0.4 C
Toronto
Saturday, January 17, 2026
spot_img
Homeਪੰਜਾਬ.. ਆਖਰ ਕਿੱਥੋਂ ਲੱਭ ਲਿਆਈਏ ਖੁਦਕੁਸ਼ੀਆਂ ਦੇ ਸਬੂਤ?

.. ਆਖਰ ਕਿੱਥੋਂ ਲੱਭ ਲਿਆਈਏ ਖੁਦਕੁਸ਼ੀਆਂ ਦੇ ਸਬੂਤ?

ਖੁਦਕੁਸ਼ੀਆਂ, ਕਰਜ਼ਾ ਤੇ ਮੁਆਵਜ਼ੇ ਦੀ ਘੁੰਮਣਘੇਰੀ ‘ਚ ਫਸੇ ਮਾਲਵੇ ਦੇ ਕਿਸਾਨ, ਮੁਆਵਜ਼ਾ ਲੈਣ ਲਈ ਦਰ-ਦਰ ਭਟਕ ਰਹੇ ਪੀੜਤ ਪਰਿਵਾਰ
ਮਾਨਸਾ : ਇਕ ਪਾਸੇ ਤਾਂ ਨਵੀਂ ਬਣੀ ਕਾਂਗਰਸ ਸਰਕਾਰ ਯੂਪੀ ਦੀ ਭਾਜਪਾ ਸਰਕਾਰ ਤੋਂ ਵੀ ਵਧੀਆ ਤੇ ਵੱਡੇ ਪੱਧਰ ‘ਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਕਰਦੀ ਹੈ ਜਦਕਿ ਹਕੀਕਤ ਇਹ ਹੈ ਕਿ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰ ਸਰਕਾਰ ਕੋਲੋਂ ਮੁਆਵਜ਼ਾ ਪ੍ਰਾਪਤ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਮਾਲਵਾ ਦੇ ਚਾਰ ਜ਼ਿਲ੍ਹੇ ਮਾਨਸਾ, ਬਠਿੰਡਾ, ਬਰਨਾਲਾ ਤੇ ਸੰਗਰੂਰ ਵਿਚ ਪਿਛਲੇ ਸਾਢੇ਀ਿ ਤੰਨ ਸਾਲਾਂ ਵਿਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੇ ਸਰਕਾਰ ਕੋਲ ਆਏ 1193 ਕੇਸਾਂ ਵਿਚੋਂ ਸਿਰਫ 336 ਨੂੰ ਹੀ ਮੁਆਵਜ਼ੇ ਲਈ ਯੋਗ ਪਾਇਆ ਗਿਆ ਜਦਕਿ ਬਾਕੀ 957 ਕੇਸਾਂ ਨੂੰ ਵੱਖ-ਵੱਖ ਸ਼ਰਤਾਂ ਪੂਰੀਆਂ ਨਾ ਕਰਨ ਦੇ ਅਧਾਰ ‘ਤੇ ਰੱਦ ਕਰ ਦਿੱਤਾ ਗਿਆ। ਇਸ ਕਾਰਨ ਇਨ੍ਹਾਂ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਨਹੀਂ ਮਿਲ ਸਕਿਆ। ਪੰਜਾਬ ਸਰਕਾਰ ਵਲੋਂ ਮੁਆਵਜ਼ਾ ਲੈਣ ਦੀਆਂ ਤੈਅ ਕੀਤੀਆਂ ਸ਼ਰਤਾਂ ਸਖ਼ਤ ਹੀ ਨਹੀਂ, ਬਲਕਿ ਇਨ੍ਹਾਂ ਨੂੰ ਪੂਰਾ ਕਰਨਾ ਵੀ ਔਖਾ ਹੈ।  ਇਸੇ ਕਰਕੇ ਖੁਦਕੁਸ਼ੀਆਂ ਕਰ ਚੁੱਕੇ ਬਹੁਤੇ ਕਿਸਾਨਾਂ ਦੇ ਪਰਿਵਾਰ ਸਬੂਤਾਂ ਦੀਆਂ ਸ਼ਰਤਾਂ ਪੂਰੀਆਂ ਨਾ ਕਰ ਸਕਣ ਕਰਕੇ ਮੁਆਵਜ਼ੇ ਤੋਂ ਵਾਂਝੇ ਹਨ। ਮਾਲਵਾ ਖੇਤਰ ਦੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਤੇ ਮਜ਼ਦੂਰਾਂ ਦੇ 80 ਫੀਸਦੀ ਕੇਸ ਸਰਕਾਰੀ ਅਧਿਕਾਰੀਆਂ ਵਲੋਂ ਅਨਫਿਟ ਐਲਾਨ ਦਿੱਤੇ ਜਾਣ ਕਾਰਨ ਉਨ੍ਹਾਂ ਦੇ ਪਰਿਵਾਰ ਨਾ ਸਿਰਫ ਚਿੰਤਾ ਵਿਚ ਹਨ, ਸਗੋਂ ਦਰ-ਦਰ ਭਟਕ ਵੀ ਰਹੇ ਹਨ।
ਕਿਹੜੇ ਜ਼ਿਲ੍ਹੇ ‘ਚ ਕਿੰਨੀਆਂ ਕਿਸਾਨ ਖੁਦਕੁਸ਼ੀਆਂ
ਮਾਲਵਾ ‘ਚ ਫਸਲ ਖਰਾਬੇ ਤੇ ਕਰਜ਼ੇ ਤੋਂ ਪਰੇਸ਼ਾਨ ਕਿਸਾਨਾਂ ‘ਚ ਮਾਨਸਾ, ਬਠਿੰਡਾ, ਸੰਗਰੂਰ ਤੇ ਬਰਨਾਲਾ ‘ਚ 1193 ਕਿਸਾਨ ਤੇ ਮਜ਼ਦੂਰਾਂ ਵਲੋਂ ਖੁਦਕੁਸ਼ੀ ਕੀਤੀ ਗਈ। ਸਰਕਾਰ ਵਲੋਂ 336 ਕੇਸ ਮੁਆਵਜ਼ੇ ਲਈ ਪਾਸ ਕੀਤੇ ਗਏ ਤੇ 858 ਕੇਸ ਰੱਦ ਕਰ ਦਿੱਤੇ ਗਏ।
ਮੁਆਵਜ਼ੇ ਦੀ ਉਡੀਕ ਕਰ ਰਹੇ ਪਰਿਵਾਰਾਂ ਨੇ ਦੱਸੀ ਆਪਣੀ ਹਾਲਤ
ਪਿੰਡ ਭੈਣੀਬਾਘਾ ਦੇ 15 ਸਤੰਬਰ 2016 ‘ਚ ਖੁਦਕੁਸ਼ੀ ਕਰ ਚੁੱਕੇ ਕਿਸਾਨ ਕੁਲਵੰਤ ਸਿੰਘ ਦੀ ਪਤਨੀ ਜਸਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਸਿਰ 10 ਲੱਖ ਦਾ ਕਰਜ਼ਾ ਹੈ। ਗੁਰਪ੍ਰੀਤ ਸਿੰਘ ਦੀ ਮਾਂ ਸੁਖਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ 29 ਜੁਲਾਈ 2014 ਨੂੰ ਚਾਰ ਲੱਖ ਦੇ ਕਰਜ਼ੇ ਦੀ ਪਰੇਸ਼ਾਨੀ ਕਾਰਨ ਖੁਦਕੁਸ਼ੀ ਕਰ ਲਈ ਸੀ। ਬਲਦੇਵ ਸਿੰਘ ਦੀ ਪਤਨੀ ਮਨਜੀਤ ਕੌਰ ਮੁਤਾਬਕ ਉਸਦਾ ਪਤੀ 21 ਨਵੰਬਰ 2016 ਨੂੰ ਢਾਈ ਲੱਖ ਦੇ ਕਰਜ਼ੇ ਤੋਂ ਪਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਗਿਆ। ਜਸਪ੍ਰੀਤ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਪਤੀ 7 ਲੱਖ ਰੁਪਏ ਦੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰ ਗਿਆ। ਕਰਮਗੜ੍ਹ ਔਤਾਂਵਾਲੀ ਦੇ ਜਗਦੀਸ਼ ਸਿੰਘ ਦੀ ਦਾਦੀ ਮੁਤਾਬਕ ਆੜ੍ਹਤੀਏ ਦੇ ਕਰਜ਼ੇ ਤੋਂ ਤੰਗ ਹੋ ਕੇ ਪਹਿਲਾਂ ਪੁੱਤਰ ਨੇ ਖੁਦਕੁਸ਼ੀ ਕੀਤੀ ਤੇ ਹੁਣ ਪੋਤੇ ਨੇ ਘਰ ਦੀ ਨਿਲਾਮੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਸਾਰਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਰਤਾਂ ਪੂਰੀਆਂ ਨਾ ਹੋਣ ਕਾਰਨ ਅੱਜ ਤੱਕ ਮੁਆਵਜ਼ਾ ਨਹੀਂ ਮਿਲਿਆ।

RELATED ARTICLES
POPULAR POSTS