Breaking News
Home / ਕੈਨੇਡਾ / ਵਿਸਾਖੀ ਮੌਕੇ ‘ਨੇਥਨ ਫਿਲਿਪਸ ਸੁਕੇਅਰ’ ਵਿੱਚ ਬਣੇ ‘3-ਡੀ ਟੋਰਾਂਟੋ’ ਦੇ ਨਿਸ਼ਾਨ ਨੂੰ ਨੀਲੇ ਤੇ ਕੇਸਰੀ ਰੰਗ ਦੀਆਂ ਰੌਸ਼ਨੀਆਂ ਨਾਲ ਚਮਕਾਇਆ ਗਿਆ

ਵਿਸਾਖੀ ਮੌਕੇ ‘ਨੇਥਨ ਫਿਲਿਪਸ ਸੁਕੇਅਰ’ ਵਿੱਚ ਬਣੇ ‘3-ਡੀ ਟੋਰਾਂਟੋ’ ਦੇ ਨਿਸ਼ਾਨ ਨੂੰ ਨੀਲੇ ਤੇ ਕੇਸਰੀ ਰੰਗ ਦੀਆਂ ਰੌਸ਼ਨੀਆਂ ਨਾਲ ਚਮਕਾਇਆ ਗਿਆ

ਟੋਰਾਂਟੋ/ਡਾ. ਝੰਡ  : ਟੋਰਾਂਟੋ ਸਿਟੀ ਹਾਲ ਦੇ ਸਾਹਮਣੇ ‘ਨੇਥਨ ਫਿਲਿਪਸ ਸੁਕੇਅਰ’ ਵਿੱਚ ਪੈਨ-ਐਮ-2015 ਖੇਡਾਂ ਮੌਕੇ ਬਣਾਇਆ ਗਿਆ ਵੱਡੇ ਸਾਰੇ ‘ਥਰੀ-ਡਾਇਮੈਂਸ਼ਨਲ ਟੋਰਾਂਟੋ’ ਸਾਈਨ ਟੋਰਾਂਟੋ ਸ਼ਹਿਰ ਵਿੱਚ ਆਉਣ ਵਾਲੇ ਟੂਰਿਸਟਾਂ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣਦਾ ਹੈ। ਸਥਾਨਕ ਲੋਕ ਅਤੇ ਬਾਹਰੋਂ ਆਉਣ ਵਾਲੇ ਯਾਤਰੀ ਇਸ ਦੇ ਅੱਗੇ ਖਲੋ ਕੇ ਵੱਖ-ਵੱਖ ਪੋਜ਼ ਬਣਾ ਕੇ ਤਸਵੀਰਾਂ ਖਿਚਵਾਉਂਦੇ ਹਨ। ਇਸ ਵਿਸ਼ੇਸ਼ ਨਿਸ਼ਾਨ ਨੂੰ ਖ਼ਾਸ-ਖ਼ਾਸ ਦਿਨਾਂ ਜਿਵੇਂ ਖੇਡਾਂ ਦੇ ਵਿਸ਼ੇਸ਼ ਦਿਨ, ਸਰਕਾਰੀ ਛੁੱਟੀਆਂ ਜਾਂ ਕਈ ਨਾਮੀ ਸੰਸਥਾਵਾਂ ਦੇ ਦਿਨਾਂ ਨੂੰ ਮਨਾਉਣ ਸਮੇਂ ਵੱਖ-ਵੱਖ ਰੰਗਾਂ ਦੀਆਂ ਰੌਸ਼ਨੀਆਂ ਨਾਲ ਜਗ-ਮਗਾਇਆ ਜਾਂਦਾ ਹੈ।
ਸਿੱਖ ਹੈਰੀਟੇਜ ਮੰਥ ਫ਼ਾਊਡੇਸ਼ਨ ਨੂੰ ਮਾਣ ਹਾਸਲ ਹੋਇਆ ਹੈ ਕਿ ਉਸ ਦੇ ਯਤਨਾਂ ਨਾਲ ਪਿਛਲੇ ਸਾਲ ਤੋਂ ਟੋਰਾਂਟੋ ਵਿੱਚ ਅਪ੍ਰੈਲ ਮਹੀਨੇ ਨੂੰ ‘ਸਿੱਖ ਹੈਰੀਟੇਜ ਮੰਥ’ ਦਾ ਦਰਜਾ ਦਿੱਤਾ ਗਿਆ ਹੈ। ਇਸ ਮਹੀਨੇ ਵਿਸਾਖੀ ਦੇ ਦੋ ਮਹਾਨ ਨਗਰ-ਕੀਰਤਨ ਸਜਾਏ ਜਾਂਦੇ ਹਨ ਜਿਨ੍ਹਾਂ ਵਿੱਚ ਇੱਕ ਓਨਟਾਰੀਓ ਲੇਕ-ਸ਼ੋਰ ਤੋਂ ਸ਼ੁਰੂ ਹੋ ਕੇ ਟੋਰਾਂਟੋ ਡਾਊਟ-ਟਾਊਨ ਤੱਕ ਅਤੇ ਦੂਸਰਾ ਬਰੈਂਪਟਨ-ਰੈਕਸਡੇਲ ਏਰੀਏ ਵਿੱਚ ਮਾਲਟਨ ਗੁਰੂਘਰ ਤੋਂ ਸ਼ੁਰੂ ਹੋਕੇ ਰੈਕਸਡੇਲ ਗੁਰੂਘਰ ਵਿੱਚ ਜਾ ਕੇ ਸਮਾਪਤ ਹੁੰਦਾ ਹੈ। ਇਸ ਮਹੀਨੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸੂਬਾਈ ਸਰਕਾਰ ਵੱਲੋਂ ਵੀ ਕਈ ਸਮਾਗ਼ਮ ਆਯੋਜਿਤ ਕੀਤੇ ਜਾਦੇ ਹਨ। ਇਨ੍ਹਾਂ ਸਾਰੇ ਸਮਾਗ਼ਮਾਂ ਵਿੱਚ ਸੰਗਤਾਂ ਦੀ ਸ਼ਰਧਾ, ਜੋਸ਼ ਅਤੇ ਰੌਣਕ ਵੇਖਣ ਹੀ ਵਾਲੇ ਹੁੰਦੇ ਹਨ। ਇਨ੍ਹਾਂ ਸਮੂਹ-ਸਮਾਗ਼ਮਾਂ ਸਦਕਾ ਅਪ੍ਰੈਲ ਦਾ ਮਹੀਨਾ ਸਿੱਖ-ਸੰਗਤਾਂ ਵਿੱਚ ਯਾਦਗਾਰੀ-ਮਹੀਨਾ ਬਣ ਗਿਆ ਹੈ ਅਤੇ ਲੋਕ ਸਾਰਾ ਸਾਲ ਇਸ ਮਹੀਨੇ ਦੀ ਉਡੀਕ ਵਿੱਚ ਰਹਿੰਦੇ ਹਨ। ਮਲਕੀਤ ਸਿੰਘ ਸੰਧੂ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਸਾਲ 2017 ਦੀ ਵਿਸਾਖੀ ਮੌਕੇ, ਜਿਸ ਨੂੰ ਇੱਥੇ ‘ਖਾਲਸਾ ਡੇਅ’ ਵੀ ਕਿਹਾ ਜਾਂਦਾ ਹੈ, ਨੇਥਨ ਫਿਲਿਪਸ ਸੁਕੇਅਰ ਵਿੱਚ ਬਣੇ ਹੋਏ ਇਸ ‘3-ਡੀ ਟੋਰਾਂਟੋ’ ਦੇ ਗੌਰਵਮਈ ਨਿਸ਼ਾਨ ਨੂੰ 14 ਅਪ੍ਰੈਲ ਦੀ ਰਾਤ ਨੂੰ ਖਾਲਸੇ ਦੀ ਵਿਸਾਖੀ ਦੇ ਪ੍ਰਤੀਕ ਨੀਲੀਆਂ ਅਤੇ ਕੇਸਰੀ ਰੌਸ਼ਨੀਆਂ ਨਾਲ ਰੁਸ਼ਨਾਇਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਨ੍ਹਾਂ ਨੂੰ ਵੇਖਣ ਲਈ ਆਏ। ਇੱਥੇ ਇਹ ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਦੇ ਆਖ਼ਰੀ ਹਫ਼ਤੇ ਵਿੱਚ ਹੋਣ ਵਾਲੇ ਟੋਰਾਂਟੋ ਨਗਰ-ਕੀਰਤਨ ਜਿਸ ਨੂੰ ‘ਖਾਲਸਾ ਡੇਅ ਪਰੇਡ’ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ, ਇਸ ਨੇਥਨ ਫਿਲਿਪਸ ਸੁਕੇਅਰ ਵਿੱਚ ਹੀ ਆ ਕੇ ਸਮਾਪਤ ਹੁੰਦਾ ਹੈ ਅਤੇ ਉਦੋਂ ਇੱਥੋਂ ਦੀ ਰੌਣਕ ਵੇਖਣ ਹੀ ਵਾਲੀ ਹੁੰਦੀ ਹੈ। ਹਜ਼ਾਰਾਂ ਹੀ ਨਹੀਂ, ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਸ ਨਗਰ-ਕੀਰਤਨ ਵਿੱਚ ਸ਼ਾਮਲ ਹੁੰਦੀਆਂ ਹਨ ਅਤੇ ਉਸ ਸਮੇਂ ਇੱਥੇ ‘ਤਿਲ ਸੁੱਟਿਆ ਭੁੰਜੇ ਨਾ ਡਿੱਗਣ’ ਵਾਲੀ ਗੱਲ ਹੁੰਦੀ ਹੈ। ਸਾਰਾ ਹੀ ਮਾਹੌਲ ਕੇਸਰੀ ਰੰਗ ਵਿੱਚ ਰੰਗਿਆ ਹੁੰਦਾ ਹੈ। ਓਨਟਾਰੀਓ ਗੁਰਦੁਆਰਾਜ਼ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਆਯੋਜਿਤ ਕੀਤੇ ਜਾਣ ਵਾਲਾ ਇਹ ਨਗਰ-ਕੀਰਤਨ ਆਮ ਤੌਰ ‘ਤੇ ਅਪ੍ਰੈਲ ਮਹੀਨੇ ਦੇ ਆਖ਼ਰੀ ਐਤਵਾਰ ਆਯੋਜਿਤ ਕੀਤਾ ਜਾਂਦਾ ਹੈ ਪਰ ਮੌਸਮ ਦੀ ਅਚਾਨਕ ਤਬਦੀਲੀ ਨੂੰ ਵੇਖਦਿਆਂ ਕਈ ਵਾਰ ਇਹ ਇੱਕ ਹਫ਼ਤਾ ਅੱਗੇ-ਪਿੱਛੇ ਵੀ ਹੋ ਜਾਂਦਾ ਹੈ।

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਸਿੱਖ ਸ਼ਰਧਲੂਆ ਦਾ ਜਥਾ ਵਤਨ ਪਰਤਿਆ 

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾ ਕੇ ਸਿੱਖ ਸ਼ਰਧਲੂਆ ਦਾ ਜਥਾ ਵਤਨ …