Breaking News
Home / ਪੰਜਾਬ / ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮਾਮਲਾ ਇਕ ਵਾਰ ਫਿਰ ਉਭਰਿਆ

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਮਾਮਲਾ ਇਕ ਵਾਰ ਫਿਰ ਉਭਰਿਆ

ਸਿੱਖ ਸੰਸਥਾ ਦੇ ਮੌਜੂਦਾ ਸਦਨ ਦੀ ਮਿਆਦ 2016 ਵਿਚ ਮੁਕੰਮਲ ਹੋ ਚੁੱਕੀ ਹੈ ਪਰ ਬਾਦਲਾਂ ਨੇ ਇਸ ‘ਤੇ ਕੀਤਾ ਹੋਇਆ ਹੈ ਕਬਜ਼ਾ : ਰਣਜੀਤ ਸਿੰਘ ਬ੍ਰਹਮਪੁਰਾ
ਅੰਮ੍ਰਿਤਸਰ/ਬਿਊਰੋ ਨਿਊਜ਼
ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਐਚ.ਐਸ. ਫੂਲਕਾ ਵੱਲੋਂ ਮੁੱਖ ਮੰਤਰੀ ਨੂੰ ਲਿਖੇ ਪੱਤਰ ਨਾਲ ਸਿੱਖ ਸੰਸਥਾ ਦੀਆਂ ਚੋਣਾਂ ਦਾ ਮਾਮਲਾ ਮੁੜ ਉਭਰਿਆ ਹੈ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਨਵੀਂ ਸਰਕਾਰ ਬਣਨ ਮਗਰੋਂ ਜੇ ਚੋਣਾਂ ਹੁੰਦੀਆਂ ਹਨ ਤਾਂ ਉਹ ਵੀ ਚੋਣਾਂ ਲਈ ਤਿਆਰ ਹੈ। ਸ਼੍ਰੋਮਣੀ ਕਮੇਟੀ ਦੀਆਂ ਇਹ ਚੋਣਾਂ ਦਾ ਮਾਮਲਾ ਸੰਸਦੀ ਚੋਣਾਂ ਤੋਂ ਪਹਿਲਾਂ ਵੀ ਉਭਰਿਆ ਸੀ ਪਰ ਉਸ ਵੇਲੇ ਕੇਂਦਰ ਸਰਕਾਰ ਲਈ ਸੰਸਦੀ ਚੋਣਾਂ ਤਰਜੀਹੀ ਸਨ ਤੇ ਇਹ ਮਾਮਲਾ ਅਗਾਂਹ ਪੈ ਗਿਆ ਸੀ।
ਫੂਲਕਾ ਨੇ ਇਸ ਸਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਯਾਦ ਕਰਵਾਇਆ ਕਿ ਪੰਜਾਬ ਵਿਧਾਨ ਸਭਾ ਵੱਲੋਂ ਇਸ ਵਰ੍ਹੇ ਫਰਵਰੀ ਮਹੀਨੇ ਸਦਨ ਵਿਚ ਮਤਾ ਪਾਸ ਕਰਕੇ ਇਹ ਚੋਣਾਂ ਕਰਵਾਉਣ ਦਾ ਸਮਰਥਨ ਕੀਤਾ ਸੀ। ਉਨ੍ਹਾਂ ਇਸ ਸਬੰਧ ਵਿਚ ਖ਼ੁਦ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕਰਕੇ ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਕਰਵਾਉਣ ਲਈ ਪਹਿਲਕਦਮੀ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਵੀਂ ਸਰਕਾਰ ਦੀ ਸਥਾਪਨਾ ਮਗਰੋਂ ਇਸ ਸਬੰਧ ਵਿਚ ਕਾਰਵਾਈ ਸ਼ੁਰੂ ਕਰਨ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਸਦਨ ਦੀ ਮਿਆਦ ਬਾਰੇ ਅਦਾਲਤ ਹੀ ਫ਼ੈਸਲਾ ਕਰ ਸਕਦੀ ਹੈ, ਪਰ ਜੇ ਕੇਂਦਰ ਵਿਚ ਬਣਨ ਵਾਲੀ ਨਵੀਂ ਸਰਕਾਰ ਸਿੱਖ ਸੰਸਥਾ ਦੀਆਂ ਚੋਣਾਂ ਕਰਵਾਉਂਦੀ ਹੈ ਤਾਂ ਉਨ੍ਹਾਂ ਦੀ ਪਾਰਟੀ ਚੋਣਾਂ ਵਾਸਤੇ ਤਿਆਰ ਹੈ। ਐਡਵੋਕੇਟ ਫੂਲਕਾ ਦੀ ਇਸ ਕਾਰਵਾਈ ਨੂੰ ਉਨ੍ਹਾਂ ਸਿਆਸਤ ਨਾਲ ਪ੍ਰੇਰਿਤ ਦੱਸਿਆ। ਇਸ ਬਾਰੇ ਗੱਲ ਕਰਦਿਆਂ ਹੋਰਨਾਂ ਸਿੱਖ ਜਥੇਬੰਦੀਆਂ ਨੇ ਵੀ ਹਾਮੀ ਭਰੀ ਹੈ ਕਿ ਜੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੁੰਦੀਆਂ ਹਨ ਤਾਂ ਉਹ ਇਹ ਚੋਣਾਂ ਲੜਨਗੇ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਖਿਆ ਕਿ ਸਿੱਖ ਸੰਸਥਾ ਦੇ ਮੌਜੂਦਾ ਸਦਨ ਦੀ ਮਿਆਦ 2016 ਵਿਚ ਮੁਕੰਮਲ ਹੋ ਚੁੱਕੀ ਹੈ ਪਰ ਬਾਦਲਾਂ ਨੇ ਇਸ ‘ਤੇ ਕਬਜ਼ਾ ਕੀਤਾ ਹੋਇਆ ਹੈ। ਉਨ੍ਹਾਂ ਐਡਵੋਕੇਟ ਫੂਲਕਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅਕਾਲੀ ਦਲ ਟਕਸਾਲੀ ਚੋਣਾਂ ਵਾਸਤੇ ਤਿਆਰ ਹੈ। ਉਨ੍ਹਾਂ ਆਖਿਆ ਕਿ ਜੇ ਕੇਂਦਰ ਸਰਕਾਰ ਇਹ ਚੋਣਾਂ ਕਰਵਾਉਣ ਵਿਚ ਟਾਲ-ਮਟੋਲ ਕਰੇਗੀ ਤਾਂ ਇਸ ਮਾਮਲੇ ਨੂੰ ਅਦਾਲਤ ਵਿਚ ਲਿਜਾਇਆ ਜਾਵੇਗਾ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਤੰਬਰ 2011 ਵਿਚ ਹੋਈਆਂ ਸਨ, ਪਰ ਉਸ ਵੇਲੇ ਸਹਿਜਧਾਰੀ ਸਿੱਖਾਂ ਵੱਲੋਂ ਵੋਟ ਪਾਉਣ ਦੇ ਮਾਮਲੇ ‘ਤੇ ਇਹ ਚੋਣਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ ਤੇ ਮੁੜ ਇਹ ਮਾਮਲਾ ਸੁਪਰੀਮ ਕੋਰਟ ਵਿਚ ਪੁੱਜ ਗਿਆ ਸੀ।
ਸਰਵਉੱਚ ਅਦਾਲਤ ਨੇ ਸਤੰਬਰ 2016 ਵਿਚ ਇਸ ਮਾਮਲੇ ਬਾਰੇ ਫ਼ੈਸਲਾ ਕਰਦਿਆਂ ਸਤੰਬਰ 2011 ਵਿਚ ਹੋਈਆਂ ਚੋਣਾਂ ਨੂੰ ਠੀਕ ਕਰਾਰ ਦਿੱਤਾ ਸੀ। ਇਸ ਮਗਰੋਂ ਨਵਾਂ ਹਾਊਸ ਬਹਾਲ ਹੋਇਆ ਸੀ। ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਪੰਜ ਵਰ੍ਹਿਆਂ ਮਗਰੋਂ ਹੁੰਦੀਆਂ ਹਨ। ਇਸ ਵਿਚ 170 ਮੈਂਬਰਾਂ ਦੀ ਚੋਣ ਕੀਤੀ ਜਾਂਦੀ ਹੈ ਤੇ 15 ਮੈਂਬਰ ਵੱਖ-ਵੱਖ ਸੂਬਿਆਂ ਤੋਂ ਨਾਮਜ਼ਦ ਕੀਤੇ ਜਾਂਦੇ ਹਨ। ਪੰਜ ਤਖ਼ਤਾਂ ਦੇ ਜਥੇਦਾਰ ਵੀ ਇਸ ਦੇ ਸਥਾਈ ਮੈਂਬਰ ਹਨ, ਉਨ੍ਹਾਂ ਦੀ ਸ਼ਮੂਲੀਅਤ ਨਾਲ ਸ਼੍ਰੋਮਣੀ ਕਮੇਟੀ ਦਾ 190 ਮੈਂਬਰੀ ਸਦਨ ਬਣਦਾ ਹੈ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …