Breaking News
Home / ਪੰਜਾਬ / ਪਾਣੀ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਹੰਭਲਾ

ਪਾਣੀ ਪ੍ਰਦੂਸ਼ਣ ਨੂੰ ਰੋਕਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਹੰਭਲਾ

ਪਟਿਆਲਾ ਨਦੀ ‘ਚ ਦੋ ਏਰੀਏਟਰ ਕੀਤੇ ਸਥਾਪਿਤ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਉੱਤਰੀ ਭਾਰਤ ਵਿਚ ਤਜਰਬੇ ਵਜੋਂ ਪਹਿਲੀ ਵਾਰ ਨਦੀਆਂ ਦੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ ਲਿਆਉਣ ਲਈ ਪਟਿਆਲਾ ਨਦੀ ਵਿਚ ਦੋ ਏਰੀਏਟਰ ਸਥਾਪਿਤ ਕੀਤੇ ਹਨ। ਇਹ ਦੋਵੇਂ ਏਰੀਏਟਰਾਂ ਦਾ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਮਰਵਾਹਾ ਵੱਲੋਂ ਉਦਘਾਟਨ ਕੀਤਾ ਗਿਆ। ਦੱਸਣਯੋਗ ਹੈ ਕਿ ਪਟਿਆਲਾ ਨਦੀ ਦਾ ਪਾਣੀ ਦਿਨ-ਬ-ਦਿਨ ਪ੍ਰਦੂਸ਼ਣ ਦੀ ਮਾਰ ਹੇਠ ਆ ਰਿਹਾ ਹੈ। ਅਜਿਹੇ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਆਪਣੇ ਸ਼ਹਿਰ ਵਿਚੋਂ ਗੁਜ਼ਰਦੀ ਨਦੀ ਦੇ ਪ੍ਰਦੂਸ਼ਣ ਨੂੰ ਠੱਲ੍ਹਣ ਲਈ ਤਜਰਬੇ ਵਜੋਂ ਪੈਡਲ ਏਰੀਏਟਰ ਵਿਧੀ ਹੋਂਦ ਵਿਚ ਲਿਆਂਦੀ ਹੈ। ਆਪਣੀ ਕਿਸਮ ਦਾ ਇਹ ਉੱਤਰੀ ਭਾਰਤ ਵਿਚ ਪਹਿਲਾ ਤਜਰਬਾ ਹੈ। ਜੇ ਬੋਰਡ ਇਸ ਮਿਸ਼ਨ ਸਫ਼ਲ ਹੋ ਜਾਂਦਾ ਹੈ ਤਾਂ ਸੂਬੇ ਦੀਆਂ ਹੋਰਨਾਂ ਨਦੀਆਂ ਵਿਚ ਵੀ ਇਹ ਤਕਨੀਕ ਵਰਤੀ ਜਾ ਸਕਦੀ ਹੈ।
ਬੋਰਡ ਦਾ ਕਹਿਣਾ ਹੈ ਕਿ ਪੈਡਲ ਏਰੀਏਟਰ ਲਈ ਅੱਠ ਕਿਲੋਵਾਟ ਦਾ ਬਿਜਲੀ ਦਾ ਕੁਨੈਕਸ਼ਨ ਵੀ ਲੈਣਾ ਪਿਆ ਹੈ ਤੇ ਦੋਵਾਂ ਏਰੀਏਟਰਾਂ ‘ਤੇ ਕਰੀਬ ਸਾਢੇ ਤਿੰਨ ਲੱਖ ਰੁਪਏ ਲਾਗਤ ਆਈ ਹੈ। ਬੋਰਡ ਦੇ ਮੈਂਬਰ ਸਕੱਤਰ ਇੰਜ. ਕਰੁਨੇਸ਼ ਗਰਗ ਨੇ ਦੱਸਿਆ ਕਿ ਪਟਿਆਲਾ ਨਦੀ ਦੇ ਪਾਣੀ ਦੇ ਨਿਰੀਖਣ ਤੋਂ ਇਹ ਗੱਲ ਸਾਹਮਣੇ ਆਈ ਕਿ ਪਾਣੀ ਵਿੱਚ ਆਕਸੀਜਨ ਦੀ ਮਾਤਰਾ ਬਹੁਤ ਹੀ ਘੱਟ ਹੈ ਜੋ ਇਸ ਨਦੀ ਦੇ ਪ੍ਰਦੂਸ਼ਣ ਦਾ ਕਾਰਨ ਹੋ ਸਕਦੀ ਹੈ।
ਬੋਰਡ ਦੇ ਚੇਅਰਮੈਨ ਡਾ. ਐਸ.ਐਸ.ਮਰਵਾਹਾ ਨੇ ਰਾਇ ਦਿੱਤੀ ਕਿ ਨਦੀ ਦੇ ਪਾਣੀ ਵਿੱਚ ਘੁਲਣਸ਼ੀਲ ਆਕਸੀਜਨ ਦੀ ਮਾਤਰਾ ਵਧਾਉਣ ‘ਤੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਆ ਸਕਦਾ ਹੈ। ਇਸ ਲਈ ਨਦੀ ਦੇ ਆਲੇ-ਦੁਆਲੇ ਲੱਗੀਆਂ ਤਿੰਨ ਫੈਕਟਰੀਆਂ ਮੈਸਰਜ਼ ਵਿਸ਼ਾਲ ਕੋਟਰਜ਼ ਲਿਮਟਿਡ-ਪਿੰਡ ਖੁਸਰੋਪੁਰ, ਪਟਿਆਲਾ ਡਿਸਟਿਲਰਜ਼-ਪਿੰਡ ਮੈਨ ਅਤੇ ਡੀ.ਐਸ.ਜੀ ਪੇਪਰ ਪ੍ਰਾਈਵੇਟ ਲਿਮਿਟਡ-ਪਿੰਡ ਭਾਨਰੀ ਨੇ ਰਜ਼ਾਮੰਦੀ ਦਿੰਦਿਆਂ ਬੋਰਡ ਦੇ ਸਹਿਯੋਗ ਨਾਲ ਦੋ ਪੈਡਲ ਏਰੀਏਟਰ ਪਟਿਆਲਾ ਨਦੀ ਵਿੱਚ ਪਿੰਡ ਛਪਰਹੇੜੀ ਵਿਚ ਲਗਾਏ ਗਏ ਜਿਸ ਦਾ ਉਦਘਾਟਨ ਬੋਰਡ ਦੇ ਚੇਅਰਮੈਨ ਡਾ. ਮਰਵਾਹਾ ਵੱਲੋਂ ਕੀਤਾ ਗਿਆ।
ਇਸ ਬਾਰੇ ਗੱਲਬਾਤ ਕਰਦਿਆਂ ਚੇਅਰਮੈਨ ਡਾ. ਮਰਵਾਹਾ ਨੇ ਦੱਸਿਆ ਕਿ ਹੁਣ ਲਗਾਤਾਰ ਇਸ ਨਦੀ ਦੇ ਪਾਣੀ ਦੀ ਗੁਣਵੱਤਾ ਮਾਪੀ ਜਾਵੇਗੀ ਅਤੇ ਨਤੀਜੇ ਉਤਸ਼ਾਹਜਨਕ ਹੋਣ ਉਪਰੰਤ ਇਹ ਵਿਵਸਥਾ ਬੁੱਢਾ ਨਾਲਾ, ਚਿੱਟੀ ਵੇਈਂ ਅਤੇ ਹੋਰ ਦੂਸ਼ਿਤ ਨਾਲਿਆਂ ‘ਤੇ ਵੀ ਲਗਾਈ ਜਾਵੇਗੀ। ਉਨ੍ਹਾਂ ਇਸ ਉਦਮ ਲਈ ਤਿੰਨਾਂ ਉਦਯੋਗਾਂ ਨੂੰ ਵਧਾਈ ਦਿੱਤੀ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …