Breaking News
Home / ਕੈਨੇਡਾ / ਜਗਮੀਤ ਸਿੰਘ ਨੇ ਟੈਂਪਰੇਰੀ ਜੌਬ ਏਜੰਸੀਆਂ ਵਲੋਂ ਕਾਮਿਆਂ ਨੂੰ ਵਧੀਆ ਨੌਕਰੀਆਂ ਦੇਣ ਲਈ ਮਤਾ ਕੀਤਾ ਪੇਸ਼

ਜਗਮੀਤ ਸਿੰਘ ਨੇ ਟੈਂਪਰੇਰੀ ਜੌਬ ਏਜੰਸੀਆਂ ਵਲੋਂ ਕਾਮਿਆਂ ਨੂੰ ਵਧੀਆ ਨੌਕਰੀਆਂ ਦੇਣ ਲਈ ਮਤਾ ਕੀਤਾ ਪੇਸ਼

ਟੋਰਾਂਟੋ/ਡਾ.ਝੰਡ  : ਓਨਟਾਰੀਓ ਐੱਨ.ਡੀ.ਪੀ. ਦੇ ਡਿਪਟੀ ਲੀਡਰ ਜਗਮੀਤ ਸਿੰਘ ਨੇ ਓਨਟਾਰੀਓ ਅਸੈਂਬਲੀ ਹਾਲ ਵਿੱਚ ਟੈਂਪਰੇਰੀ ਰੋਜ਼ਗਾਰ-ਦਿਵਾਊ ਏਜੰਸੀਆਂ ਵੱਲੋਂ ਓਨਟਾਰੀਓ-ਵਾਸੀਆਂ ਨੂੰ ਇੱਕੋ ਜਿਹੇ ਕੰਮਾਂ ਲਈ ਇੱਕੋ ਜਿਹੀ ਤਨਖ਼ਾਹ ਅਤੇ ਟਿਕਾਊ ਨੌਕਰੀਆਂ ਬਾਰੇ ਬਿੱਲ ਪੇਸ਼ ਕੀਤਾ। ਇਸ ਮੋਸ਼ਨ ਉੱਪਰ ਆਉਂਦੇ ਵੀਰਵਾਰ ਨੂੰ ਮੈਂਬਰਾਂ ਵੱਲੋਂ ਬਹਿਸ ਕੀਤੀ ਜਾਏਗੀ।
ਇਸ ਸਬੰਧੀ ਮਤਾ ਪੇਸ਼ ਕਰਦਿਆਂ ਜਗਮੀਤ ਸਿੰਘ ਨੇ ਕਿਹਾ,”ਓਨਟਾਰੀਓ ਵਿੱਚ ਟੈਂਪਰੇਰੀ ਰੋਜ਼ਗਾਰ-ਦਿਵਾਊ ਏਜੰਸੀਆਂ ਵੱਲੋਂ ਵਰਕਰਾਂ ਨੂੰ ਇੱਕੋ ਜਿਹਾ ਕੰਮ ਕਰਨ ਦੇ ਬਾਵਜੂਦ ਅੱਧੀ ਤਨਖ਼ਾਹ ਦਿੱਤੀ ਜਾਂਦੀ ਹੈ, ਜਦ ਕਿ ਉਨ੍ਹਾਂ ਦੇ ਨਾਲ ਓਹੀ ਕੰਮ ਕਰ ਰਿਹਾ ਪੱਕਾ ਵਰਕਰ ਉਨ੍ਹਾਂ ਨਾਲੋਂ ਦੁੱਗਣੀ ਤਨਖਾਂਹ ਲੈ ਰਿਹਾ ਹੈ। ਇਹ ਠੀਕ ਨਹੀਂ ਹੈ ਅਤੇ ਨਾ ਹੀ ਇਹ ਉਨ੍ਹਾਂ ਨਾਲ ਇਨਸਾਫ਼ ਹੈ।” ਉਨ੍ਹਾਂ ਕਿਹਾ ਕਿ ਕੰਮ ਉੱਪਰ ਸਾਰਿਆਂ ਦਾ ਇੱਕੋ ਜਿਹਾ ਮਾਣ-ਸਤਿਕਾਰ ਹੋਣਾ ਚਾਹੀਦਾ ਹੈ ਅਤੇ ਸਾਰੇ ਦਿਨ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਹਰੇਕ ਨੂੰ ਚੰਗੇ ਪੈਸੇ ਮਿਲਣੇ ਚਾਹੀਦੇ ਹਨ। ਜੇਕਰ ਕੋਈ ਕੱਚਾ ਵਰਕਰ ਹੈ ਤਾਂ ਉਸ ਨੂੰ ਵੀ ਓਨੀ ਹੀ ਤਨਖ਼ਾਹ ਮਿਲਣੀ ਚਾਹੀਦੀ ਹੈ ਜਿੰਨੀ ਉਸ ਦੇ ਨਾਲ ਓਹੀ ਕੰਮ ਕਰਨ ਵਾਲਾ ਪੱਕਾ ਵਰਕਰ ਲੈ ਰਿਹਾ ਹੈ।
ਇਸ ਮੌਕੇ ਕੁਈਨਜ਼ ਪਾਰਕ ਵਿਖੇ ਹੋਈ ਪਰੈੱਸ ਕਾਨਫ਼ਰੰਸ ਵਿੱਚ ਜਗਮੀਤ ਸਿੰਘ ਦੇ ਨਾਲ ਵੱਖ-ਵੱਖ ਕਮਿਊਨਿਟੀਆਂ ਦੇ ਨੁਮਾਇੰਦੇ ਅਤੇ ਟੈਂਪਰੇਰੀ ਏਜੰਸੀਆਂ ਰਾਹੀਂ ਕੰਮ ਕਰਨ ਵਾਲੇ ਵਰਕਰ ਵੀ ਹਾਜ਼ਰ ਸਨ। ਇਨ੍ਹਾਂ ਵਿੱਚ ਐਡਨ ਮੈਕਡੋਨਾਰਡ, ਇੰਜਰਡ ਵਰਕਰਜ਼ ਕਨਸਲਟੈਂਟਸ ਕਮਿਊਨਿਟੀ ਲੀਗਲ ਕਲਿੱਨਿਕ, ਪੌਲੀਨਾ ਕੌਰਪੂਜ਼, ਫਿਲਪੀਨੋ ਵਰਕਰਜ਼ ਨੈੱਟਵਰਕ, ਅਤੇ ਟੈਂਪਰੇਰੀ ਏਜੰਸੀਆਂ ਰਾਹੀਂ ਕੰਮ ਕਰਨ ਵਾਲੇ ਵਰਕਰ ਰਮਨਪ੍ਰੀਤ ਕਾਲਕਟ ਅਤੇ ਅੰਮ੍ਰਿਤ ਕੂਨਰ ਸ਼ਾਮਲ ਸਨ।

Check Also

ਬਰੈਂਪਟਨ ਦੇ ਡੇਅਰੀ ਮੇਡ ਪਾਰਕ ‘ਚ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਡੇਅਰੀ ਮੇਡ ਪਾਰਕ ਵਿਚ ਲੰਘੀ 24 ਅਗਸਤ ਨੂੰ ਜਨਮ ਅਸ਼ਟਮੀ …