੀ ਕੀਤੀ ਜਾਵੇ।
ਜੇ ਇਹ ਸਿੱਖ ਭਾਰਤ ਆ ਕੇ ਵਸਦੇ ਹਨ ਤਾਂ ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਮੁੜ ਵਸੇਬੇ ਲਈ ਸਹਿਯੋਗ ਕਰੇਗੀ। ਉਨ੍ਹਾਂ ਮਾਰੇ ਗਏ ਸਿੱਖ ਪਰਿਵਾਰਾਂ ਦੇ ਮੈਂਬਰਾਂ ਨੂੰ ਇਕ ਇਕ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇੱਥੇ ਦੱਸਣਯੋਗ ਹੈ ਕਿ ਅਫ਼ਗਾਨਿਸਤਾਨ ਵਿਚ ਲੰਮੇ ਸਮੇਂ ਤੋਂ ਤਾਲਿਬਾਨ ਅਤੇ ਸਰਕਾਰ ਵਿਚਾਲੇ ਚੱਲ ਰਹੀ ਲੜਾਈ ਦੌਰਾਨ ਵੱਡੀ ਗਿਣਤੀ ਸਿੱਖ ਪਰਿਵਾਰ ਆਪਣੇ ਘਰ ਛੱਡ ਕੇ ਭਾਰਤ ਆ ਚੁੱਕੇ ਹਨ, ਜੋ ਭਾਰਤ ਸਰਕਾਰ ਕੋਲੋਂ ਪੱਕੀ ਨਾਗਰਿਕਤਾ ਦੀ ਮੰਗ ਕਰ ਰਹੇ ਹਨ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …