
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 10 ਦਿਨਾਂ ਬਾਅਦ ਜਪਾਨ ਅਤੇ ਉਤਰੀ ਕੋਰੀਆ ਤੋਂ ਵਾਪਸ ਪਰਤ ਆਏ ਹਨ। ਮੁੱਖ ਮੰਤਰੀ ਮਾਨ ਨੇ ਆਪਣੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਕੀਤੀ ਹੈ। ਇਸ ਮੌਕੇ ਸੀਐਮ ਮਾਨ ਨੇ ਜਪਾਨ ਅਤੇ ਉਤਰੀ ਕੋਰੀਆ ਵਿਚ ਕੰਪਨੀਆਂ ਅਤੇ ਮੰਤਰੀਆਂ ਨਾਲ ਕੀਤੀਆਂ ਗਈਆਂ ਮੀਟਿੰਗਾਂ ਸਬੰਧੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਈ ਕੰਪਨੀਆਂ ਪੰਜਾਬ ਦੇ ਮੋਹਾਲੀ ਵਿਚ ਇਨਵੈਸਟ ਕਰਨ ਲਈ ਤਿਆਰ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਈ ਕੰਪਨੀਆਂ ਨੇ ਮੋਹਾਲੀ ਨੂੰ ਆਈ.ਟੀ. ਹੱਬ ਬਣਾਉਣ ਵਿਚ ਯੋਗਦਾਨ ਦੇਣ ਲਈ ਕਿਹਾ ਹੈ। ਧਿਆਨ ਰਹੇ ਕਿ ਸੀਐਮ ਭਗਵੰਤ ਮਾਨ 10 ਦਿਨਾਂ ਦੇ ਵਿਦੇਸ਼ ਦੌਰੇ ’ਤੇ ਜਪਾਨ ਅਤੇ ਉਤਰੀ ਕੋਰੀਆ ਗਏ ਸਨ। ਪੰਜਾਬ ਦੇ ਉਦਯੋਗਪਤੀ ਸੰਜੀਵ ਗੁਪਤਾ, ਚੀਫ ਸੈਕਟਰੀ ਕੇ.ਏ.ਪੀ. ਸਿਨਹਾ ਅਤੇ ਇਨਵੈਸਟਮੈਂਟ ਪ੍ਰਮੋਸ਼ਨ ਨਾਲ ਜੁੜੇ ਹੋਏ ਸੀਨੀਅਰ ਅਧਿਕਾਰੀ ਵੀ ਮੁੱਖ ਮੰਤਰੀ ਨਾਲ ਦੌਰੇ ’ਤੇ ਗਏ ਸਨ ਅਤੇ ਇਸ ਦੌਰੇ ਦਾ ਉਦੇਸ਼ ਪੰਜਾਬ ਵਿਚ ਨਿਵੇਸ਼ ਨੂੰ ਵਧਾਉਣਾ ਹੈ।

