ਸਰੀ/ਰਸ਼ਪਾਲ ਸਿੰਘ ਗਿੱਲ : ਸਾਰਾਗੜ੍ਹੀ ਫਾਊਂਡੇਸ਼ਨ ਇੰਕ. ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ 12 ਸਤੰਬਰ 2023 ਨੂੰ ਸਾਰਾਗੜੀ ਦੇ ਸਿੱਖ ਸ਼ਹੀਦਾਂ ਦੀ 126ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਦੀ ਯਾਦ ਵਿਚ ਇਤਿਹਾਸਕ ਸਾਰਾਗੜ੍ਹੀ ਮਿਸ਼ਨ ਸੰਬੰਧੀ ਪ੍ਰਦਰਸ਼ਨੀ ਸਜਾਈ ਗਈ। ਇਸ ਸੰਬੰਧ ਵਿਚ ਸਿੱਖ ਭਾਈਚਾਰੇ ਦੀਆਂ ਨਾਮਵਰ ਸ਼ਖ਼ਸੀਅਤਾਂ ਨੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ, ਸਾਰਾਗੜ੍ਹੀ ਦੇ ਮਹਾਨ ਸਿੱਖ ਯੋਧਿਆਂ ਦੀ ਸੂਰਬੀਰਤਾ ਨੂੰ ਯਾਦ ਕੀਤਾ। ਸਾਰਾਗੜ੍ਹੀ ਫਾਊਂਡੇਸ਼ਨ ਦੇ ਪ੍ਰਬੰਧਕ ਜਤਿੰਦਰ ਸਿੰਘ ਜੇ ਮਿਨਹਾਸ ਅਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਨਰਿੰਦਰ ਸਿੰਘ ਵੱਲੋਂ ਉਲੀਕੇ ਇਸ ਪ੍ਰੋਗਰਾਮ ਵਿੱਚ ਗਿਆਨੀ ਪਿੰਦਰਪਾਲ ਸਿੰਘ ਲੁਧਿਆਣੇ ਵਾਲਿਆਂ ਨੇ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ।
ਸਾਰਾਗੜ੍ਹੀ ਯੁੱਧ ਵਿੱਚ ਬਹਾਦਰੀ ਦਿਖਾਉਣ ਵਾਲੇ ਸਿੱਖ ਫੌਜੀਆਂ ਦੀ ਅਗਵਾਈ ਕਰ ਰਹੇ ਹਵਲਦਾਰ ਈਸ਼ਰ ਸਿੰਘ ਝੋਰੜਾਂ ਦੇ ਪੜਪੋਤਰੇ ਪੱਤਰਕਾਰ ਰਸ਼ਪਾਲ ਸਿੰਘ ਗਿੱਲ, ਡਾਕਟਰ ਗੁਰਵਿੰਦਰ ਸਿੰਘ, ਅਨੂਪ ਸਿੰਘ ਲੁੱਡੂ, ਜਰਨੈਲ ਸਿੰਘ ਚਿੱਤਰਕਾਰ, ਮੋਹਨ ਸਿੰਘ ਗਿੱਲ, ਇੰਦਰਜੀਤ ਸਿੰਘ ਬੈਂਸ, ਪ੍ਰੋ.ਅਵਤਾਰ ਸਿੰਘ ਵਿਰਦੀ ਤੋਂ ਇਲਾਵਾ ਵੱਖ-ਵੱਖ ਮੀਡੀਆ ਨਾਲ ਸਬੰਧਤ ਵਿਅਕਤੀਆਂ ਨੇ ਵੀ ਹਾਜ਼ਰੀ ਲਵਾਈ।
ਸਾਰਾਗੜ੍ਹੀ ਦੇ ਇਤਿਹਾਸਕ ਯੁੱਧ ਵਿੱਚ ਸ਼ਹੀਦੀਆਂ ਪਾਉਣ ਵਾਲੇ 36 ਸਿੱਖ ਬਟਾਲੀਅਨ ਦੇ 21 ਸਿੱਖ ਯੋਧਿਆਂ ਨੂੰ ਜਿੱਥੇ ਸ਼ਰਧਾਂਜਲੀ ਭੇਟ ਕੀਤੀ ਗਈ, ਉੱਥੇ ਸਾਰਾਗੜ੍ਹੀ ਦੇ ਬਿਰਤਾਂਤ ਨੂੰ ਸਿੱਖ ਨਜ਼ਰੀਏ ਤੋਂ ਨਾ ਪੇਸ਼ ਕਰਕੇ, ਅੰਗਰੇਜ਼ਾਂ ਦੀ ਵਫ਼ਾਦਾਰੀ ਰੂਪ ਵਿੱਚ ਪ੍ਰਗਟਾਉਣ ‘ਤੇ ਵੀ ਚਰਚਾ ਹੋਈ।
ਇਤਿਹਾਸ ਦੇ ਹਵਾਲੇ ਨਾਲ ਡਾਕਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਸਿੱਖ ਯੋਧਿਆਂ ਦੀਆਂ ਬੇਮਿਸਾਲ ਸ਼ਹੀਦੀਆਂ ਦੇ ਬਾਵਜੂਦ, ਅੰਗਰੇਜ਼ ਵੱਲੋਂ ਵੀਹਵੀਂ ਸਦੀ ਦੇ ਆਰੰਭ ਵਿੱਚ ਕੈਨੇਡਾ ਅਤੇ ਵੱਖ-ਵੱਖ ਥਾਵਾਂ ਸਿੱਖ ਫੌਜੀਆਂ ਨਾਲ ਵਿਤਕਰਾ ਕਰਨਾ, 1849 ਵਿੱਚ ਖਾਲਸਾ ਰਾਜ ਛਲ ਕਪਟ ਦੇ ਨਾਲ ਖੋਹਣਾ, 1947 ਨੂੰ ਪੰਜਾਬ ਦੀ ਵੰਡ ਵੇਲੇ ਲੱਖਾਂ ਲੋਕਾਂ ਦਾ ਕਤਲੇਆਮ ਕਰਵਾਉਣਾ ਵੀ ਖੂਨੀ ਇਤਿਹਾਸ ਦੇ ਦਰਦਨਾਕ ਪੰਨੇ ਹਨ, ਜਿਨ੍ਹਾਂ ਬਾਰੇ ਡੂੰਘੀ ਵਿਚਾਰ ਦੀ ਲੋੜ ਹੈ। ਸਾਰਾਗੜ੍ਹੀ ਦੇ ਇਤਿਹਾਸਕ ਯੁੱਧ ਨੂੰ ਸਹੀ ਬਿਰਤਾਂਤ ਦੇ ਰੂਪ ਵਿੱਚ ਸਿੱਖ ਨਜ਼ਰੀਏ ਤੇ ਸ਼ਹੀਦੀ ਵਿਰਾਸਤ ਤੋਂ ਲਿਖਣ ਦੀ ਲੋੜ ਭਾਸਦੀ ਹੈ।
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …