‘ਆਪ’ ਦੀ ਚੋਣ ਪ੍ਰਚਾਰ ਕਮੇਟੀ ਦੇ 13 ਮੈਂਬਰ ਟਿਕਟਾਂ ਦੇ ਇੱਛੁਕ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਵਿਧਾਨ ਸਭਾ ਦੀਆਂ ਸਾਲ 2017 ਵਿੱਚ ਹੋ ਰਹੀਆਂ ਚੋਣਾਂ ਲਈ ਟਿਕਟਾਂ ਵੰਡਣ ਦੀ ਵਿਧੀ ਬੜੀ ਅਜੀਬ ਹੈ ਕਿਉਂਕਿ 16 ਮੈਂਬਰੀ ਚੋਣ ਪ੍ਰਚਾਰ ਕਮੇਟੀ (ਟਿਕਟਾਂ ਵੰਡਣ ਲਈ ਅਧਿਕਾਰਤ ਬਾਡੀ) ਵਿੱਚੋਂ ਤਕਰੀਬਨ 13 ਮੈਂਬਰ ਖੁਦ ਹੀ ਟਿਕਟਾਂ ਦੇ ਚਾਹਵਾਨ ਹਨ। ਚੋਣ ਕਮੇਟੀ ਤੋਂ ਬਾਅਦ ਟਿਕਟਾਂ ਵੰਡਣ ਵਾਲੀ ਉੱਚ ਪੰਜ ਮੈਂਬਰੀ ਸਰਕੀਨਿੰਗ ਕਮੇਟੀ ਵਿੱਚੋਂ ਵੀ ਘੱਟੋ-ਘੱਟ ਦੋ ਮੈਂਬਰ ਟਿਕਟਾਂ ਦੇ ਪੱਕੇ ਚਾਹਵਾਨ ਹਨ। ਕਮੇਟੀ ਵਿੱਚ ‘ਆਪ’ ਦੇ ਕੌਮੀ ਬੁਲਾਰੇ ਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਅਤੇ ਜਥੇਬੰਦਕ ਢਾਂਚੇ ਦੇ ਮੁਖੀ ਦੁਰਗੇਸ਼ ਪਾਠਕ ਤੋਂ ਬਿਨਾਂ ਬਾਕੀ ਸਭ 14 ਮੈਂਬਰ ਪੰਜਾਬ ਨਾਲ ਸਬੰਧਿਤ ਹਨ, ਜਿਨ੍ਹਾਂ ਵਿੱਚ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਸੰਸਦ ਮੈਂਬਰ ਭਗਵੰਤ ਸਿੰਘ ਮਾਨ ਤੇ ਪ੍ਰੋਫੈਸਰ ਸਾਧੂ ਸਿੰਘ, ਯੂਥ ਵਿੰਗ ਦੇ ਪ੍ਰਧਾਨ ਹਰਜੋਤ ਬੈਂਸ, ਕਾਨੂੰਨੀ ਸੈੱਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ, ਐਨਆਰਆਈ ਵਿੰਗ ਦੇ ਮੁਖੀ ਜਗਤਾਰ ਸਿੰਘ ਸੰਘੇੜਾ, ઠਵਿਮੈਨ ਸੈੱਲ ਦੀ ਮੁਖੀ ਪ੍ਰੋਫੈਸਰ ਬਲਜਿੰਦਰ ਕੌਰ, ਸੰਚਾਰ ਵਿੰਗ ਦੇ ਮੁਖੀ ਗੁਰਪ੍ਰੀਤ ਸਿੰਘ ਘੁੱਗੀ, ਕਿਸਾਨ ਵਿੰਗ ਦੇ ਪ੍ਰਧਾਨ ਐਚਐਸ ਕੰਗ ਤੇ ਸੀਨੀਅਰ ਮੀਤ ਪ੍ਰਧਾਨ ਕਰਨਵੀਰ ਸਿੰਘ ਟਿਵਾਣਾ, ਬੁਲਾਰੇ ਯਾਮਨੀ ਗੋਮਰ, ਕੁਲਤਾਰ ਸਿੰਘ ਤੇ ਸੁਖਪਾਲ ਖਹਿਰਾ ਅਤੇ ਬੂਟਾ ਸਿੰਘ ਅਸ਼ਾਂਤ ਸ਼ਾਮਲ ਹਨ। ਇਨ੍ਹਾਂ ਵਿੱਚੋਂ ਸੰਜੇ ਸਿੰਘ ਤੇ ਪਾਠਕ ਸਮੇਤ ਫਰੀਦਕੋਟ ਤੋਂ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਦੀ ਚੋਣ ਲੜਨ ਦੀ ਸੰਭਾਵਨਾ ਨਹੀਂ ਹੈ ਜਦਕਿ ਕਮੇਟੀ ਦੇ ਬਾਕੀ ਕਰੀਬ 13 ਮੈਂਬਰ ਚੋਣ ਲੜਨ ਦੇ ਚਾਹਵਾਨ ਹਨ। ਚੋਣ ਕਮੇਟੀ ਵਿੱਚ ਕੰਵਰ ਸੰਧੂ ਅਤੇ ਜਸਬੀਰ ਸਿੰਘ ਬੀਰ ਸਿੰਘ ਨੂੰ ਵਿਸ਼ੇਸ਼ ਇਨਵਾਈਟੀ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਇਨ੍ਹਾਂ ਦੋਵਾਂ ਵੱਲੋਂ ਵੀ ਉਮੀਦਵਾਰੀ ਲਈ ਆਪਣੇ ਦਾਅਵੇ ਪੇਸ਼ ਕੀਤੇ ਜਾ ਸਕਦੇ ਹਨ।
ਭਗਵੰਤ ਮਾਨ ‘ਤੇ ਕੋਈ ਰੋਕ ਨਹੀਂ:ਸੰਜੇ ਸਿੰਘ
ਸੰਜੇ ਸਿੰਘ ਨੇ ਸਪੱਸ਼ਟ ਕੀਤਾ ਕਿ ਪਾਰਟੀ ਦੇ ਐਮਪੀਜ਼ ਉਪਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲੜਨ ਉਪਰ ਕਿਸੇ ਤਰ੍ਹਾਂ ਦੀ ਰੋਕ ਲਾਉਣ ਦਾ ਕੋਈ ਫੈਸਲਾ ਨਹੀਂ ਹੋਇਆ ਅਤੇ ਉਨ੍ਹਾਂ ਦੇ ਸਿਆਸੀ ਵਿਰੋਧੀ ਅਜਿਹੀਆਂ ਗੁੰਮਰਾਹਕੁੰਨ ਖਬਰਾਂ ਫੈਲਾ ਕੇ ਪਾਰਟੀ ਵਿੱਚ ਗੜਬੜ ਕਰਵਾਉਣ ਦੀਆਂ ਅਸਫ਼ਲ ਕੋਸ਼ਿਸ਼ਾਂ ਕਰ ਰਹੇ ਹਨ।
Check Also
ਸ਼ੋ੍ਰਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ 12 ਅਪ੍ਰੈਲ ਨੂੰ ਹੋਵੇਗੀ
ਡਾ. ਦਲਜੀਤ ਸਿੰਘ ਚੀਮਾ ਨੇ ਦਿੱਤੀ ਜਾਣਕਾਰੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ ਦਲ ਦੀ ਮੌਜੂਦਾ ਕਾਰਜਕਾਰੀ …