ਕੈਪਟਨ ਅਮਰਿੰਦਰ ਦਾ ਦੋ ਹਫਤਿਆਂ ‘ਚ ਨਸ਼ਾ ਖਤਮ ਕਰਨ ਦਾ ਵਾਅਦਾ ਰਿਹਾ ਚਰਚਾ ‘ਚ
ਜਗਰਾਉਂ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਦੇ ਨਤੀਜੇ ਚਾਹੇ ਕੁਝ ਵੀ ਹੋਣ ਪਰ ਸੱਤਾਧਾਰੀ ਧਿਰ ਸਮੇਤ ਚੋਣ ਮੈਦਾਨ ਵਿਚ ਉੱਤਰੀਆਂ ਹੋਰਨਾਂ ਰਾਜਸੀ ਪਾਰਟੀ ਦੇ ਉਮੀਦਵਾਰਾਂ ਨੂੰ ਸ਼ਾਇਦ ਪਹਿਲੀ ਵਾਰ ਆਮ ਜਨਤਾ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਧ ਪੰਜਾਬ ‘ਚ ਰਾਜ ਕਰ ਰਹੀ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਸਿੱਧੇ ਜਾਂ ਸੋਸ਼ਲ ਮੀਡੀਏ ਰਾਹੀਂ ਚੋਣ ਵਾਅਦੇ ਯਾਦ ਕਰਵਾਏ ਅਤੇ ਪੰਜਾਬ ਵਿਚੋਂ 2 ਹਫ਼ਤਿਆਂ ਵਿਚ ਨਸ਼ਾ ਖ਼ਤਮ ਕਰ ਦੇਣ ਦਾ ਕੈਪਟਨ ਅਮਰਿੰਦਰ ਸਿੰਘ ਦਾ ਚੋਣ ਵਾਅਦਾ ਆਮ ਲੋਕਾਂ ਵਲੋਂ ਚੁੱਕਿਆ ਗਿਆ, ਜੋ ਕਾਂਗਰਸੀਆਂ ਲਈ ਨਮੋਸ਼ੀ ਦਾ ਕਾਰਨ ਬਣਿਆ।
ਇਸ ਮੌਕੇ ਪੰਜਾਬ ਵਿਚ ਸਭ ਤੋਂ ਜ਼ਿਆਦਾ ਲੋਕ ਨਸ਼ਿਆਂ ਤੋਂ ਪੀੜਤ ਹਨ ਤੇ ਸੂਬੇ ਵਿਚ ‘ਚਿੱਟਾ’ ਨਾਮੀ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ, ਜਿਸ ਦਾ ਸੇਵਨ ਕਰਨ ਵਾਲੇ ਪੰਜਾਬ ਦੇ ਨੌਜਵਾਨ ਮੌਤ ਦੇ ਮੂੰਹ ਵਿਚ ਲਗਾਤਾਰ ਜਾ ਰਹੇ ਹਨ ਬੇਸ਼ੱਕ ਸੂਬਾ ਸਰਕਾਰ ਵਲੋਂ ਪੰਜਾਬ ‘ਚ ਨਸ਼ੇ ਦਾ ਲੱਕ ਤੋੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਹਕੀਕਤ ਵਿਚ ਪੰਜਾਬ ‘ਚ ਨਸ਼ਿਆਂ ਦੇ ਉਹੀ ਹਾਲਾਤ ਹਨ, ਜੋ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਸਨ, ਕਿਉਂਕਿ ਸਮੁੱਚੇ ਪੰਜਾਬ ਅੰਦਰ ਨਸ਼ਾ ਮਾਫ਼ੀਏ ਵਲੋਂ ਫਿਰ ਤੋਂ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ। ਪਿੰਡਾਂ ਵਿਚ ਅੱਜ-ਕੱਲ੍ਹ ਖੁੱਲ੍ਹੇਆਮ ‘ਚਿੱਟਾ’ ਆਸਾਨੀ ਨਾਲ ਮਿਲ ਰਿਹਾ ਹੈ ਅਤੇ ਇਸ ਮਾਰੂ ਨਸ਼ੇ ਦੀ ਗ੍ਰਿਫ਼ਤ ਵਿਚ ਆਏ ਨੌਜਵਾਨ ਨਸ਼ੇ ਦੀ ਪੂਰਤੀ ਕਰਨ ਲਈ ਲੁੱਟਾਂ-ਖੋਹਾਂ ਤੇ ਚੋਰੀਆਂ ਕਰਨ ਦੇ ਰਾਹ ਤੁਰੇ ਹੋਏ ਹਨ ਤੇ ਪੰਜਾਬ ਵਿਚ ਨਸ਼ੇ ਕਾਰਨ ਜੁਰਮਾਂ ‘ਚ ਵੀ ਵਾਧਾ ਹੋਇਆ ਹੈ। ਸਭ ਤੋਂ ਵੱਧ ਨਸ਼ਿਆਂ ਤੋਂ ਪੀੜਤ ਉਹ ਪਰਿਵਾਰ ਹਨ, ਜਿਨ੍ਹਾਂ ਦੇ ਬੱਚੇ ‘ਚਿੱਟੇ’ ਦੀ ਲਪੇਟ ਵਿਚ ਹਨ, ਕਿਉਂਕਿ ‘ਚਿੱਟੇ’ ਨਾਮੀ ਨਸ਼ਾ ਬਹੁਤ ਮਹਿੰਗਾ ਹੋਣ ਕਾਰਨ ਨਸ਼ੇੜੀ ਨੌਜਵਾਨਾਂ ਵਲੋਂ ਨਸ਼ਾ ਖ਼ਰੀਦਣ ਲਈ ਆਪਣੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ ਤੇ ਉਕਤ ਪਰਿਵਾਰਾਂ ਵਲੋਂ ਲੰਘੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਾਂਗਰਸ ਦੀ ਇਸ ਲਈ ਮਦਦ ਕੀਤੀ ਕਿ ਚੋਣ ਵਾਅਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਜਲਦੀ ਨਸ਼ਿਆਂ ਦਾ ਖ਼ਾਤਮਾ ਕਰ ਦੇਣਗੇ। ਪਰ ਸੂਬੇ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਬਣੀ ਕਾਂਗਰਸ ਸਰਕਾਰ ਨੇ ਕੁਝ ਮਹੀਨੇ ਨਸ਼ੇ ਖ਼ਿਲਾਫ਼ ਸਖ਼ਤੀ ਕੀਤੀ। ਪਰ ਪਿਛਲੇ ਇਕ ਸਾਲ ਤੋਂ ਪੰਜਾਬ ਵਿਚ ਫਿਰ ਤੋਂ ਨਸ਼ਿਆਂ ਦਾ ਛੇਵਾਂ ਦਰਿਆ ਵਹਿਣ ਲੱਗ ਪਿਆ ਤੇ ਸਖ਼ਤੀ ਕਾਰਨ ਨਸ਼ਿਆਂ ਤੋਂ ਮੁਕਤੀ ਪਾਉਣ ਵਾਲੇ ਨੌਜਵਾਨ ਵੀ ਮੁੜ ਤੋਂ ‘ਚਿੱਟੇ’ ਦੀ ਮਾਰ ਹੇਠ ਆ ਗਏ, ਜਿਨ੍ਹਾਂ ਦੇ ਮਾਪਿਆਂ ਵਲੋਂ ਵੋਟਾਂ ਮੰਗਣ ਆਏ ਜ਼ਿਆਦਾਤਰ ਕਾਂਗਰਸੀ ਉਮੀਦਵਾਰਾਂ ਕੋਲ ਆਪਣੇ ਦੁਖੜੇ ਰੋਏ ਤੇ ਉਮੀਦਵਾਰਾਂ ਨੂੰ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਤੇ ਵਚਨ ਨੂੰ ਪੂਰਾ ਕਰਨ ਲਈ ਆਖਿਆ।
ਸੂਬੇ ਦੇ ਹੋਰਨਾਂ ਹਲਕਿਆਂ ਵਾਂਗੂ ਲੋਕ ਸਭਾ ਹਲਕਾ ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ ਵੀ ਕਈ ਪਿੰਡਾਂ ਵਿਚ ਚੱਲ ਰਹੀ ਨਸ਼ਿਆਂ ਦੀ ਹਨੇਰੀ ਦੀ ਜਾਣਕਾਰੀ ਆਮ ਲੋਕਾਂ ਵਲੋਂ ਦਿੱਤੀ ਗਈ ਤੇ ਪਿੰਡ ਮਲਕ ਵਿਚ ਚੋਣ ਪ੍ਰਚਾਰ ਦੌਰਾਨ ਪੁੱਜੇ ਰਵਨੀਤ ਸਿੰਘ ਬਿੱਟੂ ਕੋਲ ਕਈ ਮਹਿਲਾਵਾਂ ਨੇ ਨਸ਼ੇ ਰੋਕਣ ਦੀ ਫ਼ਰਿਆਦ ਕੀਤੀ। ਇਸ ਤਰ੍ਹਾਂ ਪਿੰਡ ਗਿੱਦੜਵਿੰਡੀ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਕੁਝ ਲੋਕਾਂ ਵਲੋਂ ਨਸ਼ਿਆਂ ਦੇ ਮੁੱਦੇ ‘ਤੇ ਘੇਰਨ ਦੀ ਵੀਡੀਓ ਵਾਇਰਲ ਨੇ ਪੰਜਾਬ ਵਿਚ ਖੁੱਲ੍ਹੇਆਮ ਵਿਕ ਰਹੇ ਚਿੱਟੇ ਵਰਗੇ ਨਸ਼ਿਆਂ ਦੀ ਪੋਲ ਖੋਲੀ। ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਮੁੱਦੇ ‘ਤੇ ਕੋਈ ਟਿੱਪਣੀ ਨਾ ਕਰਨਾ ਸਹੀ ਲਫ਼ਜ਼ਾਂ ਵਿਚ ਸੂਬੇ ਅੰਦਰ ਚੱਲ ਰਹੀ ਨਸ਼ਿਆਂ ਦੀ ਹਨੇਰੀ ਸਾਬਤ ਕਰਦੀ ਹੈ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …