ਬਰੈਂਪਟਨ/ ਮਹਿੰਦਰ ਸਿੰਘ ਮੋਹੀ : ਪਿਛਲੇ ਦਿਨੀ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਸੰਨੀ ਮੀਡੋਜ ਬਾਲੀਵੁੱਡ ਵਿਖੇ ਇਸ ਸਾਲ ਦੇ ਆਖਰੀ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿੱਚ ਬਰੈਂਪਟਨ ਦੀਆਂ ਰਜਿਸਟਰਡ ਕਲੱਬਾਂ ਦੇ ਪ੍ਰਧਾਨ ਤੇ ਅਹੁਦੇਦਾਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਬਹੁਤੇ ਸੀਨੀਅਰਜ਼ ਦੇ ਇੰਡੀਆ ਜਾਣ ਦੀ ਪਲੈਨ ਕਾਰਨ ਤੇ ਸਰਦ ਰੁੱਤ ਦੇ ਸ਼ੁਰੂ ਹੋ ਜਾਣ ਕਾਰਨ ਇਸ ਸਾਲ ਦਾ ਇਹ ਆਖਰੀ ਫੰਕਸ਼ਨ ਸੀ, ਜਿਸ ਵਿੱਚ ਹਰੇਕ ਨੇ ਆਪਣੇ ਸਾਥੀ ਸੀਨੀਅਰਜ਼ ਨੂੰ ਚੰਗੀ ਸਿਹਤ ਤੇ ਸੁਖਦਾਈ ਤੇ ਸੁਰੱਖਿਅਤ ਸਫਰ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ। ਸਭ ਤੋਂ ਪਹਿਲਾਂ ਕਲੱਬ ਦੇ ਸਕੱਤਰ ਪ੍ਰੀਤਮ ਸਿੰਘ ਸਰਾਂ ਨੇ ਸਾਰੇ ਹਾਜ਼ਰ ਸੀਨੀਅਰਜ਼ ਨੂੰ ਸਾਰਾ ਸਾਲ ਐਸ਼ੋਸੀਏਸ਼ਨ ਨੂੰ ਲਗਾਤਾਰ ਦਿੱਤੇ ਸਹਿਯੋਗ ਤੇ ਅੱਜ ਵੀ ਵੱਡੀ ਗਿਣਤੀ ਵਿੱਚ ਸਮਾਗਮ ਵਿੱਚ ਹਾਜਰ ਹੋਣ ‘ਤੇ ਵਧਾਈ ਦਿੱਤੀ। ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਬੀ ਨੇ ਸਮੂਹ ਕਲੱਬਜ਼ ਦੇ ਸਹਿਯੋਗ ਨਾਲ ਐਸੋਸੀਏਸ਼ਨ ਵੱਲੋ ਲਗਾਤਾਰ ਸਰਗਰਮ ਰਹਿ ਕੇ ਕੀਤੀਆਂ ਪ੍ਰਾਪਤੀਆਂ ਦਾ ਵਿਸਥਾਰ ਪੂਰਵਕ ਵਰਨਣ ਕੀਤਾ। ਉਹਨਾਂ ਦਿਵਾਲੀ ਦਿਵਸ ਤੇ ਬਰੈਂਪਟਨ ਵਿੱਚ ਨਿਯਮਾਂ ਨੂੰ ਤੋੜ ਕੇ, ਆਪ ਹੁਦਰੇ ਢੰਗ ਨਾਲ, ਅੱਧੀ ਰਾਤ ਤੱਕ, ਚਲਾਏ ਪਟਾਖੇ ਤੇ ਆਤਿਸ਼ਬਾਜ਼ੀ ਤੇ ਇਸ ਤੋਂ ਇਲਾਵਾ ਕੁਝ ਗਲਤ ਅਨਸਰਾਂ ਵਲੋਂ ਕੀਤੀ ਗਈ ਹੁਲੜਬਾਜ਼ੀ ‘ਤੇ ਅਫਸੋਸ ਪ੍ਰਗਟ ਕੀਤਾ। ਮਹਿੰਦਰ ਸਿੰਘ ਮੋਹੀ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਸਿਟੀ ਵੱਲੋ ਦੀਵਾਲੀ ਤਿਉਹਾਰ ਮਨਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਤੇ ਉਹਨਾਂ ਨੂੰ ਸਖਤੀ ਨਾਲ ਲਾਗੂ ਕਰਨ ‘ਤੇ ਜ਼ੋਰ ਦਿੱਤਾ। ਇਸ ਤੋਂ ਬਿਨਾ ਹੋਰ ਵੀ ਪ੍ਰਮੁੱਖ ਸੀਨੀਅਰਜ਼ ਵੱਲੋ ਵੱਖ-ਵੱਖ ਮਸਲਿਆਂ ‘ਤੇ ਆਪਣੇ ਵਿਚਾਰ ਪੇਸ਼ ਕੀਤੇ ਗਏ। 9 ਤੇ 10 ਨੰਬਰ ਵਾਰਡ ‘ਚੋਂ ਸਿਟੀ ਕੌਸਲਰ ਦੀਆਂ ਚੋਣਾਂ ਵਿੱਚੋਂ ਜੇਤੂ ਹੋ ਕੇ ਪਹੁੰਚੇ ਕੌਸਲਰ ਹਰਕੀਰਤ ਸਿੰਘ ਨੇ ਸਾਰੇ ਸੀਨੀਅਰਜ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਅਤੇ ਆਪਣੀ ਪਿਛਲੀ ਕਾਰਗੁਜ਼ਾਰੀ ਦੇ ਅਧਾਰ ‘ਤੇ ਉਹਨਾਂ ਨੂੰ ਇਕ ਵੇਰ ਫਿਰ ਚੋਣ ਵਿੱਚ ਜਿੱਤ ਪ੍ਰਾਪਤ ਕਰਕੇ ਬਰੈਂਪਟਨ ਦੇ ਲੋਕਾਂ ਲਈ ਕੰਮ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। 9 ਤੇ 10 ਨੰਬਰ ਵਾਰਡ ਤੋਂ ਸਕੂਲ ਟਰੱਸਟੀ ਲਈ ਚੁਣੇ ਗਏ ਸੱਤਪਾਲ ਜੌਹਲ ਵੱਲੋ ਵੀ
ਸਾਰੇ ਸੀਨੀਅਰਜ ਦਾ ਚੋਣਾਂ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਨਾਲ ਸਕੂਲਾਂ ਦੇ ਕੰਮ ਕਾਰ ਨੂੰ ਬੇਹਤਰ ਬਣਾਉਣ ਲਈ ਲਗਾਤਾਰ ਸੰਘਰਸ਼ਸ਼ੀਲ ਰਹਿਣਗੇ ਤੇ ਬਰੈਂਪਟਨ ਵਾਸੀਆਂ ਤੇ ਖਾਸਕਰ ਸੀਨੀਅਰਜ਼ ਦੇ ਮਸਲੇ ਹੱਲ ਕਰਨ ਲਈ ਸਹਿਯੋਗ ਦਿੰਦੇ ਰਹਿਣਗੇ।
ਉਹਨਾਂ ਵੱਲੋ ਪਿਛਲੇ ਸਮੇਂ ਦੌਰਾਨ ਬਰੈਂਪਟਨ ਵਾਸੀਆਂ ਨੂੰ ਲਗਾਤਾਰ ਤਾਜ਼ਾ ਦਿੱਤੀ ਜਾਂਦੀ ਸਾਰਥਕ ਜਾਣਕਾਰੀ ਦੀ ਸਾਰਿਆਂ ਵਲੋਂ ਪ੍ਰਸੰਸਾ ਕੀਤੀ ਗਈ। ਸੱਤਪਾਲ ਜੌਹਲ ਵੱਲੋ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਸਾਰੇ ਸੀਨੀਅਰਜ਼ ਨੂੰ ਲੱਡੂ ਵੰਡ ਕੇ ਉਹਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਅਖੀਰ ਵਿੱਚ ਸਾਰੇ ਸੀਨੀਅਰਜ਼ ਨਵੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਤੇ ਨਵੇ ਜੋਸ਼ ਤੇ ਵਿਚਾਰਾਂ ਨਾਲ ਭਰਪੂਰ ਹੋ ਕੇ, ਐਸੋਸੀਏਸ਼ਨ ਨੂੰ ਹੋਰ ਵੀ ਕਾਰਜਸ਼ੀਲ ਕਰਨ ਦੇ ਸੁਪਨੇ ਲੈਦੇ ਹੋਏ ਖੁਸ਼ੀ ਖੁਸ਼ੀ ਇਕ ਦੂਜੇ ਤੋਂ ਵਿਦਾ ਹੋਏ! ਇਸ ਸਮਾਗਮ ਨੂੰ ਕਾਮਯਾਬ ਕਰਨ ਵਿੱਚ ਹੋਰਾਂ ਤੋਂ ਇਲਾਵਾ ਵਿੱਤ ਸਕੱਤਰ ਅਮਰੀਕ ਸਿੰਘ ਕੁਮਰੀਆ ਤੇ ਡਾਇਰੈਟਰ ਇਕਬਾਲ ਸਿੰਘ ਵਿਰਕ ਦਾ ਵਿਸ਼ੇਸ਼ ਯੋਗਦਾਨ ਰਿਹਾ।