-4.7 C
Toronto
Tuesday, December 16, 2025
spot_img
Homeਪੰਜਾਬਖਹਿਰਾ ਨੂੰ ਛੱਡ ਕੇ ਬਾਕੀ ਬਾਗੀ ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਵਿਚ...

ਖਹਿਰਾ ਨੂੰ ਛੱਡ ਕੇ ਬਾਕੀ ਬਾਗੀ ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਵਿਚ ਲਿਆਉਣ ਦੀਆਂ ਕੋਸ਼ਿਸ਼ਾਂ

ਕੋਰ ਕਮੇਟੀ ਵੱਲੋਂ ਪਾਰਟੀ ਢਾਂਚਾ ਭੰਗ ਕਰਨ ਤੋਂ ਨਾਂਹ
ਚੰਡੀਗੜ੍ਹ : ਆਮ ਆਦਮੀ ਪਾਰਟੀ (‘ਆਪ’) ਪੰਜਾਬ ਦੀ ਕੋਰ ਕਮੇਟੀ ਦੀ ਇੱਥੇ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਹੈ ਕਿ ਲੋਕ ਸਭਾ ਚੋਣਾਂ ਵਿਚ ਹੋਈ ਹਾਰ ਕਾਰਨ ਪੰਜਾਬ ਇਕਾਈ ਦਾ ਢਾਂਚਾ ਭੰਗ ਨਹੀਂ ਕੀਤਾ ਜਾਵੇਗਾ ਅਤੇ ਪਾਰਟੀ ਵਿਚ ਬੂਥ ਤੋਂ ਲੈ ਕੇ ਸੂਬਾ ਪੱਧਰ ਤੱਕ ਨਵੀਂ ਰੂਹ ਫੂਕੀ ਜਾਵੇਗੀ। ਦੱਸਣਯੋਗ ਹੈ ਕਿ ਬਾਗੀ ਧਿਰ ਦੇ ਆਗੂ ਤੇ ਵਿਧਾਇਕ ਕੰਵਰ ਸੰਧੂ ਨੇ ਕਿਹਾ ਸੀ ਕਿ ‘ਆਪ’ ਦਾ ਬਾਗੀ ਧੜਾ ਪੰਜਾਬ ਇਕਾਈ ਨੂੰ ਭੰਗ ਕਰਕੇ ਨਵੇਂ ਸਿਰਿਓਂ ਸਿਆਸੀ ਢਾਂਚਾ ਬਣਾਉਣ ਦੀ ਸ਼ਰਤ ‘ਤੇ ਹੀ ਪਾਰਟੀ ਨਾਲ ਏਕਤਾ ਕਰ ਸਕਦਾ ਹੈ। ਕੋਰ ਕਮੇਟੀ ਦੀ ਮੀਟਿੰਗ ਵਿਚ ਏਕਤਾ ਦੀ ਚੱਲੀ ਗੱਲਬਾਤ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਨੂੰ ਛੱਡ ਕੇ ਬਾਕੀ ਬਾਗੀ ਵਿਧਾਇਕਾਂ ਨੂੰ ਪਾਰਟੀ ਨਾਲ ਜੋੜਨ ਲਈ ਯਤਨ ਜਾਰੀ ਹਨ। ਇਸ ਮੌਕੇ ਸੰਕੇਤ ਦਿੱਤਾ ਕਿ 2-3 ਬਾਗੀ ਵਿਧਾਇਕਾਂ ਨੂੰ ਵਾਪਸ ਪਾਰਟੀ ਵਿਚ ਲਿਆਉਣ ਦੀ ਗੱਲ ਚੱਲ ਰਹੀ ਹੈ। ਮੀਟਿੰਗ ਵਿਚ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਸਮੇਤ ਪੰਜ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਅਮਨ ਅਰੋੜਾ ਅਤੇ ਤਿੰਨ ਮਹਿਲਾ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ, ਸਰਵਜੀਤ ਕੌਰ ਮਾਣੂੰਕੇ ਤੇ ਰੁਪਿੰਦਰ ਕੌਰ ਰੂਬੀ ਹਾਜ਼ਰ ਨਹੀਂ ਹੋਏ। ਦੱਸਣਯੋਗ ਹੈ ਕਿ ਸੰਧਵਾਂ ਪਿਛਲੇ ਸਮੇਂ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸੱਦੀ ਗਈ ਮੀਟਿੰਗ ਵਿਚ ਵੀ ਸ਼ਾਮਲ ਨਹੀਂ ਹੋਏ ਸਨ।
ਮੀਟਿੰਗ ਵਿਚ ਲੋਕ ਸਭਾ ਚੋਣਾਂ ਵਿਚ ਹੋਈ ਹਾਰ ‘ਤੇ ਮੰਥਨ ਕੀਤਾ ਗਿਆ ਸੀ।ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਪਾਰਟੀ ਦੇ ਹਾਰੇ ਉਮੀਦਵਾਰਾਂ ਨਾਲ ਇਕੱਲੇ-ਇਕੱਲੇ ਤੌਰ ‘ਤੇ ਮੀਟਿੰਗਾਂ ਕਰਕੇ ਹਾਰ ਦੇ ਕਾਰਨਾਂ ਦੀ ਜਾਣਕਾਰੀ ਹਾਸਲ ਕੀਤੀ। ਉਮੀਦਵਾਰਾਂ ਦੀ ਫੀਡਬੈਕ ‘ਤੇ ਆਧਾਰਿਤ ਵਿਸਥਾਰ ਰੀਵਿਊ ਰਿਪੋਰਟ ਕੇਜਰੀਵਾਲ ਨੂੰ ਸੌਂਪੀ ਜਾਵੇਗੀ। ਪ੍ਰਿੰਸੀਪਲ ਬੁੱਧ ਰਾਮ ਅਤੇ ਹਰਪਾਲ ਚੀਮਾ ਨੇ ਮੀਟਿੰਗ ਤੋਂ ਬਾਅਦ ਦੱਸਿਆ ਕਿ ਛੇਤੀ ਹੀ ‘ਬਿਜਲੀ ਅੰਦੋਲਨ’ ਦੀ ਰੂਪ-ਰੇਖਾ ਐਲਾਨ ਦਿੱਤੀ ਜਾਵੇਗੀ ਅਤੇ ਸਰਕਾਰ ਨੂੰ ਬਿਜਲੀ ਦੇ ਵਾਰ-ਵਾਰ ਵਧਾਏ ਜਾ ਰਹੇ ਰੇਟ ਘੱਟ ਕਰਨ ਲਈ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਨਵੇਂ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮੰਤਰਾਲੇ ਦਾ ਕਾਰਜਭਾਰ ਸੰਭਾਲ ਕੇ ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ ਤੋਂ ਰਾਹਤ ਦੇਣ ਦੀ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪਿਛਲੀ ਬਾਦਲ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਦੇ ਕੇ ਨਿੱਜੀ ਕੰਪਨੀਆਂ ਨਾਲ ਕੀਤੇ ਗਏ ਲੋਕ-ਮਾਰੂ ਮਹਿੰਗੇ ਬਿਜਲੀ ਖ਼ਰੀਦ ਸਮਝੌਤੇ ਸਰਕਾਰ ਬਣਨ ‘ਤੇ ਰੱਦ ਕਰਨ ਦੇ ਵਾਅਦੇ ਕੀਤੇ ਸਨ ਪਰ ਸਰਕਾਰ ਬਣਨ ‘ਤੇ ਕਥਿਤ ਤੌਰ ‘ਤੇ ਕੈਪਟਨ ਵੀ ਨਿੱਜੀ ਬਿਜਲੀ ਕੰਪਨੀਆਂ ਨਾਲ ਰਲ ਗਏ ਹਨ। ਇਸ ਲਈ ਸਿੱਧੂ ਨੂੰ ਇਹ ਸਮਝੌਤੇ ਰੱਦ ਕਰਕੇ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਚ ਕੀਤਾ ਇਹ ਵਾਅਦਾ ਪੂਰਾ ਕਰਨ ਦਾ ਸੁਨਹਿਰਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਪਾਰਟੀ ਨੂੰ ਬੂਥ ਪੱਧਰ ਤੋਂ ਸੂਬਾ ਪੱਧਰ ਤੱਕ ਨਵੇਂ ਜੋਸ਼ ਨਾਲ ਮਜ਼ਬੂਤ ਕੀਤਾ ਜਾਵੇਗਾ। ਚੀਮਾ ਨੇ ਸਪਸ਼ਟ ਕੀਤਾ ਕਿ ਪਾਰਟੀ ਦਾ ਢਾਂਚਾ ਭੰਗ ਨਹੀਂ ਕੀਤਾ ਜਾਵੇਗਾ ਬਲਕਿ ਇਸ ਵਿਚ ਹੋਰ ਅਹੁਦੇਦਾਰਾਂ ਨੂੰ ਜੋੜ ਕੇ ਮਜ਼ਬੂਤ ਕੀਤਾ ਜਾਵੇਗਾ। ਮੀਟਿੰਗ ਵਿਚ ਕੋਰ ਕਮੇਟੀ ਮੈਂਬਰ ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਕੁਲਵੰਤ ਸਿੰਘ ਪੰਡੋਰੀ ਤੇ ਜੈ ਕਿਸ਼ਨ ਸਿੰਘ ਰੋੜੀ, ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਨਰਿੰਦਰ ਸਿੰਘ ਸ਼ੇਰਗਿੱਲ, ਜਸਟਿਸ ਜੋਰਾ ਸਿੰਘ, ਕਾਕਾ ਸਰਾਂ, ਬਨਦੀਪ ਸਿੰਘ ਬਨੀ ਦੂਲੋਂ ਤੇ ਡਾ.ਤੇਜਪਾਲ ਸਿੰਘ ਆਦਿ ਹਾਜ਼ਰ ਸਨ।

RELATED ARTICLES
POPULAR POSTS