Breaking News
Home / ਪੰਜਾਬ / ਗੋਲੀ ਚੱਲਣ ਪਿੱਛੋਂ ਇੰਦਰਪ੍ਰੀਤ ਦੇ ਹੱਥਾਂ ‘ਚ ਨਹੀਂ ਮਿਲਿਆ ਗੰਨ ਪਾਊਡਰ

ਗੋਲੀ ਚੱਲਣ ਪਿੱਛੋਂ ਇੰਦਰਪ੍ਰੀਤ ਦੇ ਹੱਥਾਂ ‘ਚ ਨਹੀਂ ਮਿਲਿਆ ਗੰਨ ਪਾਊਡਰ

ਫੋਰੈਂਸਿਕ ਰਿਪੋਰਟ ਨੇ ਪੁਲਿਸ ਦੀ ਜਾਂਚ ‘ਤੇ ਚੁੱਕੇ ਸਵਾਲ
ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਦੀ ਖ਼ੁਦਕੁਸ਼ੀ ਵਿੱਚ ਵਰਤੇ ਗਏ ਹਥਿਆਰ ਤੇ ਉਨ੍ਹਾਂ ਦੇ ਹੱਥ ਤੋਂ ਲਏ ਗਏ ਨਮੂਨਿਆਂ ਦੀ ਫੋਰੈਂਸਿਕ ਰਿਪੋਰਟ ਨੇ ਇਸ ਖ਼ੁਦਕੁਸ਼ੀ ਦੀ ਕਹਾਣੀ ਉਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਚੰਡੀਗੜ੍ਹ ਦੀ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਵੱਲੋਂ ਦਿੱਤੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਮੀਕਲ ਜਾਂਚ ਦੌਰਾਨ ਹੱਥਾਂ ਦੇ ਕਿਸੇ ਨਮੂਨੇ ਤੋਂ ਗੋਲੀ ਦੇ ਬਾਰੂਦ (ਗੰਨ ਪਾਊਡਰ) ਦੀ ਮੌਜੂਦਗੀ ਦੇ ਸਬੂਤ ਨਹੀਂ ਮਿਲੇ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਕਾਰਨ ਪੁਲਿਸ ਵੱਲੋਂ ਮੁਹੱਈਆ ਕਰਵਾਏ ਨਮੂਨਿਆਂ ‘ਤੇ ਬਾਰੂਦ ਦੇ ਅੰਸ਼ ਦੀ ਮੌਜੂਦਗੀ ਬਾਰੇ ‘ਕੋਈ ਪੱਕੀ’ ਰਾਏ ਨਹੀਂ ਦੱਸੀ ਜਾ ਸਕਦੀ। ਪੁਲਿਸ ਨੇ ਚੱਢਾ ਦੇ ਦੋਵੇਂ ਹੱਥਾਂ ਤੋਂ ਲਏ ਚਾਰ ਨਮੂਨੇ ਫੋਰੈਂਸਿਕ ਜਾਂਚ ਲਈ ਭੇਜੇ ਸਨ। ਇਹ ਰਿਪੋਰਟ ਪੁਲਿਸ ਨੇ ਪਿਛਲੇ ਦਿਨੀਂ ਸਪਲੀਮੈਂਟਰੀ ਚਲਾਨ ਦੇ ਨਾਲ ਅਦਾਲਤ ਵਿੱਚ ਪੇਸ਼ ਕੀਤੀ ਸੀ, ਜੋ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ। ਮਾਮਲੇ ਦੀ ਤਫ਼ਤੀਸ਼ ਕਰਨ ਵਾਲੀ ਵਿਸ਼ੇਸ਼ ਜਾਂਚ ਟੀਮ (ਸਿੱਟ) ਦੇ ਮੁਖੀ ਆਈ.ਕੇ. ਯਾਦਵ ਨੇ ਇਹ ਆਖਦਿਆਂ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਕਿ ਸਿੱਟ ਆਪਣੀ ਜਾਂਚ ਪੂਰੀ ਕਰ ਕੇ ਰਿਪੋਰਟ ਅਦਾਲਤ ਵਿੱਚ ਪੇਸ਼ ਕਰ ਚੁੱਕੀ ਹੈ। ਉਂਜ ਜਾਂਚ ਨਾਲ ਜੁੜੇ ਇਕ ਹੋਰ ਅਫ਼ਸਰ ਨੇ ਕਿਹਾ ਕਿ ਘਟਨਾ ਵਿੱਚ ਸਿਰਫ਼ ਇਕ ਗੋਲੀ ਚੱਲੀ ਸੀ, ਜਿਸ ਕਾਰਨ ਬਹੁਤ ਥੋੜ੍ਹਾ ਗੰਨ ਪਾਊਡਰ ਹੀ ਨਿਕਲਿਆ ਹੋਵੇਗਾ। ਉਨ੍ਹਾਂ ਕਿਹਾ ਕਿ ਚੱਢਾ ਨੂੰ ਉਨ੍ਹਾਂ ਦਾ ਡਰਾਈਵਰ ਹਸਪਤਾਲ ਲੈ ਕੇ ਗਿਆ ਸੀ ਤੇ ਉਨ੍ਹਾਂ ਦੀ ਦੇਹ ਨਾਲ ਹੋਰਨਾਂ ਲੋਕਾਂ ਦਾ ਵੀ ਸੰਪਰਕ ਹੋਇਆ ਹੋਵੇਗਾ। ਦੱਸਣਯੋਗ ਹੈ ਕਿ ਚੀਫ਼ ਖ਼ਾਲਸਾ ਦੀਵਾਨ ਦੇ ਗੱਦੀਓਂ ਲਾਹੇ ਮੁਖੀ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਚੱਢਾ ਨੇ ਬੀਤੀ 3 ਜਨਵਰੀ ਨੂੰ ਆਪਣੇ ਵਾਹਨ ਵਿੱਚ ਖ਼ੁਦਕੁਸ਼ੀ ਕਰ ਲਈ ਸੀ।
ਪਿਤਾ ਦੀ ਅਸ਼ਲੀਲ ਵੀਡੀਓ ਮਗਰੋਂ ਦਰਜ ਹੋਇਆ ਸੀ ਕੇਸ
ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਅਤੇ ਇਕ ਸਕੂਲ ਦੀ ਮਹਿਲਾ ਪ੍ਰਿੰਸੀਪਲ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਪਿੱਛੋਂ ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਚਰਨਜੀਤ ਸਿੰਘ ਚੱਢਾ ਅਤੇ ਉਨ੍ਹਾਂ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ‘ਤੇ ਕੇਸ ਦਰਜ ਹੋਣ ਤੋਂ ਕੁਝ ਦਿਨ ਪਿੱਛੋਂ ਹੀ ਇੰਦਰਪ੍ਰੀਤ ਸਿੰਘ ਚੱਢਾ ਨੇ ਹਵਾਈ ਅੱਡਾ ਸੜਕ ‘ਤੇ ਆਪਣੇ ਦੋਸਤ ਦੀ ਕੋਠੀ ਦੇ ਬਾਹਰ ਕਾਰ ਵਿਚ ਖੁਦ ਨੂੰ ਗੋਲੀ ਮਾਰ ਲਈ ਸੀ। ਆਈ ਜੀ ਐਲ.ਕੇ. ਯਾਦਵ ਦੀ ਅਗਵਾਈ ਵਿਚ ਬਣੀ ਵਿਸ਼ੇਸ਼ ਜਾਂਚ ਟੀਮ ਨੇ ਮਾਮਲੇ ਦੀ ਜਾਂਚ ਪਿੱਛੋਂ ਅਤੇ ਮ੍ਰਿਤਕ ਦੇ ਖੁਦਕੁਸ਼ੀ ਨੋਟ ਦੇ ਅਧਾਰ ‘ਤੇ ਨੌਂ ਵਿਅਕਤੀਆਂ ਖਿਲਾਫ ਆਤਮ ਹੱਤਿਆ ਲਈ ਉਕਸਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਸੀ। ਮਾਮਲੇ ‘ਚ ਮ੍ਰਿਤਕ ਇੰਦਰਪ੍ਰੀਤ ਸਿੰਘ ਦੇ ਭਰਾ ਹਰਜੀਤ ਸਿੰਘ ਚੱਢਾ, ਮਹਿਲਾ ਪ੍ਰਿੰਸੀਪਲ ਅਤੇ ਉਸਦੇ ਪਤੀ ਵਰੁਣਦੀਪ ਬੁਮਰਾਹ, ਸੀਏ ਵਿਜੇ ਉਮਟ, ਕਾਰੋਬਾਰੀ ਇੰਦਰਪ੍ਰੀਤ ਸਿੰਘ ਆਨੰਦ, ਕਾਰੋਬਾਰੀ ਦਵਿੰਦਰ ਸਿੰਘ ਸੰਧੂ, ਐਨਆਰਆਈ ਮਹਿਲਾ ਕੁਲਜੀਤ ਕੌਰ ਘੁੰਮਣ ਦੀਆਂ ਜ਼ਮਾਨਤਾਂ ਹੋ ਚੁੱਕੀਆਂ ਹਨ, ਜਦਕਿ ਕਾਰੋਬਾਰੀ ਸੁਰਜੀਤ ਸਿੰਘ, ਗੁਰਸੇਵਕ ਸਿੰਘ ਦੀ ਜ਼ਮਾਨਤ ਹੋਣੀ ਬਾਕੀ ਹੈ। ਸੁਰਜੀਤ ਸਿੰਘ ਦੀ ਜ਼ਮਾਨਤ ਹਾਈਕੋਰਟ ਤੋਂ ਵੀ ਖਾਰਜ ਹੋ ਚੁੱਕੀ ਹੈ।

Check Also

ਚੋਣਾਂ ਨੇੜੇ ਆਉਂਦੀਆਂ ਦੇਖ ਸਿਆਸੀ ਆਗੂਆਂ ਨੇ ਡੇਰਿਆਂ ਦੇ ਚੱਕਰ ਲਗਾਉਣੇ ਕੀਤੇ ਸ਼ੁਰੂ

ਪ੍ਰਤਾਪ ਬਾਜਵਾ, ਪ੍ਰਨੀਤ ਕੌਰ ਤੇ ਕੁਲਦੀਪ ਧਾਲੀਵਾਲ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ …