Breaking News
Home / ਭਾਰਤ / ਪੰਜ ਮਹਿਲਾ ਫੌਜੀ ਅਧਿਕਾਰੀਆਂ ਦੀ ਤੋਪਖਾਨਾ ਰੈਜੀਮੈਂਟ ਵਿੱਚ ਤਾਇਨਾਤੀ

ਪੰਜ ਮਹਿਲਾ ਫੌਜੀ ਅਧਿਕਾਰੀਆਂ ਦੀ ਤੋਪਖਾਨਾ ਰੈਜੀਮੈਂਟ ਵਿੱਚ ਤਾਇਨਾਤੀ

ਤਿੰਨ ਮਹਿਲਾ ਅਫਸਰਾਂ ਨੂੰ ਚੀਨ ਅਤੇ ਦੋ ਨੂੰ ਪਾਕਿਸਤਾਨ ਬਾਰਡਰ ਨੇੜੇ ਕੀਤਾ ਤਾਇਨਾਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫੌਜ ਨੇ ਪਹਿਲੀ ਵਾਰ ਆਪਣੀ ਤੋਪਖਾਨਾ ਰੈਜੀਮੈਂਟ ਵਿੱਚ ਪੰਜ ਮਹਿਲਾ ਅਫਸਰਾਂ ਦੀ ਤਾਇਨਾਤੀ ਕੀਤੀ ਹੈ। ਇਨ੍ਹਾਂ ਵਿੱਚੋਂ ਤਿੰਨਾਂ ਨੂੰ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐਲਏਸੀ) ਨੇੜੇ ਮੂਹਰਲੀ ਕਤਾਰ ਵਿੱਚ ਤਾਇਨਾਤ ਕੀਤਾ ਗਿਆ ਹੈ। ਇਹ ਜਾਣਕਾਰੀ ਫੌਜ ਦੇ ਸੂਤਰਾਂ ਨੇ ਇੱਥੇ ਸਾਂਝੀ ਕੀਤੀ।
ਚੇਨੱਈ ਦੀ ਆਫੀਸਰਜ਼ ਟਰੇਨਿੰਗ ਅਕੈਡਮੀ ਵਿੱਚ ਟਰੇਨਿੰਗ ਮੁਕੰਮਲ ਕਰਨ ਮਗਰੋਂ ਲੈਫਟੀਨੈਂਟ ਮਹਿਕ ਸੈਣੀ, ਲੈਫਟੀਨੈਂਟ ਸਾਕਸ਼ੀ ਦੂਬੇ, ਲੈਫਟੀਨੈਂਟ ਪਿਊਸ਼ ਮੋਦਗਿਲ ਤੇ ਲੈਂਫਟੀਨੈਂਟ ਅਕਾਂਕਸ਼ਾ ਨੇ ਫੌਜ ਦੀ ਤੋਪਖਾਨਾ ਯੂਨਿਟ ਜੁਆਇਨ ਕਰ ਲਈ ਹੈ। ਸੂਤਰਾਂ ਮੁਤਾਬਿਕ ਇਨ੍ਹਾਂ ਪੰਜ ਮਹਿਲਾ ਅਫਸਰਾਂ ਵਿੱਚੋਂ ਤਿੰਨ ਨੂੰ ਚੀਨ ਦੇ ਬਾਰਡਰਾਂ ਨੇੜੇ ਅਤੇ ਬਾਕੀ ਦੋਵਾਂ ਨੂੰ ਪਾਕਿਸਤਾਨ ਨੇੜੇ ਚੁਣੌਤੀਪੂਰਨ ਥਾਵਾਂ ‘ਤੇ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਤੋਪਖਾਨਾ ਰੈਜੀਮੈਂਟ ਕਾਫੀ ਅਹਿਮ ਮੰਨੀ ਜਾਂਦੀ ਹੈ। ਇਸ ਅਧੀਨ 280 ਯੂਨਿਟ ਆਉਂਦੇ ਹਨ ਜੋ ਹਥਿਆਰ ਪ੍ਰਣਾਲੀ ਦੀ ਦੇਖ-ਰੇਖ ਕਰਦੇ ਹਨ।
ਗਲਵਾਨ ਨਾਇਕ ਦੀ ਪਤਨੀ ਫੌਜੀ ਅਫਸਰ ਬਣੀ
ਨਵੀਂ ਦਿੱਲੀ : ਸ਼ਹੀਦ ਨਾਇਕ ਦੀਪਕ ਸਿੰਘ ਦੀ ਪਤਨੀ ਲੈਫਟੀਨੈਂਟ ਰੇਖਾ ਸਿੰਘ ਦੀ ਫੌਜ ਵਿੱਚ ਅਫਸਰ ਵਜੋਂ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਨੂੰ ਪੂਰਬੀ ਲੱਦਾਖ ਵਿੱਚ ਮੂਹਰਲੀ ਯੂਨਿਟ ਵਿੱਚ ਤਾਇਨਾਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਨਾਇਕ ਦੀਪਕ ਸਿੰਘ ਦੀ ਜੂਨ 2020 ਵਿੱਚ ਗਲਵਾਨ ਵਾਦੀ ਵਿੱਚ ਚੀਨੀ ਦਸਤਿਆਂ ਨਾਲ ਹੋਈਆਂ ਝੜਪਾਂ ਦੌਰਾਨ ਮੌਤ ਹੋ ਗਈ ਸੀ। ਅਧਿਕਾਰੀਆਂ ਦੱਸਿਆ ਕਿ 29 ਵਰ੍ਹਿਆਂ ਦੀ ਰੇਖਾ ਨੂੰ ਫੌਜ ਦੀ ਆਰਡਨੈਂਸ ਕਾਰਪਸ ਵਿੱਚ ਤਾਇਨਾਤ ਕੀਤਾ ਗਿਆ ਹੈ।

Check Also

ਸੁਪਰੀਮ ਕੋਰਟ ਨੇ ਪਤੰਜਲੀ ਕੋਲੋਂ ਮੁਆਫੀਨਾਮੇ ਦੀ ਅਸਲੀ ਕਾਪੀ ਮੰਗੀ

ਅਦਾਲਤ ਨੇ ਉੱਤਰਾਖੰਡ ਲਾਇਸੈਂਸਿੰਗ ਅਥਾਰਟੀ ਦੀ ਵੀ ਕੀਤੀ ਖਿਚਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ ਗੁੰਮਰਾਹਕੁੰਨ …