ਬਰੈਂਪਟਨ : ਬਰੈਂਪਟਨ ਨੌਰਥ ਤੋਂ ਲਿਬਰਲ ਪਾਰਟੀ ਦੀ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਨੇ ਕਿਹਾ ਕਿ ਜਦੋਂ ਮੇਰੇ ਮਾਪੇ ਪਹਿਲੀ ਵਾਰ ਕੈਨੇਡਾ ਆਏ ਤਾਂ ਉਸ ਸਮੇਂ ਉਨ੍ਹਾਂ ਲਈ ਘਰ ਦੇ ਮਾਲਕ ਬਣਨਾ ਇਕ ਸੁਪਨੇ ਦੀ ਨਿਆਈਂ ਸੀ। ਰੱਦਰਫ਼ੋਰਡ ਡਰਾਈਵ ਵਾਲਾ ਸਾਡਾ ਘਰ ਜਿੱਥੇ ਮੈਂ ਆਪਣੀ ਵੱਡੀ ਭੈਣ ਅਤੇ ਛੋਟੇ ਭਰਾ ਨਾਲ ਬਚਪਨ ਦੀਆਂ ਸੁਨਹਿਰੀ ਯਾਦਾਂ ਦੀ ਸ਼ੁਰੂਆਤ ਕੀਤੀ, ਜਿੱਥੇ ਸਾਰੇ ਦਿਨ ਦੇ ਸਖ਼ਤ ਕੰਮ ਤੋਂ ਥੱਕ ਟੁੱਟ ਕੇ ਆਈ ਮੇਰੀ ਮਾਂ ਆਰਾਮ ਕਰਦੀ ਸੀ ਅਤੇ ਜਿੱਥੇ ਮੈਂ ਆਪਣੇ ਬਾਪ ਨਾਲ ਬੈਠ ਕੇ ਟੀ.ਵੀ. ‘ਤੇ ਸ਼ਾਮ ਦੀਆਂ ਖ਼ਬਰਾਂ ਵੇਖਦੀ ਹੁੰਦੀ ਸੀ ਜਿੱਥੋਂ ਸਿਆਸਤ ਵਿਚ ਮੇਰੀ ਦਿਲਚਸਪੀ ਜਾਗੀ ਸੀ। ਅੱਜ ਮੇਰਾ ਘਰ ਉਹ ਹੈ ਜਿੱਥੇ ਮੈਂ ਆਪਣੇ ਪਰਿਵਾਰ ਨਾਲ ਆਪਣੇ ਪੁੱਤਰ ਦੀ ਪਾਲਣਾ-ਪੋਸਣਾ ਕਰ ਰਹੀ ਹਾਂ ਅਤੇ ਆਪਣੀ ਟੀਮ ਨਾਲ ਮਿਲ ਕੇ ਇਕ ਵਾਰ ਫਿਰ ਬਰੈਂਪਟਨ ਨੌਰਥ ਤੋਂ ਲਿਬਰਲ ਪਾਰਟੀ ਦੇ ਪਾਰਲੀਮੈਂਟ ਮੈਂਬਰ ਦੇ ਉਮੀਦਵਾਰ ਵਜੋਂ ਦੋਬਾਰਾ ਚੋਣ ਲੜ ਰਹੀ ਹਾਂ।
ਮੇਰਾ ਵਿਸ਼ਵਾਸ ਹੈ ਕਿ ਹਰੇਕ ਨੂੰ ਰਹਿਣ ਲਈ ਸੁਰੱਖ਼ਿਅਤ ਅਤੇ ਯਥਾਯੋਗ ਜਗ੍ਹਾ ਦੀ ਜ਼ਰੂਰਰਤ ਹੈ ਜਿਸ ਨੂੰ ਸਾਡੇ ਸਮਾਜ ਵਿਚ ‘ਘਰ’ ਦਾ ਨਾਂ ਦਿੱਤਾ ਜਾਂਦਾ ਹੈ। ਪਿਛਲੇ ਚਾਰ ਸਾਲਾਂ ਦੌਰਾਨ ਮੈਂ ਔਟਵਾ ਵਿਚ ਅਫ਼ੋਰਡੇਬਲ ਹਾਊਸਿੰਗ ਦਾ ਮੁੱਦਾ ਕਈ ਵਾਰ ਉਠਾਇਆ ਹੈ ਅਤੇ ਫ਼ੈੱਡਰਲ ਲਿਬਰਲ ਸਰਕਾਰ ਦੀ ਨੈਸ਼ਨਲ ਹਾਊਸਿੰਗ ਸਟਰੈਟਿਜੀ ਦੀ ਅਲੰਬਰਦਾਰ ਬਣੀ ਹਾਂ। ਇਸ ਨੈਸ਼ਨਲ ਸਟਰੈਟਿਜੀ ਰਾਹੀਂ ਸਾਡੀ ਲਿਬਰਲ ਸਰਕਾਰ ਕੈਨੇਡਾ-ਭਰ ਵਿਚ ਬਹੁਤ ਸਾਰੇ ਪਰਿਵਾਰਾਂ ਦਾ ਘਰਾਂ ਦੇ ਮਾਲਕ ਬਣਨ ਦਾ ਸੁਪਨਾ ਸੱਚਾਈ ਵਿਚ ਬਦਲਣ ਜਾ ਰਹੀ ਹੈ।
ਆਪਣੇ ਕਰੀਅਰ ਐਂਡ ਜੌਬ ਫ਼ੇਅਰ ਦੌਰਾਨ ਜਦੋਂ ਮੈਂ ਬਰੈਂਪਟਨ ਯੂਥ ਕਾਊਂਸਲ ਕੋਲੋਂ ਫ਼ੀਡਬੈਕ ਲੈਣ ਲਈ ਨੌਜੁਆਨਾਂ ਨਾਲ ਗੱਲਬਾਤ ਕਰ ਰਹੀ ਸੀ ਅਤੇ ਹੁਣ ਚੋਣ-ਮੁਹਿੰਮ ਦੌਰਾਨ ‘ਡੋਰ-ਨਾੱਕਿੰਗ’ ਸਮੇਂ ਪਰਿਵਾਰਾਂ ਦੇ ਨਾਲ ਗੱਲ ਕਰਦੀ ਹਾਂ ਤਾਂ ਮੈਨੂੰ ਪਤਾ ਲੱਗਦਾ ਹੈ ਕਿ ਉਹ ਬਰੈਂਪਟਨ ਦੀ ਮਹਿੰਗੀ ਹਾਊਸਿੰਗ ਤੋਂ ਡਾਹਡੇ ਚਿੰਤਾਤੁਰ ਹਨ ਅਤੇ ਮਹਿਸੂਸ ਕਰਦੇ ਹਨ ਕਿ ਘਰਾਂ ਦੇ ਮਾਲਕ ਬਣਨਾ ਹੁਣ ਕਿੰਨਾ ਮੁਸ਼ਕਲ ਤੇ ਚੁਣੌਤੀ ਭਰਪੂਰ ਬਣਦਾ ਜਾ ਰਿਹਾ ਹੈ। ਉਨ੍ਹਾਂ ਦੀ ਇਸ ਚਿੰਤਾ ਨੂੰ ਦੂਰ ਕਰਨ ਲਈ ਫ਼ੈੱਡਰਲ ਲਿਬਰਲ ਸਰਕਾਰ ਨੇ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਵਧੀਆ ਇਨਸੈਂਟਿਵ ਦਿੱਤਾ ਹੈ ਜਿਸ ਨਾਲ ਉਹ ਪਹਿਲੀ ਵਾਰ ਘਰ ਖਰੀਦਣ ਲਈ 10 ਫੀਸਦੀ ਤੱਕ ਛੋਟ ਪ੍ਰਾਪਤ ਕਰ ਸਕਦੇ ਹਨ। ਬਰੈਂਪਟਨ ਵਰਗੇ ਸ਼ਹਿਰ ਵਿਚ ਜਿੱਥੇ ਘਰਾਂ ਦੀਆਂ ਕੀਮਤਾਂ ਕੌਮੀ ਔਸਤ ਕੀਮਤ ਤੋਂ 60 ਫੀਸਦੀ ਵਧੇਰੇ ਹਨ, ਸਾਡੀ ਲਿਬਰਲ ਸਰਕਾਰ ਜੇਕਰ ਦੋਬਾਰਾ ਚੁਣੀ ਜਾਂਦੀ ਹੈ ਤਾਂ ਉਹ ਇਸ ਇਨਸੈਂਟਿਵ ਦਾ ਪਸਾਰ 789,000 ਡਾਲਰ ਤੱਕ ਕੀਮਤ ਵਾਲੇ ਘਰਾਂ ਤੱਕ ਕਰੇਗੀ। ਇਸ ਦੇ ਨਾਲ ਹੀ ਪਹਿਲੀ ਵਾਰ ਘਰਾਂ ਦੇ ਮਾਲਕ ਬਣਨ ਵਾਲਿਆਂ ਲਈ ਡਾਊਨ ਪੇਅਮੈਂਟ ਵਧਾਉਣ ਤੋਂ ਬਗ਼ੈਰ ਹੀ ਮਹੀਨਾਵਾਰ ਜਾਣ ਵਾਲੀ ਮੌਰਗੇਜ ਘਟੇਗੀ। ਇਹ ਲਿਬਰਲ ਸਰਕਾਰ ਦੇ ਉਸ ਵਾਅਦੇ ਤੋਂ ਇਲਾਵਾ ਹੈ ਜਿਸ ਰਾਹੀਂ ਕੈਨੇਡਾ ਦੀ ਪਹਿਲੀ ਨੈਸ਼ਨਲ ਸਟਰੈਟਿਜੀ ਦੀ ਵਚਨਬੱਧਤਾ ਕੀਤੀ ਗਈ ਸੀ ਜਿਹੜੀ ਕਿ 10-ਸਾਲਾ ਪਲੈਨ ਹੈ ਜਿਸ ਦੇ ਨਾਲ ਦਸ ਸਾਲਾਂ ਵਿਚ 600,000 ਤੋਂ ਵਧੇਰੇ ਕੈਨੇਡਾ-ਵਾਸੀਆਂ ਨੂੰ ਰਹਿਣ ਲਈ ਸੁਰੱਖ਼ਿਅਤ ਅਤੇ ਯਥਾਯੋਗ ਥਾਵਾਂ ਮੁਹੱਈਆ ਕਰਵਾਈਆਂ ਜਾਣੀਆਂ ਹਨ। ਇਸ ਦੇ ਨਾਲ ਹੀ ਨਿਊ ਕੈਨੇਡਾ ਹਾਊਸਿੰਗ 2028 ਤੀਕ 140,000 ਹੋਰ ਨਵੇਂ ਘਰ ਬਣਾ ਕੇ 300,000 ਕੈਨੇਡਾ-ਵਾਸੀਆਂ ਨੂੰ ਕਰਜ਼ੇ ਵਾਲੇ ਘਰਾਂ ਤੋਂ ਮੁਕਤੀ ਦਿਵਾਉਣ ਲਈ ਫ਼ੰਡਿੰਗ ਦਿੱਤੀ ਜਾਣੀ ਹੈ।
Check Also
ਛੋਟੇ ਬਿਜਨਸਾਂ ਦੇ ਮਾਲਕਾਂ ਦੀ ਸਹਾਇਤਾ ਲਈ ਫੈਡਰਲ ਸਰਕਾਰ ਨੇ ਕੀਤਾ ਨਵਾਂ ਐਲਾਨ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਦੇ ਛੋਟੇ ਅਤੇ ਮਧਿਅਮ ਵਰਗ ਦੇ ਬਿਜ਼ਨੈਸ ਇਸ ਦੇਸ਼ ਦੀ ਤਰੱਕੀ …