ਸਾਨੂੰ ਆਪਣੇ ਘਰਾਂ ‘ਚ ਪੰਜਾਬੀ ਬੋਲਣੀ ਚਾਹੀਦੀ : ਕੁਲਦੀਪ ਕੌਰ ਗਿੱਲ
ਬਰੈਂਪਟਨ/ਗੁਰਜਿੰਦਰ ਸੰਘੇੜਾ
ਪੰਜਾਬੀ ਕਲਮਾਂ ਦੇ ਕਾਫਲੇ ਦੀ ਮੀਟਿੰਗ ਬਰੈਂਪਟਨ ਲਾਇਬ੍ਰੇਰੀ ਦੇ ਨੀਯਤ ਕਮਰੇ ਵਿਚ 24 ਫਰਵਰੀ ਨੂੰ ਹੋਈ। ਕਾਫਲੇ ਦੀ ਸੰਚਾਲਕ ਬਰਜਿੰਦਰ ਗੁਲਾਟੀ ਨੇ ਸਟੇਜ ਸੇਵਾ ਨੂੰ ਸੰਭਾਲਦਿਆਂ ਦੋ ਉੱਘੇ ਲੇਖਕ ਪ੍ਰੀਤਮ ਸਿੱਧੂ (ਯੂ.ਕੇ.) ਤੇ ਬਲਬੀਰ ਸਿਕੰਦ ਦੇ ਅਚਾਨਕ ਦਿਹਾਂਤ ਦੀ ਖਬਰ ਸਾਂਝੀ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸਰਬਸੰਮਤੀ ਨਾਲ ਸ਼ੋਕ ਮਤਾ ਪਾਸ ਕੀਤਾ।
ਗੁਰਜਿੰਦਰ ਸੰਘੇੜਾ ਨੇ ਦੱਸਿਆ ਕਿ ਪ੍ਰੀਤਮ ਸਿੱਧੂ ‘ਪੰਜਾਬੀ ਸਾਹਿਤ ਕਲਾ ਕੇਂਦਰ ਯੂ.ਕੇ.’ ਦੇ ਪਹਿਲੇ ਪ੍ਰਧਾਨ ਸਨ। ਉਹ 1964 ਵਿਚ ਯੂ.ਕੇ. ਆਏ ਤੇ ਅੰਗਰੇਜ਼ੀ ਪੜ੍ਹਾਉਂਦੇ ਰਹੇ। ਬਾਅਦ ਵਿਚ ਥੋੜ੍ਹੀ ਦੇਰ ਅਦਾਰਾ ‘ਦੇਸ ਪਰਦੇਸ’ ਨਾਲ ਵੀ ਕੰਮ ਕੀਤਾ। ਤਕਰੀਬਨ 13 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਕਮਾਲ ਦੀ ਵਾਰਤਿਕ ਲਿਖਦੇ ਸਨ। ਉਨ੍ਹਾਂ ਦੀ ਵਾਰਤਿਕ ਬਾਰੇ ਬਲਵੰਤ ਗਾਰਗੀ ਲਿਖਦਾ ਹੈ, ”ਪ੍ਰੀਤਮ ਸਿੱਧੂ ਦੀ ਲੇਖਣੀ ਵਿਚੋਂ ਗਿੱਲੀ ਮੱਕੀ ਦੇ ਭੁੱਜੇ ਮੁਰਮਰਿਆਂ ਤੇ ਮਿੱਠੀ ਚਰ੍ਹੀ ਦੇ ਚੂਪਣ ਦਾ ਸੁਆਦ ਆਉਂਦਾ ਹੈ।”ઠ
ਬਰਜਿੰਦਰ ਗੁਲਾਟੀ ਨੇ ਦੱਸਿਆ ਕਿ ਕਾਫਲੇ ਦੇ ਪੁਰਾਣੇ ਮੈਂਬਰ, ਬਲਬੀਰ ਸਿਕੰਦ ਫਰਵਰੀ 2 ਨੂੰ ਸਾਨੂੰ ਸਦਾ ਲਈ ਵਿਛੋੜਾ ਦੇ ਗਏ। ਉਨ੍ਹਾਂ ਦੀ ਸਵੈਜੀਵਨੀ ‘ਜ਼ੰਗਾਲਿਆ ਕਿੱਲ’ 2010 ਵਿਚ ਕਾਫਲੇ ਵਲੋਂ ਰਿਲੀਜ ਕੀਤੀ ਗਈ ਸੀ। ਉਨ੍ਹਾਂ ਨੇ ਕੁਝ ਔਰਤਾਂ ਦੀ ਵਿਸ਼ਾਲਤਾ ਬਾਰੇ ਕਿਤਾਬ ਲਿਖੀ ਸੀ ‘ਦਰਵੇਸ਼ ਬੀਬੀਆਂ’। ਦੋ ਕਾਵਿ ਸੰਗ੍ਰਿਹ ਲਿਖੇ। ਉਨ੍ਹਾਂ ਦੇ ਲਿਖੇ ਗੀਤ ਲਤਾ ਮੰਗੇਸ਼ਕਰ ਤੇ ਪਕਿਸਤਾਨ ਦੀ ਸ਼ਾਜ਼ੀਆ ਮਨਸੂਰ ਵਲੋਂ ਵੀ ਗਾਏ ਗਏ। ਗੁਰਦਾਸ ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਸਿਕੰਦ ਦੀ ਕਿਤਾਬ ‘ਜ਼ੰਗਾਲਿਆ ਕਿੱਲ’ ਦਾ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਸਿਕੰਦ ਨੇ ਫਿਲਮ ਪ੍ਰਤਿਗਿਆ ਵਿਚ ਵੀ ਕੰਮ ਕੀਤਾ। ਫਿਲਮੀ ਪ੍ਰੋਡਕਸ਼ਨ, ਡਾਇਰੈਕਸ਼ਨ ਵਿੱਚ ਕਾਫੀ ਕੰਮ ਕੀਤਾ। ਉਨ੍ਹਾਂ ਖੁਦ ਇੱਕ ਫਿਲਮ ਵੀ ਬਣਾਈ ‘ਅੰਬਰੀ’। ਉਹ ਨਿਮਰਤਾ ਭਰੇ ਵਧੀਆ ਇਨਸਾਨ ਸਨ ਤੇ ਸਦਾ ਸਾਡੀਆਂ ਯਾਦਾਂ ਵਿਚ ਰਹਿਣਗੇ।ઠ
ਇਸ ਤੋਂ ਬਾਅਦ ਬਰਜਿੰਦਰ ਗੁਲਾਟੀ ਨੇ ਮੁੱਖ ਵਿਸ਼ੇ ‘ਅੰਤਰਰਾਸ਼ਟਰੀ ਮਾਂ ਬੋਲੀ’ ਦਿਵਸ ਦੇ ਇਤਿਹਾਸ ਬਾਰੇ ਦੱਸਿਆ ਕਿ ਕਿਵੇਂ ਬੰਗਲਾ ਦੇਸ਼ (ਉਸ ਵੇਲੇ ਦੇ ਪੂਰਬੀ ਪਾਕਿਸਤਾਨ) ਵਿੱਚ ਲੋਕਾਂ ਦੀ ਮਾਂ ਬੋਲੀ ‘ਬੰਗਾਲੀ’ ਹੋਣ ਦੇ ਬਾਵਜੂਦ ਉਰਦੂ ਨੂੰ ਰਾਸ਼ਟਰ ਭਾਸ਼ਾ ਵਜੋਂ ਮੰਨਣਾ ਸ਼ੁਰੂ ਕੀਤਾ ਤਾਂ ਲੋਕਾਂ ਖਾਸ ਕਰ ਵਿਦਿਆਰਥੀਆਂ ਵੱਲੋਂ ਵਿਦਰੋਹ ਸ਼ੁਰੂ ਹੋਏ ਤੇ 21 ਫ਼ਰਵਰੀ, 1952 ਨੂੰ ਵਿਰੋਧੀ ਸਮੂਹ ‘ਤੇ ਪੁਲਿਸ ਵੱਲੋਂ ਗੋਲੀਆਂ ਚੱਲੀਆਂ ਤੇ ਚਾਰ ਵਿਦਿਆਰਥੀ ਮਾਰੇ ਗਏ। ਅਖੀਰ ਸੰਨ 1956 ਵਿੱਚ ਬੰਗਾਲੀ ਨੂੰ ਬਣਦੀ ਮਾਨਤਾ ਮਿਲੀ। ਯੂਨੈਸਕੋ ਵੱਲੋਂ 1948 ਵਿੱਚ ਬਣਾਏ ‘ਯੂਨੀਵਰਸਲ ਡੈਕਲੇਰੇਸ਼ਨ ਔਫ਼ ਹਿਊਮਨ ਰਾਈਟਸ’ ਦੇ 70 ਸਾਲ ਮਨਾਉਂਦਿਆਂ ਇਸ ਸਾਲ ਦਾ ਮੁੱਖ ਥੀਮ ਰੱਖਿਆ ”ਸਾਡੀਆਂ ਭਾਸ਼ਾਵਾਂ, ਸਾਡੀ ਪੂੰਜੀ” ਅਤੇ ਇਸ ਡੈਕਲੇਰੇਸ਼ਨ ਦਾ 500 ਭਾਸ਼ਾਵਾਂ ਵਿੱਚ ਅਨੁਵਾਦ ਕਰਵਾਇਆ ਹੈ।ઠ
ਕੁਲਦੀਪ ਕੌਰ ਗਿੱਲ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ਵਿਚ ਪੰਜਾਬੀ ਬੋਲਣੀ ਚਾਹੀਦੀ ਹੈ। ਜੇ ਮਾਂ-ਬਾਪ ਘਰਾਂ ਵਿਚ ਬੱਚਿਆਂ ਨਾਲ ਪੰਜਾਬੀ ਵਿਚ ਗੱਲਬਾਤ ਕਰਨਗੇ ਤਾਂ ਉਨ੍ਹਾਂ ਨੂੰ ਵੀ ਪੰਜਾਬੀ ਸਮਝਣ ਤੇ ਬੋਲਣ ਦੀ ਆਦਤ ਪੈ ਜਾਵੇਗੀ। ਦਲਜੀਤ ਬਨਵੈਤ ਨੇ ਕਿਹਾ ਕਿ ਸਾਨੂੰ ਬਹੁਤ ਫਿਕਰ ਹੈ ਕਿ ਅਸੀਂ ਪੰਜਾਬੀ ਨੂੰ ਅੱਗੇ ਕਿਵੇਂ ਤੋਰ ਸਕਦੇ ਹਾਂ। ਸਾਨੂੰ ਸਭ ਨੂੰ ਮਿਲ ਕੇ ਕੋਸ਼ਿਸ਼ ਕਰਨੀ ਚਾਹੀਦੀ ਹੈ। ਡਾ. ਅਮਰਜੀਤ ਬਨਵੈਤ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਇੱਕ ਡੂੰਘਾ ਮਸਲਾ ਹੈ। ਬੱਚੇ ਜਦ ਸਕੂਲ ਜਾਂਦੇ ਨੇ ਜਾਂ ਪਾਰਕਾਂ ਵਿਚ ਖੇਲਦੇ ਨੇ ਉੱਥੇ ਇੰਗਲਿਸ਼ ਦਾ ਮਾਹੌਲ ਹੁੰਦਾ ਹੈ। ਸਾਡੀ ਬੋਲੀ ਪੰਜਾਬ ਦੇ ਮਾਹੌਲ ਮੁਤਾਬਕ ਸੀ। ਹੁਣ ਦੀ ਨਵੀਂ ਜਨਰੇਸ਼ਨ ਨੂੰ ਕਿਵੇਂ ਪੰਜਾਬੀ ਨਾਲ ਜੋੜਿਆ ਜਾਵੇ ਇਹ ਇੱਕ ਵੱਡਾ ਸਵਾਲ ਹੈ। ਘਰੋਂ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਮਾਂ ਬਾਪ ਨੂੰ ਇਸ ਵਲ ਧਿਆਨ ਦੇਣ ਦੀ ਲੋੜ ਹੈ ਕਿ ਬੱਚਿਆਂ ਨੂੰ ਇਸ ਪਾਸੇ ਵਲ ਲਾਇਆ ਜਾਵੇ। ਗੁਰਦਾਸ ਮਿਨਹਾਸ ਅਨੁਸਾਰ ਸਾਨੂੰ ਇਕੱਲੀ ਪੰਜਾਬੀ ਹੀ ਨਹੀਂ ਹੋਰ ਭਾਸ਼ਾਵਾਂ ਵੀ ਸਿੱਖਣੀਆਂ ਚਾਹੀਦੀਆਂ ਨੇ।ઠ
ਹਰਦੇਵ ਰੈਂਖ ਨੇ ਕਿਹਾ ਕਿ ਸਕੂਲਾਂ ਵਿਚ ਪੰਜਾਬੀ ਦੀਆਂ ਕਲਾਸਾਂ ਲੱਗਦੀਆਂ ਨੇ, ਮੈਂ ਬੱਚਿਆਂ ਨੂੰ ਉੱਥੇ ਲੈ ਕੇ ਜਾਂਦਾ ਹਾਂ, ਬੜਾ ਫਰਕ ਪੈਂਦਾ ਹੈ। ਹੁਣ ਬੱਚਿਆਂ ਨੂੰ ਸ਼ੌਕ ਪੈਦਾ ਹੋ ਗਿਆ ਹੈ ਪੰਜਾਬੀ ਸਿਖਣ ਦਾ। ਕਾਫਲੇ ਵਲੋਂ ਇੰਡੀਆ ਤੋਂ ਆਏ ਹਰਦੇਵ ਰੈਂਖ ਦੇ ਪਿਤਾ ਜੀ (ਪੰਜਾਬੀ ਲੇਖਕ) ਸਰਦਾਰ ਜੋਗਿੰਦਰ ਸਿੰਘ ਰੈਂਖ ਨੂੰ ਜੀ ਆਇਆਂ ਆਖਿਆ। ਜੋਗਿੰਦਰ ਰੈਂਖ ਨੇ ਇਸ ਵਿਸ਼ੇ ਬਾਰੇ ਕਿਹਾ ਕਿ ਜਿੰਨਾ ਚਿਰ ਅਸੀਂ ਮਾਂ ਬੋਲੀ ਨੂੰ ਆਪਣੇ ਘਰ ਵਿਚ ਨਹੀਂ ਬੋਲਾਂਗੇ, ਉਹ ਕਿਵੇਂ ਸਿੱਖ ਸਕਣਗੇ। ਮਨਮੋਹਨ ਗੁਲਾਟੀ ਨੇ ਕਿਹਾ ਕਿ ਸਾਡੇ ਘਰਾਂ ਵਿਚ ਪੰਜਾਬੀ ਬੋਲਣ ਦਾ ਰੁਝਾਨ ਘਟਦਾ ਜਾ ਰਿਹਾ ਹੈ ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਗੱਲ ਦੇ ਜ਼ਿੰਮੇਵਾਰ ਕੋਈ ਹੋਰ ਨਹੀਂ ਅਸੀਂ ਆਪ ਹੀ ਹਾਂ।ઠ
ਉੱਘੇ ਵਾਰਤਾਕਾਰ ਸਰਦਾਰ ਪੂਰਨ ਸਿੰਘ ਪਾਂਧੀ ਨੇ ਦੱਸਿਆ ਕਿ ‘ਭਾਸ਼ਾ’ ਸੰਸਕ੍ਰਿਤ ਦਾ ਸ਼ਬਦ ਹੈ ਤੇ ‘ਬੋਲੀ’ ਪੰਜਾਬੀ ਦਾ, ਪਰ ਦੋਹਾਂ ਦਾ ਅਰਥ ਇੱਕ ਹੀ ਹੈ। ਬੋਲੀ ਦੇ ਬਦਲਾਅ ਵੱਲ ਦੇਖੀਏ ਤਾਂ ਰਿਗਵੇਦ ਵੇਲੇ ਵੀ ਪੰਜਾਬੀ ਸੀ। ਮੁਗਲਾਂ ਦਾ ਰਾਜ ਆ ਗਿਆ ਤਾਂ ਪੰਜਾਬੀ ਦਾ ਪ੍ਰਭਾਵ ਉਦੋਂ ਵੀ ਸੀ। ਦੁਨੀਆਂ ਦੀ ਕੋਈ ਵੀ ਭਾਸ਼ਾ ਆਪਣੇ ਆਪ ਵਿਚ ਮੁਕੰਮਲ ਨਹੀਂ, ਹਰ ਭਾਸ਼ਾ ਵਿਚ ਦੂਸਰੀਆਂ ਬੋਲੀਆਂ ਦੇ ਸ਼ਬਦ ਰਲੇ ਹੋਏ ਹੁੰਦੇ ਨੇ। ਹਾਲਾਤ ਕਰਕੇ, ਨਵੀਆਂ ਕਾਢਾਂ ਕਰਕੇ ਬੋਲੀ ਬਦਲਦੀ ਹੈ, ਸ਼ਬਦ ਬਦਲਦੇ ਨੇ। ઠਜਿਨ੍ਹਾਂ ਦਿਨਾਂ ਵਿਚ ਖੂਹ ਦੀ ਕਾਢ ਸੀ, ਹਰਟ ਚਲਦਾ ਸੀ, ਪਾਣੀ ਅਉਂਦਾ ਸੀ। ਖੂਹ ਨਹੀਂ ਰਹੇ ਉਹ ਬੋਲੀ ਵੀ ਮਰ ਗਈ। ਪਰ ਸਾਨੂੰ ਇਸਦਾ ਸੋਗ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੀ ਬੋਲੀ ਵਿਚ ਨਵਾਂਪਣ ਵੀ ਆ ਗਿਆ। ਏਸੇ ਤਰ੍ਹਾਂ ਖੇਤੀ ਨਾਲ ਸਬੰਧਿਤ ਟਰੈਕਟਰ ਨੂੰ ਅਸੀਂ ਪੰਜਾਬੀ ਵਿਚ ਕੀ ਆਖਾਂਗੇ। ਮਡਗਾਰਡ ਨੂੰ ਕੀ ਆਖਾਂਗੇ। ਜੇ ਕੋਈ ਸ਼ਬਦ ਦੂਜੀ ਭਾਸ਼ਾ ਵਿਚੋਂ ਆਉਂਦੇ ਨੇ, ਵਰਤੀਦੇ ਨੇ, ਸਮਝ ਲਗਦੀ ਹੈ, ਤਾਂ ਉਹ ਸਾਡੀ ਬੋਲੀ ਹੈ। ਇਸ ਨਾਲ ਬੋਲੀ ਵਿਚ ਘਾਟ ਨਹੀਂ ਆਉਂਦੀ, ਅਮੀਰ ਹੁੰਦੀ ਹੈ। ਛੇਵੀਂ ਸੱਤਵੀਂ ਸਦੀ ਵਿਚ ਸਾਨੂੰ ਜੋਗੀਆਂ ਦੀਆਂ ਭਾਸ਼ਾਵਾਂ ਮਿਲਦੀਆਂ ਨੇ। ਤੇਰ੍ਹਵੀਂ ਸਦੀ ਵਿਚ ਸ਼ੁੱਧ ਪੰਜਾਬੀ ‘ਕੱਲੇ ਫਰੀਦ ਦੀ ਹੈ। ਏਥੇ ਇਹ ਵੀ ਭੁਲਣਾ ਨਹੀਂ ਚਾਹੀਦਾ ਕਿ ਉਦੋਂ ਪੰਜਾਬੀ ਲਿੱਪੀ ਨਹੀਂ ਸੀ। ਚੌਧਵੀਂ ਸਦੀ ਵਿਚ ਕਬੀਰ ਸਾਹਿਬ ਆਏ। ਉਨ੍ਹਾਂ ਦੀ ਭਾਸ਼ਾ ਵਿਚ ਸੰਸਕ੍ਰਿਤ ਦਾ ਪ੍ਰਭਾਵ ਸੀ। 15ਵੀਂ ਸਦੀ ਵਿਚ ਗੁਰੂ ਨਾਨਕ ਦੇਵ ਜੀ ਦਾ ਆਗਮਨ ਹੋਇਆ। ਇਹ ਗੱਲ ਗਲਤ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਪੰਜਾਬੀ ਵਿਚ ਲਿਖਿਆ। ਓਸ ਭਾਸ਼ਾ ਨੂੰ ਆਪਾਂ ਮਧੂਕੜੀ ਭਾਸ਼ਾ ਕਹਿੰਦੇ ਹਾਂ। ਉਸ ਤੋਂ ਬਾਅਦ ਕਿੱਸਾ ਸਾਹਿਤ ਆ ਗਿਆ, ਭਗਤੀ ਸਾਹਿਤ ਆ ਗਿਆ। ਹੁਣ ਤੱਕ ਆਉਂਦਿਆਂ-ਆਉਂਦਿਆਂ ਪੰਜਾਬੀ ਵਿਆਕਾਰਣ ਬਣ ਗਈ। ਕਿਉਂਕਿ ਵਿਆਕਾਰਣ ਵਗਦੇ ਪਾਣੀਆਂ ਵਰਗੀ ਹੈ, ਇੱਕ ਥਾਂ ਖੜ੍ਹੀ ਨਹੀਂ ਰਹਿਣ ਵਾਲੀ। ਇਸ ਵਿਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਬੋਲੀਆਂ ਕਿਸੇ ਵੀ ਮਾਹੌਲ ਦਾ ਮਹਾਂ ਸਾਗਰ ਨੇ। ਪੰਜਾਬੀ ਦੀ ਅਮੀਰੀ ਦੀ ਗੱਲ ਕਰਦਿਆਂ ਉਨ੍ਹਾਂ ਆਪਣੇ ਲਿਖੇ ਇੱਕ ਆਰਟੀਕਲ (ਪੰਜਾਬੀ ਭਾਸ਼ਾ ਦੀ ਸਮਰੱਥਾ) ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਬੱਚੇ ਦੇ ਜਨਮ ਤੋਂ ਲੈਕੇ 22 ਸਕੀਰੀਆਂ ਬਦਲਦੀਆਂ ਨੇ, ਕਦੇ ਪੁੱਤਰ ਕਦੇ ਭਰਾ, ਪਤੀ, ਚਾਚਾ, ਤਾਇਆ…। ਅਤੇ ਬਾਈ ਉਸਦੇ ਨਾਂ ਨੇ। ਦੁਖਾਂਤ ਇਹ ਹੈ ਕਿ ਅਸੀਂ ਚੰਗੇ ਭਲੇ ਜਾਣਦੇ ਹੋਏ ਵੀ ਅੰਗਰੇਜ਼ੀ ਵਿਚ ਬੋਲਦੇ ਹਾਂ। ਸਾਡੇ ਕਈ ਰੇਡੀਓ ਟੀ ਵੀ ਚਲਾਉਣ ਵਾਲੇ ਵੀ ਕਈ ਦਫਾ ਬਹੁਤ ਗਲਤ ਉਚਾਰਣ ਕਰਦੇ ਨੇ, ਉਹ ਭੁੱਲ ਜਾਂਦੇ ਨੇ ਕਿ ਕਿੰਨੇ ਲੋਕ ਸੁਣ ਰਹੇ ਨੇ। ਅਖੀਰ ਵਿਚ ਉਨ੍ਹਾਂ ਨੇ ਅਜਿਹੇ ਵਧੀਆ ਵਿਸ਼ਿਆਂ ਉੱਤੇ ਬਹਿਸ ਕਰਾਉਣ ਦਾ ਉਪਰਾਲਾ ਕਰਨ ਕਲਮਾਂ ਦੇ ਕਾਫਲੇ ਦੀ ਸ਼ਲਾਘਾ ਕੀਤੀ।ઠ
ਪੰਜਾਬੀ ਜਗਤ ਦੇ ਸਿਰਮੌਰ ਲੇਖਕ ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ ਕਿ ਪੰਜਾਬੀ 13 ਕਰੋੜ ਲੋਕਾਂ ਦੀ ਬੋਲੀ ਜਾਣ ਵਾਲੀ ਭਾਸ਼ਾ ਹੈ। ਪੰਜਾਬੀ ਬੋਲਣ ਵਾਲੇ 125 ਮੁਲਕਾਂ ਵਿਚ ਵਸਦੇ ਨੇ। ਜਿੰਨੀਆਂ ਸੰਸਾਰ ਦੀਆਂ ਭਾਸ਼ਾਵਾਂ ਨੇ ਪੰਜਾਬੀ ਦਾ 12ਵਾਂ ਜਾਂ 13ਵਾਂ ਅਸਥਾਨ ਹੈ। ਪੰਜਾਬੀ ਕੋਈ ਦੋ ਚਾਰ ਸੌ ਸਾਲ ਪੁਰਾਣੀ ਭਾਸ਼ਾ ਨਹੀਂ ਹੈ। ਬਾਬਾ ਫਰੀਦ 13ਵੀਂ ਸਦੀ ਵਿਚ ਆਏ ਸਨ। ਜਦੋਂ ਅਸੀਂ ਬਾਬਾ ਫਰੀਦ ਨੂੰ ਪੜ੍ਹਦੇ ਹਾਂ ਤਾਂ ਇਹ ਗੱਲ ਬਹੁਤ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਕਿ ਉਸ ਵੇਲੇ ਪੰਜਾਬੀ ਭਾਸ਼ਾ ਕਾਫੀ ਹੱਦ ਤੱਕ ਵਿਕਾਸ ਕਰ ਗਈ ਸੀ। ਇਸਦਾ ਮਤਲਬ ਪੰਜਾਬੀ ਦਾ ਜਨਮ ਬਾਰ੍ਹਵੀਂ ਤੇਹਰਵੀਂ ਸਦੀ ਤੋਂ ਕਈ ਸੌ ਸਾਲ ਪਹਿਲਾਂ ਹੋਇਆ ਹੋਵੇਗਾ। ਦੁੱਖ ਵਾਲੀ ਗੱਲ ਇਹ ਹੈ ਕਿ ਇੰਨੀ ਪੁਰਾਣੀ ਭਾਸ਼ਾ ਹੋਣ ਦੇ ਬਾਵਜੂਦ ਵੀ ਪੰਜਾਬੀ ਨੂੰ ਇਸਦਾ ਢੁੱਕਵਾਂ ਅਸਥਾਨ ਨਹੀਂ ਮਿਲਿਆ। ਇਸ ਲਈ ਸਰਕਾਰਾਂ ਵੀ ਜ਼ਿੰਮੇਵਾਰ ਨੇ ਤੇ ਅਸੀਂ ਆਪ ਵੀ ਜ਼ਿੰਮੇਵਾਰ ਹਾਂ। ਪੰਜਾਬ ਵਿਚ ਰਾਜ ਭਾਸ਼ਾ ਪੰਜਾਬੀ ਅਪਣਾਈ ਗਈ ਹੈ। ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਉਹ ਪੂਰੀ ਤਰ੍ਹਾਂ ਲਾਗੂ ਨਹੀਂ ਕੀਤੀ। ਹਾਲੇ ਵੀ ਪੰਜਾਬ ਦੇ ਬਹੁਤ ਸਾਰੇ ਮਹਿਕਮਿਆਂ ਵਿਚ ਸਰਕਾਰ ਦਾ ਕੰਮ ਅੰਗਰੇਜ਼ੀ ਵਿਚ ਚਲ ਰਿਹਾ। ਪੜ੍ਹਾਈ ਦਾ ਮਿਆਰ ਵੀ ਬਹੁਤ ਥੱਲੇ ਚਲਾ ਗਿਆ। ਪਿੱਛੇ ਜਿਹੇ ਇੱਕ ਰਿਪੋਰਟ ਛਪੀ ਹੈ ਜਿਸ ਵਿਚ ਲਿਖਿਆ ਸੀ, ਪੰਜਾਬ ਦੇ ਸਕੂਲਾਂ ਦੇ 46% ਬੱਚੇ, ਪੰਜਾਬੀ ਦੀ ਦੂਜੀ ਜਮਾਤ ਦੀ ਕਿਤਾਬ ਨਹੀਂ ਪੜ੍ਹ ਸਕਦੇ। ਪੰਜਾਬੀ ਪੜ੍ਹਾਉਣ ਦਾ ਮਿਆਰ ਕਾਲਜਾਂ ਵਿਚ ਵੀ ਡਿੱਗਿਆ ਹੈ। ਪੰਜਾਬ ਸਰਕਾਰ ਨੇ ਆਪਣੇ ਵੱਲੋਂ ਕੋਈ ਯਤਨ ਨਹੀਂ ਕੀਤਾ। ਸਕੂਲਾਂ ਵਿਚ 600 ਪੋਸਟਾਂ ਕਈ ਸਾਲਾਂ ਤੋ ਖਾਲੀ ਨੇ। ਪੰਜਾਬ ਦੇ ਕਾਲਜਾਂ ਵਿਚ ਪੰਜਾਬੀ ਅਧਿਆਪਕਾਂ ਦੀਆਂ 5000 ਪੋਸਟਾਂ ਨੇ ਜਿਨ੍ਹਾਂ ਵਿੱਚੋਂ 3500 ਪੋਸਟਾਂ ਖਾਲੀ ਨੇ। ਸਰਕਾਰ ਨੂੰ ਜਿਵੇਂ ਕੋਈ ਸਰੋਕਾਰ ਹੀ ਨਹੀਂ। ਪੰਜਾਬ ਦੇ ਲੋਕਾਂ ਨੂੰ ਵੀ ਆਪਣੀ ਭਾਸ਼ਾ ਨਾਲ ਕੋਈ ਮਤਲਬ ਨਹੀਂ। ਆਪਣੀ ਮਾਂ ਬੋਲੀ ਤੋਂ ਮੁਨਕਰ ਹੋ ਜਾਣਾ, ਮਰ ਜਾਣਾ ਹੈ। ਜੇ ਮਾਂ ਬੋਲੀ ਖਤਮ ਹੋ ਜਾਵੇਗੀ ਤੁਹਾਡੀਆਂ ਰਸਮਾਂ ਰਿਵਾਜ ਸਭ ਖਤਮ ਹੋ ਜਾਣਗੇ। ਜੇ ਸਭਿਆਚਾਰ ਖਤਮ ਹੋ ਗਿਆ ਤਾਂ ਸਭ ਕੁਝ ਗਿਆ। ਵਾਰਿਸ ਬੁੱਲੇ ਸ਼ਾਹ ਨੂੰ ਕੌਣ ਯਾਦ ਕਰੇਗਾ। ਭਾਸ਼ਾ ਦਾ ਜਿਉਂਦੇ ਰਹਿਣਾ ਬਹੁਤ ਜਰੂਰੀ ਹੈ। ਕੈਨੇਡਾ ਵਿੱਚ ਪੰਜਾਬੀਆਂ ਦੀ ਹਾਲਤ ਫਿਰ ਵੀ ਠੀਕ ਹੈ ਪਰ ਚੁਣੌਤੀਆਂ ਹੈਗੀਆਂ। ਏਥੋਂ ਦੇ ਜੰਮਪਲ ਬੱਚੇ ਪੰਜਾਬੀ ਤੋਂ ਦੂਰ ਜਾ ਰਹੇ ਨੇ। ਬੱਚਿਆਂ ਨਾਲ ਘਰਾਂ ਵਿਚ ਪੰਜਾਬੀ ਬੋਲੋ। ਬੀ.ਸੀ. ਵਾਲਿਆਂ ਨੇ ਉੱਦਮ ਕਰ ਕੇ ਸਕੂਲਾਂ ਵਿਚ ਪੰਜਾਬੀ ਸੈਕੰਡ ਲੈਂਗੂਏਜ਼ ਦੇ ਤੌਰ ‘ਤੇ ਲਾਗੂ ਕਰਵਾ ਲਈ। ਏਥੇ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਖੀਰ ਵਿਚ ਉਨ੍ਹਾਂ ਇੱਕ ਸੁਝਾਅ ਪੇਸ਼ ਕੀਤਾ ਕਿ ਮੀਡੀਆ, ਗੁਰਦੁਆਰਿਆਂ ਦੇ ਪ੍ਰਬੰਧਕ, ਅਤੇ ਹੋਰ ਸੰਸਥਾਵਾਂ ਰਲ ਕੇ ਯਤਨ ਕਰਨ ਇੱਕ ਸੰਸਥਾ ਬਣਾਈ ਜਾਵੇ, ਜੋ ਸਕੂਲ ਬੋਰਡ ਨਾਲ ਗੱਲਬਾਤ ਸ਼ੁਰੂ ਕਰੇ ਤਾਂ ਕਿ ਸਾਡੀ ਪੰਜਾਬੀ ਭਾਸ਼ਾ ਬੀ.ਸੀ. ਵਾਂਗੂੰ ਸਕੂਲਾਂ ਵਿਚ ਲਾਗੂ ਕੀਤੀ ਜਾ ਸਕੇ।ઠ
ਸੁਰਜਣ ਜੀਰਵੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪਹਿਲੀ ਬੁਨਿਆਦੀ ਗੱਲ ਇਹ ਹੈ ਕਿ ਪੰਜਾਬੀ ਦੀ ਕੋਈ ਪੱਕੀ ਡਿਕਸ਼ਨਰੀ ਹੈ ਹੀ ਨਹੀਂ ਜਿਸ ਵਿਚ ਮਲਵਈ, ਮਾਝਾ, ਦੁਆਬਾ, ਪੋਠੋਹਾਰੀ, ਮੁਲਤਾਨੀ ਇਹ ਸਾਰੇ ਰਸ ਹੋਣ। ਜਿਹੜੀਆਂ ਗੱਲਾਂ ਯੂਨੀਵਰਸਟੀ ਨੂੰ ਕਰਨੀਆਂ ਚਾਹੀਦੀਆਂ ਨੇ, ਉਹ ਨਹੀਂ ਕਰਦੀਆਂ। ਇਸ ਵਾਸਤੇ ਸਾਨੂੰ ਅਵਾਜ਼ ਉਠਾਉਣੀ ਚਾਹੀਦੀ ਹੈ। ਜ਼ੁਬਾਨ ਨੂੰ ਜਿਉਂਦੇ ਰੱਖਣ ਦਾ ਇੱਕੋ-ਇੱਕ ਵਸੀਲਾ ਹੈ ਚੰਗਾ ਸਾਹਿਤ। ਜੇ ਤੁਸੀ ਚੰਗਾ ਸਾਹਿਤ ਹੀ ਨਹੀਂ ਪੈਦਾ ਕਰ ਸਕਦੇ ਤਾਂ ਤੁਸੀਂ ਕਿਵੇਂ ਜ਼ਨਰੇਸ਼ਨ ਨੂੰ ਨਾਲ ਜੋੜ ਕੇ ਰੱਖੋਗੇ। ਸਾਡੇ ਕਿੱਸੇ ਕਹਾਣੀਆਂ ਰੁਲ ਹੀ ਗਏ। ਮਾਮਲੇ ਗੰਭੀਰ ਨੇ ਇਸ ‘ਤੇ ਵਿਚਾਰ ਕਰਨੀ ਚਾਹੀਦੀ ਹੈ। ਸ਼ਬਦਕੋਸ਼ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਗੰਭੀਰ ਵਿਸ਼ੇ ਜ਼ਰੂਰ ਲਿਆਉਣੇ ਚਾਹੀਦੇ ਨੇ।ઠਜੋਗਿੰਦਰ ਸਿੰਘ ਰੈਂਖ ਵਲੋਂ ਇੱਕ ਕਵਿਤਾ ਪੇਸ਼ ਕੀਤੀ ਗਈ ਜੋ ਸਭ ਨੇ ਪਸੰਦ ਕੀਤੀ। ਇਕਬਾਲ ਬਰਾੜ ਦੇ ਸੁਰੀਲੇ ਗੀਤ ਦਾ ਸਭ ਨੇ ਆਨੰਦ ਮਾਣਿਆ। ਅਖੀਰ, ਬਰਜਿੰਦਰ ਗੁਲਾਟੀ ਨੇ ਸਭ ਦਾ ਧੰਨਵਾਦ ਕੀਤਾ ਤੇ ਮੀਟਿੰਗ ਬਰਖਾਸਤ ਹੋਈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …