ਟ੍ਰਾਂਜ਼ਿਟ ਵਿਚ ਨਿਵੇਸ਼ ਨਾਲ ਨੌਕਰੀਆਂ ਪੈਦਾ ਕਰਨਾ ਹੋਵੇਗਾ ਆਸਾਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡੀਅਨਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਕੈਨੇਡਾ ਫੈੱਡਰਲ ਸਰਕਾਰ ਦੀ ਮੁੱਖ ਤਰਜੀਹ ਹੈ। ਜਿੱਥੇ ਇੱਕ ਪਾਸੇ ਕੋਵਿਡ -19 ਮਹਾਂਮਾਰੀ ਨੇ ਕੈਨੇਡੀਅਨਾਂ ਦੀ ਨਿੱਜੀ ਸਿਹਤ ਦੇ ਨਾਲ-ਨਾਲ ਅਰਥਚਾਰੇ ‘ਤੇ ਵੀ ਡੂੰਘਾ ਪ੍ਰਭਾਵ ਪਾਇਆ ਹੈ, ਉੱਥੇ ਹੀ ਕੈਨੇਡਾ ਫੈੱਡਰਲ ਸਰਕਾਰ ਪਰਿਵਾਰਾਂ, ਕਾਰੋਬਾਰਾਂ ਅਤੇ ਕਮਿਊਨਿਟੀਆਂ ਦੀ ਸਹਾਇਤਾ ਲਈ ਫੈਸਲਾਕੁੰਨ ਕਾਰਵਾਈਆਂ ਕਰ ਰਹੀ ਹੈ। ਜਨਤਕ ਟ੍ਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਰਣਨੀਤਕ ਨਿਵੇਸ਼ ਓਨਟਾਰੀਅਨਾਂ ਨੂੰ ਸਮੇਂ ਸਿਰ ਅਤੇ ਸੁਰੱਖਿਅਤ ਢੰਗ ਨਾਲ ਕੰਮ ਕਰਨ ਅਤੇ ਸਫਰ ਕਰਨ ਵਿਚ ਸਹਾਇਤਾ ਕਰਨ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ। ਫੈੱਡਰਲ ਸਰਕਾਰ ਨੇ ਚਾਰ ਪ੍ਰਾਜੈਕਟਾਂ ਲਈ ਫੰਡ ਦੇਣ ਦਾ ਐਲਾਨ ਕੀਤਾ ਹੈ, ਜੋ ਬਰੈਂਪਟਨ ਦੀ ਆਵਾਜਾਈ ਪ੍ਰਣਾਲੀ ਨੂੰ ਬਿਹਤਰ ਬਣਾਉਣਗੇ ਅਤੇ ਵਧੇਰੇ ਬਿਹਤਰ ਕਮਿਊਨਿਟੀ ਬਣਾਉਣ ਵਿਚ ਸਹਾਇਤਾ ਕਰਨਗੇ। ਇਸ ਮੌਕੇ ਬੁਨਿਆਦੀ ਢਾਂਚਾ ਅਤੇ ਕਮਿਊਨਟੀਜ਼ ਮੰਤਰੀ ਕੈਥਰੀਨ ਮੈਕੇਨਾ ਸਮੇਤ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ, ਬਰੈਂਪਟਨ ਵੈਸਟ ਤੋਂ ਸੰਸਦ ਮੈਂਬਰ ਕਮਲ ਖਹਿਰਾ, ਬਰੈਂਪਟਨ ਨਾਰਥ ਤੋਂ ਸੰਸਦ ਮੈਂਬਰ ਰੂਬੀ ਸਹੋਤਾ, ਬਰੈਂਪਟਨ ਸੈਂਟਰ ਤੋਂ ਸੰਸਦ ਮੈਂਬਰ ਰਮੇਸ਼ ਸੰਘਾ, ਬਰੈਂਪਟਨ ਈਸਟ ਤੋਂ ਸੰਸਦ ਮੈਂਬਰ ਮਨਿੰਦਰ ਸਿੱਧੂ ਸ਼ਾਮਲ ਸਨ। ਮਾਣਯੋਗ ਕੈਥਰੀਨ ਮੈਕੇਨਾ, ਬੁਨਿਆਦੀ ਢਾਂਚਾ ਅਤੇ ਕਮਿਊਨਟੀਜ਼ ਮੰਤਰੀ ਨੇ ਕਿਹਾ ਕਿ ਕੈਨੇਡੀਅਨ ਰੋਜ਼ਾਨਾ ਦੇ ਮਹੱਤਵਪੂਰਣ ਕੰਮਾਂ ਲਈ ਜਨਤਕ ਟ੍ਰਾਂਸਪੋਰਟ ‘ਤੇ ਨਿਰਭਰ ਕਰਦੇ ਹਨ। ਬਰੈਂਪਟਨ ਦੇ ਜਨਤਕ ਆਵਾਜਾਈ ਪ੍ਰਣਾਲੀ ਦੇ ਆਧੁਨਿਕੀਕਰਨ ਵਿਚ ਕੀਤਾ ਗਿਆ ਇਹ ਨਿਵੇਸ਼ ਸਵਾਰੀਆਂ ਦੀ ਸੁਵਿਧਾ ਸਮੇਤ ਵਧੇਰੇ ਬਿਹਤਰ ਕਮਿਊਨਟੀ ਬਣਾਉਣ ਵਿਚ ਸਹਾਈ ਹੋਵੇਗਾ। ਕੈਨੇਡਾ ਦੀ ਬੁਨਿਆਦੀ ਢਾਂਚਾ ਯੋਜਨਾ ਤਹਿਤ ਹਜ਼ਾਰਾਂ ਪ੍ਰੋਜੈਕਟਾਂ ਵਿੱਚ ਨਿਵੇਸ਼ ਰਹੀ ਹੈ, ਜਿਸ ਨਾਲ ਨੌਕਰੀਆਂ ਪੈਦਾ ਹੋਣਗੀਆਂ ਅਤੇ ਮਜ਼ਬੂਤ ਭਾਈਚਾਰਿਆਂ ਦਾ ਨਿਰਮਾਣ ਹੋਵੇਗਾ।
ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕਿਹਾ ਕਿ ਫੈੱਡਰਲ ਲਿਬਰਲ ਸਰਕਾਰ ਵੱਲੋਂ ਟ੍ਰਾਂਜ਼ਿਟ ਵਿਚ ਕੀਤਾ ਗਿਆ ਇਹ ਨਿਵੇਸ਼ ਜਿੱਥੇ ਮੁਸਾਫਰਾਂ ਦਾ ਸਫ਼ਰ ਸੁਖਾਲਾ ਕਰੇਗਾ, ਉਥੇ ਹੀ ਰੋਜ਼ਾਨਾ ਸਫਰ ਕਰਨ ਵਾਲਿਆਂ ਲਈ ਉਡੀਕ ਦੇ ਸਮੇਂ ਵਿਚ ਵੀ ਕਟੌਤੀ ਹੋਵੇਗੀ, ਜਿਸ ਨਾਲ ਉਹ ਆਉਣ-ਜਾਣ ਵਿਚ ਜ਼ਾਇਆ ਹੁੰਦੇ ਵਾਧੂ ਸਮੇਂ ਦੀ ਬੱਚਤ ਕਰ ਸਕਣਗੇ।
ਮੈਨੂੰ ਬਹੁਤ ਖੁਸ਼ੀ ਹੈ ਕਿ ਟ੍ਰਾਂਜ਼ਿਟ ਹੱਬ ਮੇਰੇ ਹਲਕੇ ਬਰੈਂਪਟਨ ਸਾਊਥ ਵਿਚ ਬਣਨ ਜਾ ਰਹੀ ਹੈ, ਜਿਸ ਨਾਲ ਡਾਊਨਟਾਊਨ ਦੇ ਕਾਰੋਬਾਰਾਂ ਨੂੰ ਸਿੱਧੇ ਤੌਰ ‘ਤੇ ਫਾਇਦਾ ਹੋਵੇਗਾ ਅਤੇ ਬਰੈਂਪਟਨ ਵਿਚ ਨੌਕਰੀਆਂ, ਕਾਰੋਬਾਰਾਂ ਨੂੰ ਹੁਲਾਰਾ ਮਿਲਣ ਦੇ ਨਾਲ ਰੋਜ਼ਾਨਾ ਜਨਤਕ ਟ੍ਰਾਂਜ਼ਿਟ ਵਿਚ ਸਫਰ ਕਰਨ ਵਾਲਿਆਂ ਲਈ ਫਾਇਦੇਮੰਦ ਸਾਬਿਤ ਹੋਵੇਗਾ। ਦੱਸ ਦੇਈਏ ਕਿ ਇਸ ਫੰਡਿੰਗ ਅਧੀਨ 32 ਬੱਸਾਂ ਦੀ ਖਰੀਦ ਤੋਂ ਇਲਾਵਾ ਅਗਲੇ ਚਾਰ ਸਾਲਾਂ ਵਿੱਚ, 300 ਹਾਈਬ੍ਰਿਡ ਅਤੇ ਰਵਾਇਤੀ ਬੱਸਾਂ ਦੀ ਮੁਰੰਮਤ ਕੀਤੀ ਜਾਏਗੀ, ਤਾਂ ਜੋ ਇਹ ਆਵਾਜਾਈ ਦੇ ਸਾਧਨ ਸਵਾਰੀਆਂ ਲਈ ਵਧੇਰੇ ਭਰੋਸੇਮੰਦ ਅਤੇ ਸੁਰੱਖਿਅਤ ਹੋਣ। ਆਨ-ਬੋਰਡ ਕੈਮਰੇ ਅਤੇ ਡਿਜੀਟਲ ਵੀਡੀਓ ਰਿਕਾਰਡਰ ਪੂਰੇ ਬੱਸ ਫਲੀਟ ਵਿਚ ਨਵੀਂ ਤਕਨੀਕ ਨਾਲ ਤਬਦੀਲ ਕੀਤੇ ਜਾਣਗੇ, ਜੋ ਸਵਾਰੀਆਂ ਅਤੇ ਡਰਾਈਵਰਾਂ ਦੀ ਸੁਰੱਖਿਆ ਵਿਚ ਵਾਧਾ ਕਰਨਗੇ।
ਇਸ ਤੋਂ ਇਲਾਵਾ, ਇਕ ਨਵਾਂ ਟ੍ਰਾਂਜਿਟ ਹੱਬ ਮੌਜੂਦਾ ਟਰਮੀਨਲ ਵਿਚ ਬੱਸਾਂ ਦੇ ਬੇਸਾਂ ਦੀ ਗਿਣਤੀ ਵਿਚ ਵਾਧਾ ਕਰੇਗਾ, ਹੱਬ ਦੇ ਆਉਣ ਨਾਲ ਦੁਗਣੇ ਯਾਤਰੀਆਂ ਦਾ ਸਫਰ ਸੁਖਾਲਾ ਹੋ ਸਕੇਗਾ। ਹੱਬ ਇਲੈਕਟ੍ਰਿਕ ਬੱਸਾਂ ਵਿੱਚ ਆਉਣ ਵਾਲੇ ਇੱਕ ਸੰਭਾਵਤ ਸਵਿੱਚ ਨੂੰ ਆਗਿਆ ਦੇਵੇਗਾ ਅਤੇ ਇਸ ਵਿੱਚ ਅੰਦਰੂਨੀ ਵੇਟਿੰਗ ਖੇਤਰ ਅਤੇ ਰਿਆਇਤਾਂ ਸ਼ਾਮਲ ਹੋਣਗੀਆਂ। ਇਹ ਸੁਧਾਰ ਯਾਤਰੀਆਂ ਲਈ ਆਵਾਜਾਈ ਪ੍ਰਣਾਲੀ ਦੀ ਸਮਰੱਥਾ ਅਤੇ ਗੁਣਵੱਤਾ ਨੂੰ ਵਧਾਏਗਾ। ਕੈਨੇਡਾ ਸਰਕਾਰ ਵੱਲੋਂ ਪੀਟੀਆਈਐਸ ਰਾਹੀਂ ਇਨ੍ਹਾਂ ਪ੍ਰਾਜੈਕਟਾਂ ਵਿੱਚ 45.3 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕੀਤਾ ਜਾ ਰਿਹਾ ਹੈ। ਇਸ ਰਾਸ਼ੀ ਤੋਂ ਇਲਾਵਾ ਓਨਟਾਰੀਓ ਸਰਕਾਰ ਵੱਲੋ 37.8 ਮਿਲੀਅਨ ਡਾਲਰ ਜਦੋਂਕਿ ਬਰੈਂਪਟਨ ਸਿਟੀ ਵੱਲੋਂ 30.2 ਮਿਲੀਅਨ ਡਾਲਰ ਦਾ ਯੋਗਦਾਨ ਦਿੱਤਾ ਜਾ ਰਿਹਾ ਹੈ।
Home / ਕੈਨੇਡਾ / ਬਰੈਂਪਟਨ ਡਾਊਨ ਟਾਊਨ ਟ੍ਰਾਂਜ਼ਿਟ ਹੱਬ ਲਈ ਕੈਥਰੀਨ ਮਕੈਨਾ ਨੇ 45.3 ਮਿਲੀਅਨ ਡਾਲਰ ਫੰਡਿੰਗ ਦਾ ਕੀਤਾ ਐਲਾਨ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …