ਭਗਵੰਤ ਮਾਨ ਦੇ ਦਰਬਾਰ ਸਾਹਿਬ ਨਤਮਸਤਕ ਹੋਣ ਮੌਕੇ ਸੰਗਤ ਨੂੰ ਪ੍ਰੇਸ਼ਾਨ ਕਰਨਾ ਮੰਦਭਾਗਾ : ਧਾਮੀ
ਅੰਮ੍ਰਿਤਸਰ/ਬਿਊਰੋ ਨਿਊਜ਼ : ਦੇਸ਼ ਵਿਦੇਸ਼ ਤੋਂ ਪੁੱਜਦੀ ਸੰਗਤ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨਾਲ ਸਬੰਧਤ ਜਾਣਕਾਰੀ ਦੇਣ ਲਈ ਸ਼੍ਰੋਮਣੀ ਕਮੇਟੀ ਨੇ ਸਹਾਇਤਾ ਕੇਂਦਰ ਸਥਾਪਿਤ ਕੀਤਾ ਹੈ, ਜਿਸ ਦਾ ਉਦਘਾਟਨ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਹੈ। ਇਹ ਸਹਾਇਤਾ ਕੇਂਦਰ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ਵਿੱਚ ਬਣਾਇਆ ਗਿਆ ਹੈ।
ਇਸ ਮੌਕੇ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਤੋਂ ਬਾਹਰੋਂ ਆਉਂਦੀ ਸੰਗਤ ਨੂੰ ਕਈ ਵਾਰ ਜਾਣਕਾਰੀ ਨਾ ਹੋਣ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨੂੰ ਦੇਖਦਿਆਂ ਸਹਾਇਤਾ ਕੇਂਦਰ ਸਥਾਪਿਤ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਰਬਾਰ ਸਾਹਿਬ ਨਤਮਸਤਕ ਹੋਣ ਦੌਰਾਨ ਪ੍ਰਸ਼ਾਸਨ ਵੱਲੋਂ ਸੰਗਤ ਨੂੰ ਰੋਕਿਆ ਗਿਆ ਅਤੇ ਪ੍ਰੇਸ਼ਾਨ ਕੀਤਾ ਗਿਆ ਹੈ, ਜੋ ਕਿ ਬੇਹੱਦ ਮੰਦਭਾਗਾ ਹੈ।ਉਨ੍ਹਾਂ ਕਿਹਾ ਕਿ ਇਸ ਮੌਕੇ ਰਸਤਿਆਂ ਵਿੱਚ ਅਤੇ ਪਲਾਜ਼ਾ ਵਿੱਚ ਸੰਗਤ ਨੂੰ ਲੰਮਾਂ ਸਮਾਂ ਰੋਕਿਆ ਗਿਆ।
ਜੰਗਪੁਰਾ ਵਾਸੀ ਹਸਲੀਨ ਕੌਰ ਦੀ ਕੈਨੇਡਾ ‘ਚ ਸਕਾਲਰਸ਼ਿਪ ਲਈ ਚੋਣ
ਬਨੂੜ : ਪਿੰਡ ਜੰਗਪੁਰਾ ਦੇ ਕਿਸਾਨ ਸੁਖਦੇਵ ਸਿੰਘ ਤੇ ਮਨਜੀਤ ਕੌਰ ਦੀ ਧੀ ਹਸਲੀਨ ਕੌਰ (19) ਦੀ ਚੋਣ ‘ਲੈਸਟਰ ਬੀ ਪੀਅਰਸਨ ਇੰਟਰਨੈਸ਼ਨਲ ਸਕਾਲਰਸ਼ਿਪ’ ਪ੍ਰੋਗਰਾਮ ਲਈ ਹੋਈ ਹੈ। ਇਸ ਸਕਾਲਰਸ਼ਿਪ ਤਹਿਤ ਉਸ ਨੂੰ ਕੈਨੇਡਾ ਦੀ ਯੂਨੀਵਰਸਿਟੀ ਆਫ਼ ਟੋਰਾਂਟੋਂ ਵਿੱਚ ਚਾਰ ਸਾਲ ਦੇ ਬੈਚੁਲਰ ਕੋਰਸ ਦੀ ਪੜ੍ਹਾਈ ਸਣੇ ਰਿਹਾਇਸ਼, ਖਾਣ-ਪੀਣ ਅਤੇ ਹੋਰ ਖਰਚਿਆਂ ਲਈ 2000 ਡਾਲਰ ਸਾਲਾਨਾ ਦੀ ਸਹੂਲਤ ਮਿਲੇਗੀ। ਜਾਣਕਾਰੀ ਅਨੁਸਾਰ ਇਸ ਪੁਰਸਕਾਰ ਲਈ ਵਿਸ਼ਵ ਭਰ ‘ਚੋਂ 37 ਵਿਦਿਆਰਥੀ ਚੁਣੇ ਗਏ ਹਨ, ਜਿਨ੍ਹਾਂ ‘ਚੋਂ ਚਾਰ ਭਾਰਤੀ ਹਨ। ਇਨ੍ਹਾਂ ਚਾਰ ਭਾਰਤੀਆਂ ਵਿੱਚ ਜੰਗਪੁਰਾ ਦੀ ਹਸਲੀਨ ਕੌਰ, ਰਾਏਕੋਟ ਦੀ ਮਹਿਕਪ੍ਰੀਤ ਕੌਰ ਸੱਗੂ, ਕਰਨਾਲ ਦਾ ਪਰਮਵੀਰ ਸਿੰਘ ਤੇ ਇੱਕ ਲੜਕਾ ਮਹਾਰਾਸ਼ਟਰ ਦਾ ਸ਼ਾਮਲ ਹਨ।