Breaking News
Home / ਕੈਨੇਡਾ / ਟੀਪੀਏਆਰ ਕਲੱਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਵਿਲੱਖਣ ਢੰਗ ਨਾਲ ਮਨਾਇਆ

ਟੀਪੀਏਆਰ ਕਲੱਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼-ਪੁਰਬ ਵਿਲੱਖਣ ਢੰਗ ਨਾਲ ਮਨਾਇਆ

ਬਰੈਂਪਟਨ/ਡਾ. ਝੰਡ : ਪਿਛਲੇ ਮੰਗਲਵਾਰ 8 ਨਵੰਬਰ ਨੂੰ ਜਦੋਂ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤ-ਮਸਤਕ ਹੋ ਕੇ ਬੜੀ ਸ਼ਰਧਾ ਨਾਲ ਗੁਰੂ ਨਾਨਕ ਦੇਵ ਜੀ ਦਾ 553 ਵਾਂ ਆਗਮਨ-ਪੁਰਬ ਮਨਾ ਰਹੇ ਸਨ ਤਾਂ ਬਰੈਂਪਟਨ ਵਿਚ ਪਿਛਲੇ 13 ਸਾਲ ਤੋਂ ਸਰਗ਼ਰਮ ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ (ਟੀਪੀਏਆਰ ਕਲੱਬ) ਦੇ 25 ਮੈਂਬਰ ਸਥਾਨਕ ਚਿੰਗੂਆਕੂਜ਼ੀ ਪਾਰਕ ਵਿਚ 5 ਕਿਲੋਮੀਟਰ ਅਤੇ 10 ਕਿਲੋਮੀਟਰ ਦੀ ਦੌੜ ਤੇ ਵਾੱਕ ਕਰਦਿਆਂ ਹੋਇਆਂ ਗੁਰੂ ਸਾਹਿਬ ਨੂੰ ਯਾਦ ਕਰ ਰਹੇ ਸਨ।
ਦਰਅਸਲ, ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੋਂ ਹਫ਼ਤਾ ਕੁ ਪਹਿਲਾਂ ਕਲੱਬ ਦੇ ਮੈਂਬਰਾਂ ਵੱਲੋਂ ਵਿਚਾਰ ਕੀਤਾ ਗਿਆ ਕਿ ਗੁਰੂ ਸਾਹਿਬ ਨੇ ਆਪਣੀਆਂ ਚਾਰ ਉਦਾਸੀਆਂ ਦੌਰਾਨ ਚਾਰ ਵੱਖ-ਵੱਖ ਦਿਸ਼ਾਵਾਂ ਵਿਚ ਜਾ ਕੇ ਲੰਮਾਂ ਪੈਂਡਾ ਪੈਦਲ ਚੱਲਦਿਆਂ ਹੋਇਆਂ ਲੋਕਾਈ ਨੂੰ ਅੰਧ-ਵਿਸ਼ਵਾਸ, ਊਚ-ਨੀਚ, ਅਮੀਰੀ-ਗ਼ਰੀਬੀ ਅਤੇ ਵਹਿਮਾਂ-ਭਰਮਾਂ ਦੇ ਜਾਲ਼ ਵਿੱਚੋਂ ਬਾਹਰ ਕੱਢਿਆ ਅਤੇ ਲੋਕਾਂ ਨੂੰ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛਕਣ ਦਾ ਸੁਨੇਹਾ ਦਿੱਤਾ। ਗੁਰੂ ਸਾਹਿਬ ਦੀਆਂ ਇਹ ਲੰਮੀਆਂ ਚਾਰ ਇਤਿਹਾਸਕ ਉਦਾਸੀਆਂ ਜਿਨ੍ਹਾਂ ਦਾ ਪੈਂਡਾ ਇਤਿਹਾਸਕਾਰਾਂ ਅਨੁਸਾਰ ਪੈਂਤੀ ਤੋਂ ਚਾਲੀ ਹਜ਼ਾਰ ਮੀਲ ਬਣਦਾ ਹੈ। ਕਿਉਂ ਨਾ ਕਲੱਬ ਵੱਲੋਂ ਗੁਰੂ ਸਾਹਿਬ ਦੇ ਇਸ ਸੰਸਾਰ ਵਿਚ ਆਉਣ ਦਾ ਦਿਹਾੜਾ ਇਨ੍ਹਾਂ ਉਦਾਸੀਆਂ ਨੂੰ ਸਮੱਰਪਿਤ ਦੌੜ ਕੇ ਅਤੇ ਪੈਦਲ ਚੱਲ ਕੇ ਮਨਾਇਆ ਜਾਏ?
ਇਸ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਹੋਇਆਂ ਕਲੱਬ ਦੇ 20 ਮੈਂਬਰ ਸਵੇਰੇ 11.00 ਵਜੇ ਚਿੰਗੂਆਕੂਜ਼ੀ ਪਾਰਕ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਮਿਲ਼ ਕੇ ਇਸ ਪਾਰਕ ਦੇ ਬਾਹਰ ਵਾਲੇ ਰਸਤੇ ਦੇ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ। ਕਿਸੇ ਦੋ ਲਗਾਏ, ਕਿਸੇ ਚਾਰ, ਅਤੇ ਕਈਆਂ ਨੇ ਇਸ ਤੋਂ ਵਧੇਰੇ ਵੀ ਲਗਾਏ। ਕਿਸੇ ਦੌੜ ਕੇ ਲਾਏ ਅਤੇ ਕਿਸੇ ਨੇ ਪੈਦਲ ਤੇਜ਼ ਚੱਲਦਿਆਂ ਹੋਇਆਂ ਇਹ ਚੱਕਰ ਲਾਏ। ਦੌੜ ਤੇ ਵਾੱਕ ਦੀ ਸਮਾਪਤੀ ਤੇ ਦੁਪਹਿਰੇ ਸਾਢੇ ਕੁ ਬਾਰਾਂ ਵਜੇ ਸਾਰਿਆਂ ਨੇ ਕਲੱਬ ਦੇ ਸਰਗ਼ਰਮ ਮੈਂਬਰ ਹਰਜੀਤ ਸਿੰਘ ਵੱਲੋਂ ਲਿਆਂਦਾ ਹੋਇਆ ਲੰਗਰ ਮਿਲ ਕੇ ਛਕਿਆ ਅਤੇ ਸਾਰੀ ਦੁਨੀਆਂ ਵਿਚ ਅਮਨ-ਸ਼ਾਂਤੀ ਲਈ ਅਰਦਾਸ ਕੀਤੀ। ਇਸ ਤਰ੍ਹਾਂ ਕਲੱਬ ਦੇ ਮੈਂਬਰਾਂ ਵੱਲੋਂ ਗੁਰੁ ਸਾਹਿਬ ਦਾ ਆਗਮਨ-ਪੁਰਬ ਇਸ ਸਾਲ ਵਿਲੱਖਣ ਤਰੀਕੇ ਨਾਲ ਮਨਾਇਆ ਗਿਆ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …