Breaking News
Home / ਪੰਜਾਬ / ਪੁਲਿਸ ਦੇ ਨੱਕ ਹੇਠ ਹੋ ਰਹੀ ਹੈ ਅਫੀਮ ਦੀ ਖੇਤੀ

ਪੁਲਿਸ ਦੇ ਨੱਕ ਹੇਠ ਹੋ ਰਹੀ ਹੈ ਅਫੀਮ ਦੀ ਖੇਤੀ

ਪਿਛਲੇ 15 ਦਿਨਾਂ ਵਿਚ ਅਫੀਮ ਦੇ ਪੌਦੇ ਮਿਲਣ ਦੇ ਇਹ ਮਾਮਲੇ ਆਏ ਸਾਹਮਣੇ
ਤਰਨਤਾਰਨ ‘ਚ ਬਰਾਮਦ ਹੋ ਰਹੇ ਹਨ ਅਫੀਮ ਦੇ ਪੌਦੇ
ਤਰਨਤਾਰਨ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਚਾਰ ਹਫਤੇ ਅੰਦਰ ਨਸ਼ੇ ਨੂੰ ਖਤਮ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਬੇਸ਼ੱਕ ਪੁਲਿਸ ਨੂੰ ਚਿੱਟੇ ਨੂੰ ਖ਼ਤਮ ਕਰਨ ਦੇ ਆਦੇਸ਼ ਦਿੱਤੇ ਹਨ, ਪਰ ਨਸ਼ੇ ‘ਤੇ ਹੋਈ ਸਖਤੀ ਕਾਰਨ ਤਰਨਤਾਰਨ ਜ਼ਿਲ੍ਹੇ ਵਿਚ ਅਫੀਮ ਦੀ ਖੇਤੀ ਮਿਲਣ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਸਵਾਲ ਆਖਰ ਇਹ ਪੈਦਾ ਹੁੰਦਾ ਹੈ ਕਿ ਕੀ ਇਹ ਖੇਤੀ ਹਰ ਸਾਲ ਕੀਤੀ ਜਾਂਦੀ ਸੀ ਜਾਂ ਫਿਰ ਇਸ ਵਾਰ ਹੀ ਅਜਿਹਾ ਹੋਇਆ ਹੈ। ਆਖਰ ਪੁਲਿਸ ਦੀ ਨਜ਼ਰ ਵਿਚ ਇਹ ਮਾਮਲਾ ਪਹਿਲਾਂ ਕਿਉਂ ਨਹੀਂ ਆਇਆ। ਪੁਲਿਸ ਵਲੋਂ ਚਿੱਟੇ ਦੇ ਖਿਲਾਫ ਮੁਹਿੰਮ ਚਲਾਉਣ ਮਗਰੋਂ ਹੀ ਅਜਿਹੇ ਮਾਮਲੇ ਕਿਉਂ ਸਾਹਮਣੇ ਆਏ। ਇਹ ਕੁਝ ਸਵਾਲ ਹਨ ਜੋ ਜਵਾਬ ਮੰਗਦੇ ਹਨ।
ਤਰਨਤਾਰਨ ਜ਼ਿਲ੍ਹੇ ਵਿਚ ਪਿਛਲੇ ਕਰੀਬ 15 ਦਿਨਾਂ ‘ਚ ਅਫੀਮ ਦੀ ਖੇਤੀ ਮਿਲਦ ਦੇ ਕਈ ਮਾਮਲੇ ਆ ਚੁੱਕੇ ਹਨ। ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਇਕ ਕਾਂਗਰਸੀ ਨੇਤਾ ਦੇ ਕਣਕ ਦੇ ਖੇਤਾਂ ਵਿਚ ਬੀਜੇ ਗਏ ਅਫੀਮ ਦੇ ਡੋਡਿਆਂ ਸਮੇਤ ਇਕ ਵਿਅਕਤੀ ਨੂੰ ਬੀਐਸਐਫ ਵਲੋਂ ਕਾਬੂ ਕੀਤਾ ਜਾ ਚੁੱਕਾ ਹੈ ਜਦਕਿ ਤਰਨਤਾਰਨ ਦੇ ਕਸਬਾ ਭਿੱਖੀਵਿੰਡ ਦੀ ਪੁਲਿਸ ਨੇ ਵੀ ਪਿਛਲੇ ਦਿਨੀਂ ਪੋਸਤ ਦੇ 25 ਬੂਟੇ ਬਰਾਮਦ ਕਰਨ ਦਾ ਦਾਅਵਾ ਕੀਤਾ ਸੀ। ਇਕ ਹੋਰ ਮਾਮਲੇ ਵਿਚ ਥਾਣਾ ਸਿਟੀ ਪੱਟੀ ਪੁਲਿਸ ਨੇ ਵੀ ਰੌਸ਼ਨ ਲਾਲ ਪੁੱਤਰ ਪ੍ਰੀਤਮ ਸਿੰਘ ਨਿਵਾਸੀ ਵਾਰਡ ਨੰਬਰ 2 ਪੱਟੀ ਨਾਮਕ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਅਫੀਮ ਦੇ 12 ਬੂਟੇ ਬਰਾਮਦ ਕੀਤੇ ਸਨ। ਇਕ ਵਾਰ ਫਿਰ ਨਾਰਕੋਟਿਕ ਸੈਲ ਦੀ ਪੁਲਿਸ ਨੇ ਸਰਹੱਦੀ ਪਿੰਡ ਕਾਲੀਆ ਦੇ ਇਕ ਘਰ ਵਿਚ ਪੋਸਤ ਬੀਜੇ ਜਾਣ ਦਾ ਖੁਲਾਸਾ ਕੀਤਾ ਹੈ। ਪੁਲਿਸ ਨੇ ਇਸ ਘਰੋਂ 15 ਕਿਲੋ ਹਰਾ ਪੋਸਤ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ, ਜਦੋਂ ਕਿ ਬੂਟੇ ਬੀਜਣ ਵਾਲਾ ਪੁਲਿਸ ਦੀ ਭਿਣਕ ਲੱਗਦਿਆਂ ਮੌਕੇ ਤੋਂ ਫਰਾਰ ਹੋ ਗਿਆ। ਅਫੀਮ ਦੀ ਖੇਤੀ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲਿਆਂ ਤੋਂ ਹਰ ਕੋਈ ਹੈਰਾਨ ਹੈ ਪਰ ਮੁੱਦਾ ਇਹ ਹੈ ਕਿ ਇਹ ਧੰਦਾ ਅੱਜ ਤੱਕ ਖੁਫੀਆ ਏਜੰਸੀਆਂ ਦੀ ਨਜ਼ਰ ਹੇਠ ਕਿਉਂ ਨਹੀਂ ਆਇਆ।
ਅਫੀਮ ਦੀ ਖੇਤੀ ਦੇ ਹੱਕ ‘ਚ ਆਵਾਜ਼
ਤਰਨਤਾਰਨ ਦੇ ਕਸਬਾ ਸੋਹਲਾ ਸਾਹਿਬ ਵਾਸੀ ਬਾਬਾ ਬਲਕਾਰ ਸਿੰਘ ਵਲੋਂ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿਚ ਅਫੀਮ ਦੀ ਖੇਤੀ ਕਰਨ ਦੇ ਲਈ ਮਨਜੂਰੀ ਦਿਵਾਉਣ ਦੇ ਲਈ ਆਵਾਜ਼ ਚੁੱਕੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਫੀਮ ਦੀ ਖੇਤੀ ਲਈ ਹੋਰਨਾਂ ਰਾਜਾਂ ਦੀ ਤਰ੍ਹਾਂ ਪੰਜਾਬ ਵੀ ਪਰਮਿਟ ਜਾਰੀ ਕਰੇ।
ਸਮਾਜ ਚਿੰਤਕ ਵੀ ਅਫੀਮ ਦੀ ਖੇਤੀ ਮਿਲਣ ਨਾਲ ਹੋਏ ਗੰਭੀਰ
ਪੁਲਿਸ ਵਲੋਂ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਉਣ ਨਾਲ ਭਾਵੇਂ ਹੈਰੋਇਨ ਤੇ ਸਮੈਕ ਦੇ ਨਾਲ-ਨਾਲ ਹੋਰ ਡਰੱਗਜ਼ ਦਾ ਕਾਰੋਬਾਰ ਕਰਨ ਵਾਲੇ ਵੱਡੇ ਮਗਰਮੱਛ ਚੁੱਪ ਹਨ ਪਰ ਲਗਾਤਾਰ ਅਫੀਮ ਦੀ ਖੇਤੀ ਦੇ ਮਾਮਲੇ ਸਾਹਮਣੇ ਆਉਣ ਨਾਲ ਪੁਲਿਸ ਵਿਭਾਗ ਤੇ ਖੁਫੀਆ ਏਜੰਸੀਆਂ ਵੀ ਹਰਕਤ ‘ਚ ਆ ਗਈਆਂ ਹਨ। ਕੀ ਅਫੀਮ ਦੀ ਖੇਤੀ ਹੁਣ ਸ਼ੁਰੂ ਹੋਈ ਹੈ ਜਾਂ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਇਹ ਗੋਰਖਧੰਦਾ ਪੁਲਿਸ ਤੇ ਖੁਫੀਆ ਤੰਤਰ ਤੋਂ ਕਿਵੇਂ ਬਚਿਆ ਰਿਹਾ, ਇਸ ਨੂੰ ਲੈ ਕੇ ਸਮਾਜ ਚਿੰਤਕ ਵੀ ਗੰਭੀਰਤਾ ਨਾਲ ਸੋਚ ਰਹੇ ਹਨ।
ਕਰਵਾਈ ਜਾਵੇਗੀ ਜਾਂਚ : ਐਸ ਐਸ ਪੀ
ਤਰਨਤਾਰਨ ਦੇ ਐਸਐਸਪੀ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਨਸ਼ੇ ਦਾ ਨੈਟਵਰਕ ਤੋੜੇ ਜਾਣ ਦਾ ਪੂਰਾ ਯਤਨ ਕੀਤਾ ਜਾ ਰਿਹਾ ਹੈ। ਹਰ ਰੋਜ਼ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਕਾਬੂ ਕਰਕੇ ਸਲਾਖਾਂ ਦੇ ਪਿੱਛੇ ਭੇਜਿਆ ਜਾ ਰਿਹਾ ਹੈ। ਅਫੀਮ ਦੇ ਬੂਟਿਆਂ ਦੀ ਹੋ ਰਹੀ ਬਰਾਮਦਗੀ ਦੇ ਮਾਮਲੇ ‘ਚ ਉਨ੍ਹਾਂ ਨੇ ਕਿਹਾ ਕਿ ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਲੋਕ ਹਾਲ ਹੀ ‘ਚ ਇਸ ਕਾਰੋਬਾਰ ‘ਤੇ ਲੱਗੇ ਹੋਣਗੇ।

ਪੰਜਾਬ ਵਿਚ 100 ਏਕੜ ਰਕਬੇ ‘ਚ ਬਣੇਗੀ ਫਿਲਮ ਸਿਟੀ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਸਮਾਂਬੱਧ ਢੰਗ ਨਾਲ ਸੂਬੇ ਦੀ ਸੱਭਿਆਚਾਰਕ ਨੀਤੀ ਬਣਾਉਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ 100 ਏਕੜ ਰਕਬੇ ਵਿੱਚ ਫਿਲਮ ਸਿਟੀ ਬਣਾਉਣ ਦੀ ਤਜਵੀਜ਼ ਵੀ ਤਿਆਰ ਕੀਤੀ ਹੈ।  ਸਥਾਨਕ ਸਰਕਾਰਾਂ ਤੇ ਸੱਭਿਆਚਾਰਕ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇੱਥੇ ਪੰਜਾਬ ਭਵਨ ਵਿੱਚ ਪੰਜਾਬ ਦੇ ਸਿਰਮੌਰ ਸਾਹਿਤਕਾਰਾਂ ਦੇ ਚਾਰ ਘੰਟੇ ਵਿਚਾਰ ਸੁਣਨ ਤੋਂ ਬਾਅਦ ਸਾਹਿਤਕਾਰ ਤੇ ਲੇਖਕਾਂ ਨੂੰ ਇਕ ਹਫ਼ਤੇ ਵਿੱਚ ਸੱਭਿਆਚਾਰਕ ਵਿਭਾਗ ਨੂੰ ਲਿਖਤੀ ਸੁਝਾਅ ਭੇਜਣ ਅਤੇ 15 ਦਿਨਾਂ ਬਾਅਦ ਮੁੜ ਮੀਟਿੰਗ ਕਰਨ ਦਾ ਫੈਸਲਾ ਕੀਤਾ। ਇਨ੍ਹਾਂ ਸੁਝਾਵਾਂ ਦੇ ਆਧਾਰ ‘ਤੇ ਸੱਭਿਆਚਾਰਕ ਨੀਤੀ ਦਾ ਖਰੜਾ ਤਿਆਰ ਕਰਕੇ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਉਨ੍ਹਾਂ ਨਸ਼ਿਆਂ, ਬੰਦੂਕਾਂ-ਗੰਡਾਸਿਆਂ ਨੂੰ ਉਤਸ਼ਾਹਿਤ ਕਰਨ ઠਅਤੇ ਧੀਆਂ-ਧਿਆਣੀਆਂ ਨੂੰ ਭੱਦੇ ਢੰਗ ਨਾਲ ਪੇਸ਼ ਕਰਨ ਵਾਲੀ ਗਾਇਕੀ ਨੂੰ ਸੈਂਸਰ ਬੋਰਡ ਜਾਂ ਹੋਰ ਰੋਕਾ ઠਰਾਹੀਂ ਠੱਲ੍ਹਣ ਦੀ ਥਾਂ ਇਸ ਦੇ ਬਰਾਬਰ ਮੁਹਿੰਮ ਚਲਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਕੰਢੀ ਖੇਤਰ ਵਿੱਚ ਸਸਤੀ ਤੇ ਕਾਫ਼ੀ ਜ਼ਮੀਨ ਹੈ ਅਤੇ ਉਹ 100 ਏਕੜ ਵਿੱਚ ਫਿਲਮ ਸਿਟੀ ઠਬਣਾਉਣ ਦੀ ਤਜਵੀਜ਼ ਵੀ ਮੁੱਖ ਮੰਤਰੀ ਕੋਲ ਲੈ ਕੇ ਜਾਣਗੇ। ਉਨ੍ਹਾਂ ਪਾਇਰੇਸੀ ਨੂੰ ਰੋਕਣ ਲਈ ਗੁੰਡਾ ਐਕਟ ਬਣਾਉਣ ਦਾ ਭਰੋਸਾ ਵੀ ਦਿੱਤਾ।ਸਿੱਧੂ ਨੇ ਵਿਰਸਾ ਵਿਹਾਰ ਕੇਂਦਰਾਂ ਵਿੱਚ ਲੱਗ ਰਹੀਆਂ ਕਮਰਸ਼ੀਅਲ ਪ੍ਰਦਰਸ਼ਨੀਆਂ ਰੋਕ ਕੇ ਸੱਭਿਆਚਾਰਕ ਕੇਂਦਰ ਵਜੋਂ ਵਿਕਸਤ ਕਰਨ ਦੇ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੂੰ ਆਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਧਾਰਮਿਕ ਤੇ ਵਿਰਾਸਤੀ ਥਾਵਾਂ ਦੇ ਸੈਲਾਨੀਆਂ ਲਈ ਵਿਸ਼ੇਸ਼ ਸਰਕਟ ਬਣਾਏ ਜਾਣਗੇ। ਮੀਟਿੰਗ ਦੌਰਾਨ ਸਾਹਿਤਕਾਰਾਂ ਤੇ ਲੇਖਕਾਂ ਨੇ ਸਿੱਧੂ ਨੂੰ ਉਨ੍ਹਾਂ ਦੇ ਲਹਿਜੇ ਅਨੁਸਾਰ ਟੋਟਕਿਆਂ ਦੇ ਰੂਪ ਵਿੱਚ ਹੀ ਵਿਚਾਰ ਦਿੱਤੇ ਅਤੇ ਕਈ ਵਾਰ ਮੀਟਿੰਗ ਵਿੱਚ ਠਹਾਕੇ ਗੂੰਜਦੇ ਰਹੇ। ਸ਼ਾਇਰ ਸੁਰਜੀਤ ਪਾਤਰ ਨੇ ਕਿਹਾ ਕਿ ਪੰਜਾਬ ਨੂੰ ਮੁੜ ਪੰਜਾਬ ਬਣਾਉਣ ਦੀ ਨੀਤੀ ਘੜਨ ਦੀ ਲੋੜ ਹੈ। ਇਸ ਤੋਂ ਇਲਾਵਾ ਪੰਜਾਬੀਆਂ ਦੇ ਬਚਪਨ ਤੇ ਜਵਾਨੀ ਬਚਾਉਣ ਲਈ ਉਨ੍ਹਾਂ ਦੀ ਮਾਨਸਿਕਤਾ ਬਦਲਣ ਦੀ ਲੋੜ ਹੈ ਕਿਉਂਕਿ ਸੱਭਿਆਚਾਰ ਕਿਸੇ ਵੀ ਦੇਸ਼ ਦੀ ਆਤਮਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਹੁਣ ਚੰਗੇ ਸ਼ਬਦ ਤੇ ਸੰਗੀਤ ਪੱਛੜਦਾ ਜਾ ਰਿਹਾ ਹੈ ਅਤੇ ‘ਡਿਸਕਵਰੀ ਆਫ ਪੰਜਾਬ’ ਤੇ ‘ਕੌਫੀ ਟੇਬਲ ਬੁੱਕ’ ਲਿਖਣ ਦੀ ਵੀ ਲੋੜ ਜਾਪਦੀ ਹੈ। ਪੰਜਾਬ ਕਲਾ ਪ੍ਰੀਸ਼ਦ ਦੇ ਸਾਬਕਾ ਸਕੱਤਰ ਜਨਰਲ ਪ੍ਰੋ. ਰਾਜਪਾਲ ਸਿੰਘ ਨੇ ਕਿਹਾ ਕਿ ‘ਕਲਚਰਲ ਵਿਲੇਜ’ ਅਤੇ ਕਲਚਰਲ ਰੋਡ ਮੈਪ ਬਣਾਉਣਾ ਸਮੇਂ ਦੀ ਮੰਗ ਹੈ। ਡਾ. ਦੀਪਕ ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਤਕਰੀਬਨ ਪੰਜਾਬ ਦੇ ਹਰੇਕ ਮੁੱਖ ਮੰਤਰੀ ਨਾਲ ਸੱਭਿਆਚਾਰਕ ਨੀਤੀ ਬਣਾਉਣ ਬਾਰੇ ਚਰਚਾ ਹੋਈ ਹੈ ਪਰ ਅੱਜ ਤੱਕ ਇਹ ਨੀਤੀ ਕਿਸੇ ਸਿਰੇ ਨਹੀਂ ਲੱਗੀ। ਮੀਟਿੰਗ ਚ ਬਤੌਰ ਕਲਾਕਾਰ ਪੁੱਜੇ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਵੜੈਚ ਨੇ ਕਿਹਾ ਕਿ ਕਿਸੇ ਹੋਰ ਭਾਸ਼ਾ ਦੀ ਕੀਮਤ ‘ਤੇ ਮਾਂ ਬੋਲੀ ਨੂੰ ਦਾਅ ਉਪਰ ਲਾਉਣਾ ਦਰੁਸਤ ਨਹੀਂ ਹੈ। ਸਾਬਕਾ ਆਈਏਐਸ ਅਧਿਕਾਰੀ ਡਾ. ਕਰਮਜੀਤ ਸਰਾਂ ਨੇ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ਉਪਰ ਚੋਟਾਂ ਕਰਦਿਆਂ ਕਿਹਾ ਕਿ ਵਿਦੇਸ਼ੀਆਂ ਕੋਲੋਂ ਪੰਜਾਬ ਦੀ ਸੱਭਿਆਚਾਰਕ ਨੀਤੀ ਬਣਾਉਣ ਉਪਰ 2.31 ਕਰੋੜ ਰੁਪਏ ਖਰਚੇ ਗਏ ਪਰ ਇਹ ਨੀਤੀ ਸੱਭਿਆਚਾਰਕ ਵਿਭਾਗ ਦੀ ਅਲਮਾਰੀ ਵਿੱਚ ਬੰਦ ਪਈ ਹੈ। ਲੋਕ ਗਾਇਕ ਪੰਮੀ ਬਾਈ ਨੇ ਨਸ਼ਿਆਂ ਤੇ ਹਥਿਆਰਾਂ ਨੂੰ ਪ੍ਰਫੁੱਲਤ ਕਰਨ ਵਾਲੀ ਗਾਇਕੀ ਨੂੰ ਰੋਕਣ ਅਤੇ ਪੰਜਾਬ ਦੇ ਗਾਇਕਾਂ ਨੂੰ ਅੱਖੋਂ-ਪਰੋਖੇ ਕਰਕੇ ਬੌਲੀਵੁੱਡ ਦੇ ਕਲਾਕਾਰਾਂ ਉਪਰ ਕਰੋੜਾਂ ਰੁਪਏ ਰੋੜ੍ਹਨ ਦੀਆਂ ਨੀਤੀਆਂ ਰੱਦ ਕਰਨ ਦੀ ਮੰਗ ਕੀਤੀ।
ਜਦੋਂ ਅਨਿਲ ਅੰਬਾਨੀ ਦੀ ਆਫਰ ਨੇ ਕੈਪਟਨ
ਦੀ ਬੋਲਤੀ ਬੰਦ ਕਰਵਾ ਦਿੱਤੀ
ਨਿਵੇਸ਼ ਦਾ ਸੱਦਾ ਦੇਣ ਮੁੰਬਈ ਗਏ ਕੈਪਟਨ ਅਮਰਿੰਦਰ ਸਿੰਘ ਦੇ ਲਈ ਉਸ ਸਮੇਂ ਵੱਡੀ ਸਮੱਸਿਆ ਖੜ੍ਹੀ ਹੋ ਗਈ ਜਦੋਂ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਉਨ੍ਹਾਂ ਨੂੰ 1.70 ਰੁਪਏ ਪ੍ਰਤੀ ਯੂਨਿਟ ਬਿਜਲੀ ਵੇਚਣ ਦਾ ਆਫ਼ਰ ਦੇ ਦਿੱਤਾ। ਦਰਅਸਲ ਸਾਰੇ ਵੱਡੇ ਉਦਯੋਗਪਤੀਆਂ ਨੂੰ ਪੰਜਾਬ ‘ਚ ਨਿਵੇਸ਼ ਕਰਨ ਦੇ ਲਈ ਕੈਪਟਨ ਸਰਕਾਰ ਦੀ ਸਭ ਤੋਂ ਵੱਡੀ ਆਫ਼ਰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਉਣਾ ਹੈ। ਪ੍ਰੰਤੂ ਜਦੋਂ ਪੰਜਾਬ ਸਰਕਾਰ ਦੇ ਆਫ਼ਰ ਤੋਂ ਤਿੰਨ ਗੁਣਾ ਘੱਟ ਰੇਟ ‘ਤੇ ਆਫ਼ਰ ਅਨਿਲ ਅੰਬਾਨੀ ਨੇ ਕਰ ਦਿੱਤੀ ਤਾਂ ਕੈਪਟਨ ਦੇ ਕੋਲ ਕੋਈ ਜਵਾਬ ਨਹੀਂ ਰਿਹਾ।
ਕੈਨੇਡਾ ਦੇ ਸਿੱਖ ਖਾਲਿਸਤਾਨੀ ਕਿਸ ਤਰ੍ਹਾਂ?
ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ ਸਮਰਥਕ ਕਹਿ ਕੇ ਮੁਸੀਬਤ ਗਲ ਪਾ ਲਈ ਹੈ। ਉਨ੍ਹਾਂ ਦਾ ਚਾਰੇ ਪਾਸੇ ਵਿਰੋਧ ਹੋ ਰਿਹਾ ਹੈ। ਕੋਈ ਇਸ ਕੈਪਟਨ ਦੀ ਨਿੱਜੀ ਖੁੰਦਕ ਦੱਸ ਰਿਹਾ ਹੈ ਤੇ ਕੋਈ ਇਸ ਨੂੰ ਓਨਟਾਰੀਓ ਸਰਕਾਰ ਵੱਲੋਂ 1984 ਦੇ ਸਿੱਖ ਕਤਲੇਆਮ ਦੇ ਖਿਲਾਫ਼ ਪਾਸ ਕੀਤੇ ਮਤੇ ਦੇ ਵਿਰੋਧ ਦੇ ਕਾਰਨ ਚੁੱਕਿਆ ਗਿਆ ਕਦਮ ਦੱਸਿਆ ਜਾ ਰਿਹਾ ਹੈ।
ਸੀਐਮਓ ‘ਚ ਇਸ ਗੱਲ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ ਕਿ ਆਖਰ ਕੈਪਟਨ ਨੇ ਇਹ ਬਿਆਨ ਕਿਉਂ ਦਿੱਤਾ। ਕੈਪਟਨ ਖੁਦ ਆਪਣੇ ਪਿਛਲੇ ਪ੍ਰੋਗਰਾਮ ‘ਚ ਕੈਨੇਡਾ ਦੌਰੇ ਦੇ ਦੌਰਾਨ ਜਦੋਂ ਉਹ ਡਿਕਸੀ ਗੁਰੂਘਰ ਗਏ ਸਨ। ਜਿਸ ਸਟੇਜ ਤੋਂ ਉਨ੍ਹਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ ਉਸ ਦੇ ਪਿੱਛੇ ਲਿਖਿਆ ਹੋਇਆ ਸੀ ਖਾਲਿਸਤਾਨ ਜ਼ਿੰਦਾਬਾਦ। ਜਦੋਂ ਇਸ ਨੂੰ ਲੈ ਕੇ ਪੰਜਾਬ ‘ਚ ਉਨ੍ਹਾਂ ਨੂੰ ਵਿਰੋਧੀਆਂ ਨੇ ਘੇਰਿਆ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਉਥੇ ਰਹਿਣ ਵਾਲੇ ਸਾਰੇ ਖਾਲਿਸਤਾਨੀ ਨਹੀਂ ਪ੍ਰੰਤੂ ਹੁਣ ਖੁਦ ਉਨ੍ਹਾਂ ਨੂੰ ਇਕ ਦੇਸ਼ ਦੇ ਰੱਖਿਆ ਮੰਤਰੀ ਨੂੰ ਮਿਲਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਖਾਲਿਸਤਾਨੀ ਸਮਰਥਕ ਹਨ।  ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਦਾ ਪੰਜਾਬ ਦਾ ਕਿਸੇ ਵੀ ਮੰਤਰੀ ਨੂੰ ਮਿਲਣ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੈ।
ਪ੍ਰਸੋਨਲ ਵਿਭਾਗ ਤਿਆਰ ਕਰ ਰਿਹਾ ਹੈ ਫਾਈਲ,
ਹੁਣ ਕੀ ਬਣੇਗਾ ਚੀਮਾ ਦਾ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਲੂ ਆਈਡ ਬੁਆਏ ਰਹੇ ਕੇਜੇਐਸ ਚੀਮਾ ਦੀ ਪੰਜਾਬ ਤੋਂ ਰਵਾਨਗੀ ਤਹਿ ਹੈ। ਚੀਮਾ ਨੇ ਮੁੱਖ ਮੰਤਰੀ ਦਫ਼ਤਰ (ਸੀਐਮਓ) ‘ਚ ਰਹਿੰਦੇ ਹੋਏ ਬੇਸ਼ਕ ਆਪਣੇ ਖਿਲਾਫ਼ ਆਏ ਸਾਰੇ ਰਿਕਾਰਡ ਗਾਇਬ ਕਰਵਾ ਦਿੱਤੇ ਹਨ ਪ੍ਰੰਤੂ ਸਰਕਾਰ ਨੇ ਇਹ ਰਿਕਾਰਡ ਕੇਂਦਰ ਸਰਕਾਰ ਤੋਂ ਫਿਰ ਮੰਗਵਾ ਲਏ ਹਨ। ਇਸ ‘ਚ ਉਨ੍ਹਾਂ ਦੇ ਖਿਲਾਫ਼ ਜਾਰੀ ਹੋਈ ਚਾਰਜਸ਼ੀਟ ਵੀ ਸ਼ਾਮਲ ਹੈ। ਚੀਮਾ ਲੰਬੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅੱਖ ‘ਚ ਰੜਕ ਰਹੇ ਹਨ। ਪ੍ਰਸੋਨਲ ਵਿਭਾਗ ਉਨ੍ਹਾਂ ਦੇ ਖਿਲਾਫ਼ ਫਾਈਲ ਤਿਆਰ ਕਰ ਰਿਹਾ ਹੈ, ਲਗਦਾ ਹੈ ਕਿ ਉਨ੍ਹਾਂ ਦੀ ਪੰਜਾਬ ਤੋਂ ਰਵਾਨਗੀ ਦੇ ਆਰਡਰ ਜਲਦੀ ਹੀ ਆਉਣ ਵਾਲੇ ਹਨ।
ਬਰਗਾੜੀ ਵਰਗੇ 120 ਕਾਂਡ ਹੋਏ
ਕੈਪਟਨ ਸਰਕਾਰ ਨੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਖਾਰਜ ਕਰਕੇ ਬਰਗਾੜੀ ਕਾਂਡ ਦੀ ਜਾਂਚ ਦੇ ਲਈ ਫਿਰ ਤੋਂ ਨਵੇਂ ਕਮਿਸ਼ਨ ਦਾ ਗਠਨ ਕਰ ਦਿੱਤਾ ਹੈ। ਇਹ ਛੇ ਮਹੀਨੇ ‘ਚ ਰਿਪੋਰਟ ਦੇਵੇਗਾ ਪ੍ਰੰਤੂ ਗ੍ਰਹਿ ਵਿਭਾਗ ਨੇ ਪੁਲਿਸ ਮਹਿਕਮੇ ਤੋਂ ਜੋ ਰਿਪੋਰਟ ਮੰਗਵਾਈ ਹੈ ਉਹ ਬਹੁਤ ਹੀ ਹੈਰਾਨ ਕਰਨ ਵਾਲੀ ਹੈ। ਪਤਾ ਲੱਗਿਆ ਹੈ ਕਿ ਪਿਛਲੇ ਦੋ ਸਾਲਾਂ ‘ਚ ਹੀ ਅਜਿਹੇ 120 ਕਾਂਡ ਹੋਏ, ਜਿਨ੍ਹਾਂ ‘ਚ ਵੱਖ-ਵੱਖ ਧਰਮਾਂ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਹੋਈ ਹੈ। ਪ੍ਰੰਤੂ ਸਭ ਤੋਂ ਕਮਾਲ ਦੀ ਗੱਲ ਇਹ ਹੈ ਕਿ ਸਰਕਾਰ ਕੇਵਲ ਇਹ ਜਾਨਣ ਦੇ ਲਈ ਕਮਿਸ਼ਨ ਬਣਾ ਰਹੀ ਹੈ ਕਿ ਬਹਿਬਲ ਕਲਾਂ ‘ਚ ਪੁਲਿਸ ਨੇ ਜੋ ਕਾਰਵਾਈ ਕੀਤੀ ਉਸ ਦੇ ਲਈ ਦੋਸ਼ੀ ਕੌਣ ਹੈ? ਜਦਕਿ ਇਹ ਜਾਨਣ ਦੀ ਕੋਸ਼ਿਸ਼ ਹੀ ਨਹੀਂ ਹੋ ਰਹੀ ਕਿ ਆਖਰ ਵਾਰ-ਵਾਰ ਇਹ ਘਟਨਾਵਾਂ ਕਿਉਂ ਹੋ ਰਹੀਆਂ ਹਨ? ਪੁਲਿਸ ਨੂੰ ਸ਼ੱਕ ਹੈ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੇ ਲਈ ਸਲੀਪਰ ਸੈਲਜ਼ ਦੇ ਰਾਹੀਂ ਇਸ ਤਰ੍ਹਾਂ ਦੇ ਕਾਂਡ ਕੀਤੇ ਜਾ ਰਹੇ ਹਨ। ਕਮਾਲ ਦੀ ਗੱਲ ਇਹ ਹੈ ਕਿ ਇਸ ਐਂਗਲ ਤੋਂ ਜਾਂਚ ਕਰਨ ਦੇ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

Check Also

ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ

ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …