Breaking News
Home / ਪੰਜਾਬ / ਪੰਜਾਬ ‘ਚ ਆਟਾ-ਦਾਲ ਸਕੀਮ ਦੀ ਨਵੇਂ ਸਿਰੇ ਤੋਂ ਹੋਵੇਗੀ ਪੜਤਾਲ

ਪੰਜਾਬ ‘ਚ ਆਟਾ-ਦਾਲ ਸਕੀਮ ਦੀ ਨਵੇਂ ਸਿਰੇ ਤੋਂ ਹੋਵੇਗੀ ਪੜਤਾਲ

ਖੁਦਕੁਸ਼ੀ ਕਰਨ ਵਾਲੇ ਕਿਸਾਨ ਦੇ ਪਰਿਵਾਰ ਨੂੰ ਮਿਲੇਗਾ ਆਟਾ-ਦਾਲ ਸਕੀਮ ਦਾ ਲਾਭ
ਚੰਡੀਗੜ੍ਹ/ਬਿਊਰੋ ਨਿਊਜ਼
ਅਕਾਲੀ ਭਾਜਪਾ ਆਗੂਆਂ ਵਲੋਂ ਅਪਣੇ ਚਹੇਤਿਆਂ ਨੂੰ ਆਟਾ-ਦਾਲ ਸਕੀਮ ਦਾ ਲਾਭ ਦੇਣ ਲਈ ਬਣਾਏ ਗਏ ਰਾਸ਼ਨ ਕਾਰਡਾਂ ਦੀ ਮੁੱਖ ਮੰਤਰੀ ਨੇ ਨਵੇਂ ਸਿਰੇ ਤੋਂ ਪੜਤਾਲ ਕਰਨ ਦੇ ਹੁਕਮ ਦਿਤੇ ਹਨ। ਇਸੇ ਤਰ੍ਹਾਂ ਮੁੱਖ ਮੰਤਰੀ ਨੇ ਭਵਿੱਖ ਵਿਚ ਲਾਭਪਾਤਰੀਆਂ ਨੂੰ ਦੇਣ ਵਾਲੇ ਸਮਾਰਟ ਕਾਰਡਾਂ ਤੇ ਕਿਸੇ ਵੀ ਸਿਆਸੀ ਆਗੂ ਦੀ ਤਸਵੀਰ ਨਾ ਛਾਪਣ ਦਾ ਵੀ ਫੈਸਲਾ ਲਿਆ ਹੈ। ਯਾਦ ਰਹੇ ਕਿ ਪਿਛਲੇ ਸਮੇਂ ਦੌਰਾਨ ਨੀਲੇ ਕਾਰਡਾਂ, ਬਰਤਨਾਂ ਤੇ 108 ਨੰਬਰ ਐਂਬੂਲੈਂਸ ‘ਤੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਵਲੋਂ ਆਪਣੀਆਂ ਤਸਵੀਰਾਂ ਲਗਾਈਆਂ ਗਈਆਂ ਸਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਟਾ-ਦਾਲ ਸਕੀਮ ਨੂੰ ਹੋਰ ਅਸਰਦਾਰ ਅਤੇ ਵਿਆਪਕ ਬਣਾਉਣ ਲਈ ਨੀਲਾ ਕਾਰਡ ਲਾਭਪਾਤਰੀਆਂ ਦੀ ਸੂਚੀ ਦੀ ਮੁੜ ਪੜਤਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਇਸ ਦੇ ਨਾਲ ਹੀ ਲਾਭਪਾਤਰੀਆਂ ਨੂੰ ਆਧਾਰ ਕਾਰਡ ਨਾਲ ਜੋੜਨ ਦਾ ਫ਼ੈਸਲਾ ਵੀ ਕੀਤਾ ਹੈ। ਇਸ ਸਕੀਮ ਦੇ ਘੇਰੇ ਵਿਚ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਅਤੇ ਬੇਜ਼ਮੀਨੇ ਮਜ਼ਦੂਰਾਂ ਨੂੰ ਵੀ ਲਿਆਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੌਜੂਦਾ ਨੀਲੇ ਕਾਰਡਾਂ ਨੂੰ ਸਮਾਰਟ ਰਾਸ਼ਨ ਕਾਰਡਾਂ ਵਿਚ ਤਬਦੀਲ ਕਰ ਕੇ ਇਸ ਸਕੀਮ ਨੂੰ ਹੋਰ ਜ਼ਿਆਦਾ ਬਿਹਤਰ ਬਣਾਉਣ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਮੌਜੂਦਾ ਕਾਰਡਾਂ ਨੂੰ ਸਿਆਸੀ ਨੇਤਾਵਾਂ ਨਾਲ ਜੋੜਨ ਤੋਂ ਛੁਟਕਾਰਾ ਦਿਵਾਉਣ ਦਾ ਵੀ ਫੈਸਲਾ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਿਛਲੇ 6-7 ਮਹੀਨਿਆਂ ਵਿਚ ਹੀ ਇਸ ਸਕੀਮ ਹੇਠ ਸੱਤ ਲੱਖ ਲਾਭਪਾਤਰੀਆਂ ਨੂੰ ਜੋੜਿਆ ਸੀ। ਖ਼ੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਯੋਜਨਾ ਵਿਚ ਸ਼ਾਮਲ ਕਰਨ ਦੀ ਸਹਿਮਤੀ ਦਿਤੀ ਗਈ।
ਇਕ ਅਨੁਮਾਨ ਅਨੁਸਾਰ 1.39 ਕਰੋੜ ਲਾਭਪਾਤਰੀਆਂ ਵਿਚੋਂ 2-3 ਫ਼ੀ ਸਦੀ ਲਾਭਪਾਤਰੀ ਯੋਗ ਨਹੀਂ ਹਨ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਅਪਣੇ ਸਿਆਸੀ ਮੁਫਾਦਾਂ ਕਾਰਨ ਇਸ ਸੂਚੀ ਵਿਚ ਸ਼ਾਮਲ ਕੀਤਾ ਸੀ। ਮੁੱਖ ਮੰਤਰੀ ਨੇ ਵਿਭਾਗ ਨੂੰ ਇਸ ਸੂਚੀ ਨੂੰ ਘੋਖਣ ਅਤੇ ਅਯੋਗ ਲਾਭਪਾਤਰੀਆਂ ਨੂੰ ਇਸ ਵਿਚੋਂ ਹਟਾਉਣ ਦੇ ਨਿਰਦੇਸ਼ ਦਿਤੇ ਹਨ।ਪਿਛਲੀ ਸਰਕਾਰ ਨੇ ਬਹੁਤ ਸਾਰੇ ਕਾਂਗਰਸੀ ਵਰਕਰਾਂ ਨੂੰ ਇਸ ਸਕੀਮ ਦਾ ਲਾਭ ਦੇਣ ਤੋਂ ਇਨਕਾਰ ਕੀਤਾ ਸੀ। ਮੁੱਖ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਇਸ ਸਕੀਮ ਹੇਠ ਸਿਰਫ਼ ਯੋਗ ਲਾਭਪਾਤਰੀਆਂ ਨੂੰ ਹੀ ਲਾਭ ਦੇਣ ਨੂੰ ਯਕੀਨੀ ਬਣਾਉਣ ਵਾਸਤੇ ਆਖਿਆ ਹੈ। ਮੀਟਿੰਗ ਦੌਰਾਨ ਲਾਭਪਾਤਰੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਨਵੇਂ ਸਮਾਰਟ ਕਾਰਡਾਂ ‘ਤੇ ਕਿਸੇ ਸਿਆਸਤਦਾਨ ਦੀ ਤਸਵੀਰ ਨਾ ਲਾਉਣ ਦਾ ਫੈਸਲਾ ਕੀਤਾ ਗਿਆ।

Check Also

ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ 2024-25 ਲਈ ਬਜਟ ਕੀਤਾ ਗਿਆ ਪੇਸ਼

ਬਜਟ ਇਜਲਾਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਗੂੰਜਿਆ ਅੰਮਿ੍ਰਤਸਰ/ਬਿਊਰੋ ਨਿਊਜ਼ : ਸ਼ੋ੍ਰਮਣੀ …