ਕਿਹਾ : ਪੰਜਾਬ ਉਸ ਵਿਚ ਸੀ ਜਾਅਲੀ ਨੰਬਰ ਵੰਨ, ਅਸਲੀ ਅਸਾਂ ਬਣਾਵਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ਼ਾਰਿਆਂ ਇਸ਼ਾਰਿਆਂ ’ਚ ਨੈਸ਼ਨਲ ਅਚੀਵਮੈਂਟ ਸਰਵੇ ਨੂੰ ਫਰਜੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਸ ਸਰਵੇ ’ਚ ਪੰਜਾਬ ਨੂੰ ਜਾਅਲੀ ਨੰਬਰ ਵੰਨ ਬਣਾਇਆ ਗਿਆ ਹੈ, ਇਸ ਨੂੰ ਅਸਲੀ ਨੰਬਰ ਵੰਨ ਅਸੀਂ ਬਣਾਵਾਂਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੁੱਖ ਮੰਤਰੀ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕੀਤਾ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਹ ਮੁੱਦਾ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਨੈਸ਼ਨਲ ਅਚੀਵਮੈਂਟ ’ਚ ਪੰਜਾਬ ਨੰਬਰ ਵੰਨ ਬਣਿਆ ਹੈ ਪ੍ਰੰਤੂ ਪੰਜਾਬ ਸਰਕਾਰ ਨੇ ਵਧਾਈ ਤੱਕ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਸਵੀਕਾਰ ਕਰਨਾ ਚਾਹੀਦਾ ਸੀ ਪ੍ਰੰਤੂ ਇਹ ਗੱਲ ਅਲੱਗ ਹੈ ਕਿ ਉਹ ਆਮ ਆਦਮੀ ਪਾਰਟੀ ਦੀ ਪੌਲਿਸੀ ਦੇ ਉਲਟ ਸੀ। ਉਨ੍ਹਾਂ ਪੁੱਛਿਆ ਕਿ ਜਦੋਂ ਆਪਣਾ ਬੇਟਾ ਚੰਗਾ ਕੰਮ ਕਰਕੇ ਆਉਂਦਾ ਹੈ ਤਾਂ ਬਾਪ ਆਪਣੇ ਪੁੱਤਰ ਗਲੇ ਜ਼ਰੂਰ ਲਗਾਉਂਦਾ ਹੈ ਅਤੇ ਇਸ ਦਾ ਸਿਹਰਾ ਪੰਜਾਬ ਦੇ ਸਕੂਲਾਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਸਿੱਖਿਆ ਵਿਭਾਗ ਨੂੰ ਦੇਣਾ ਚਾਹੀਦਾ ਸੀ।