ਪੁਲਿਸ ਵਲੋਂ ਨਕਲੀ ਸ਼ਰਾਬ ਵੇਚਣ ਵਾਲਿਆਂ ਖਿਲਾਫ ਕੇਸ ਦਰਜ
ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਜ਼ਿਲ੍ਹੇ ’ਚ ਪੈਂਦੇ ਹਲਕਾ ਮਜੀਠਾ ਅਧੀਨ ਆਉਂਦੇ ਕੁਝ ਪਿੰਡਾਂ ਵਿਚ ਬੀਤੀ ਰਾਤ ਜ਼ਹਿਰੀਲੀ ਸ਼ਰਾਬ ਪੀਣ ਕਰਕੇ 14 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਵਿਅਕਤੀਆਂ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਨਕਲੀ ਸ਼ਰਾਬ ਵੇਚਣ ਵਾਲਿਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚੱਲਦਿਆਂ ਅੰਮਿ੍ਰਤਸਰ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਅਤੇ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਪੀੜਤ ਪਰਿਵਾਰਾਂ ਤੱਕ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਹੋਰ ਲੋਕਾਂ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੇ ਇਹ ਜ਼ਹਿਰੀਲੀ ਸ਼ਰਾਬ ਪੀਤੀ ਹੈ ਤਾਂ ਉਹ ਆਪਣਾ ਇਲਾਜ ਕਰਵਾਉਣ ਵਾਸਤੇ ਅੱਗੇ ਆਉਣ। ਇਸ ਮਾਮਲੇ ’ਚ ਲਾਪਰਵਾਹੀ ਵਰਤਣ ਕਾਰਨ ਡੀਐਸਪੀ ਸਬ ਡਵੀਜ਼ਨ ਮਜੀਠਾ ਅਤੇ ਐਸ.ਐਚ.ਓ. ਪੁਲਿਸ ਸਟੇਸ਼ਨ ਮਜੀਠਾ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪੁਲਿਸ ਵਲੋਂ ਵੱਡੀ ਕਾਰਵਾਈ ਕਰਦਿਆਂ ਪੰਜ ਵਿਅਕਤੀਆਂ ਨੂੰ ਗਿ੍ਰਫਤਾਰ ਵੀ ਕਰ ਲਿਆ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਪੰਜਾਬ ’ਚ ਕਾਂਗਰਸ ਸਰਕਾਰ ਸਮੇਂ ਵੀ ਇਸ ਇਲਾਕੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 19 ਵਿਅਕਤੀਆਂ ਦੀ ਮੌਤ ਹੋ ਗਈ ਸੀ।