ਭਾਈ ਘਨੱਈਆ ਲਾਇਬ੍ਰੇਰੀ ਵਿਨੀਪੈਗ ਦੀ ਸਥਾਪਨਾ, ਲੇਖਕਾਂ ਨੇ ਕਿਤਾਬਾਂ ਭੇਂਟ ਕੀਤੀਆਂ
ਵਿਨੀਪੈਗ/ਅਮਰਜੀਤ ਦਬੜ੍ਹੀਖਾਨਾ
ਕੈਨੇਡਾ ਵਰਗੇ ਵਿਕਸਤ ਮੁਲਕ ਵਿਚ ਜਿੱਥੇ ਲੋਕ ਮਸ਼ੀਨੀ ਜ਼ਿੰਦਗੀ ਜੀ ਰਹੇ ਹਨ, ਵਿਖੇ ਲਾਇਬ੍ਰੇਰੀ ਬਣਾ ਕੇ ਕਿਤਾਬਾਂ ਦੇ ਪਾਠਕ ਪੈਦਾ ਕਰਨੇ ਇਕ ਕਰਿਸ਼ਮਾ ਹੀ ਕਿਹਾ ਜਾ ਸਕਦਾ ਹੈ।
ਅੰਮ੍ਰਿਤਸਰ ਤੋਂ ਵਿਨੀਪੈਗ ਰਹਿ ਰਹੇ ਪ੍ਰਿੰ: ਵਜੀਰ ਸਿੰਘ ਰੰਧਾਵਾ ਨੇ ਲਾਇਬ੍ਰੇਰੀ ਸਥਾਪਨਾ ਦਾ ਇਹ ਕਰਿਸ਼ਮਾ ਹੀ ਕਰਕੇ ਨਹੀਂ ਦਿਖਾਇਆ ਸਗੋਂ ਲੋਕਾਂ ਵਿਚ ਕਿਤਾਬਾਂ ਪੜ੍ਹਣ ਦੀ ਚੇਟਕ ਵੀ ਪੈਦਾ ਕੀਤੀ ਹੈ। ਕੀਵੇਟਨ ਰੋਡ ਦੇ ਨਾਲ ਲਗਦੇ ਮੀਡੋਜ ਵੈਸਟ ਸਕੂਲ ਦੇ ਨਾਲ ਭਾਈ ਘਨੱਈਆ ਸੈਲਟਰ ਵਿਖੇ ਹਰ ਰੋਜ ਸੱਠ ਦੇ ਕਰੀਬ ਪੰਜਾਬੀ ਆ ਕੇ ਬੈਠਦੇ ਹਨ। ਇਹਨਾਂ ਵਿਚ ਜ਼ਿਆਦਾਤਰ ਕੈਨੇਡਾ ਦੇ ਪੱਕੇ ਵਸਨੀਕ ਹਨ ਅਤੇ ਕਾਫੀ ਵਿਜ਼ਟਰ ਦੇ ਤੌਰ ‘ਤੇ ਆਉਂਦੇ ਹਨ। ਮਹੀਨਾ ਕੁ ਪਹਿਲਾਂ ਵਜੀਰ ਸਿੰਘ ਰੰਧਾਵਾ ਨੇ ਆਪਣੇ ਘਰ ਪਈਆਂ ਪੁਸਤਕਾਂ ਤੋਂ ਇਲਾਵਾ ਦੋਸਤਾਂ ਮਿਤਰਾਂ ਤੋਂ ਤਕਰੀਬਨ ਦੋ ਸੌ ਦੇ ਕਰੀਬ ਸਾਹਿਤਕ ਪੁਸਤਕਾਂ ਲੈ ਕੇ ਭਾਈ ਘਨੱਈਆ ਲਾਇਬ੍ਰੇਰੀ ਵਿਨੀਪੈਗ ਦੀ ਸੁਰੂਆਤ ਕੀਤੀ। ਸ਼ਾਮ ਨੂੰ ਇਸ ਪਾਰਕ ਵਿਚ ਆਉਣ ਵਾਲੇ ਸੱਜਣ ਆਪਣੇ ਮਨਪਸੰਦ ਦੀਆਂ ਕਿਤਾਬਾਂ ਲੈ ਜਾਂਦੇ ਹਨ ਅਤੇ ਪੜ੍ਹ ਕੇ ਵਾਪਸ ਲੈ ਜਾਂਦੇ ਹਨ। ਫਿਰ ਹਰ ਰੋਜ਼ ਇਹਨਾਂ ਪੜ੍ਹੀਆਂ ਕਿਤਾਬਾਂ ਉਪਰ ਚਰਚਾ ਵੀ ਕੀਤੀ ਜਾਂਦੀ ਹੈ। ਪੰਜਾਬ ਦੇ ਲੇਖਕ-ਪੱਤਰਕਾਰ ਅਮਰਜੀਤ ਦਬੜ੍ਹੀਖਾਨਾ ਨੇ ਇਸ ਲਾਇਬ੍ਰੇਰੀ ਲਈ ਆਪਣੀਆਂ ਲਿਖੀਆਂ ਪੁਸਤਕਾਂ ਰੱਬ ਦਾ ਗੋਰਖਧੰਦਾ, ਜਿੱਥੇ ਦੁਨੀਆਂ ਮੁਕਦੀ ਹੈ, ਜੱਗ ਰਚਨਾ ਦਾ ਸੱਚ ਅਤੇ ਇਕਬਾਲ ਰਾਮੂਵਾਲੀਆ ਜੀ ਵਲੋਂ ਸੰਪਾਦਕ ਬਾਪੂ ਕਰਨੈਲ ਪਾਰਸ ਬਾਰੇ ਪੁਸਤਕ ਦੁਨੀਆ ਯਾਦ ਕਰੂ ਆਦਿ ਲਾਇਬ੍ਰੇਰੀ ਲਈ ਭੇਂਟ ਕੀਤੀਆਂ। ਇਸ ਤੋਂ ਇਲਾਵਾ ਉਹਨਾਂ ਅਸਲੀ ਇਨਸਾਲ ਦੀ ਕਹਾਣੀ, ਮੇਰਾ ਦਾਗਿਸਤਾਨ, ਸਿੱਖ ਵੀ ਨਿਗਲਿਆ ਗਿਆ ਅਤੇ ਅਬਰਾਹਮ ਲਿੰਕਨ ਦੀ ਜੀਵਨੀ ਕਿਤਾਬਾਂ ਦੇ ਪੀ ਡੀ ਐਫ ਲਾਇਬ੍ਰੇਰੀ ਲਈ ਭੇਂਟ ਕੀਤੇ।
ਇਸ ਮੌਕੇ ਬੋਲਦਿਆਂ ਪ੍ਰਿੰ: ਵਜੀਰ ਸਿੰਘ ਰੰਧਾਵਾ ਨੇ ਕਿਹਾ ਕਿ ਜੇ ਕਿਤਾਬਾਂ ਨਾ ਹੁੰਦੀਆਂ ਤਾਂ ਦੁਨੀਆਂ ਵਿਚ ਪਾਗਲਾਂ ਦੀ ਗਿਣਤੀ ਵੱਧ ਹੋਣੀ ਸੀ। ਉਹਨਾਂ ਕਿਹਾ ਕਿ ਸਾਡਾ ਮਕਸਦ ਕੈਨੇਡਾ ਦੇ ਪਾਰਕਾਂ ਵਿਚ ਬਹਿ ਕੇ ਗੱਪਾਂ ਮਾਰਨ ਵਾਲੇ ਜਾਂ ਤਾਸ਼ ਖੇਡਣ ਵਾਲੇ ਲੋਕਾਂ ਨੂੰ ਕਿਤਾਬਾਂ ਪੜ੍ਹਣ ਲਾਉਣਾ ਹੈ ਤਾਂ ਕਿ ਪੰਜਾਬੀ ਸਮੇਂ ਦੇ ਗਿਆਨ ਦੇ ਹਾਣੀ ਹੋ ਸਕਣ।
ਭਾਗ ਸਿੰਘ ਮਹੇਸ਼ਵਰੀ ਨੇ ਕਿਹਾ ਕਿ ਕਿਤਾਬਾਂ ਸਾਡੀਆਂ ਸੱਚੀਆਂ ਸਾਥੀ ਹਨ, ਕਿਤਾਬਾਂ ਬਿਨਾਂ ਮਨੁੱਖ ਜਾਤੀ ਪਸੂਆਂ ਸਮਾਨ ਹੈ। ਤਿਰਲੋਕ ਸਿੰਘ ਪਰਧਾਨ ਹਿੰਮਤਪੁਰਾ ਨੇ ਕਿਹਾ ਕਿ ਕੈਨੇਡਾ ਵਿਚ ਇੰਗਲਿਸ਼ ਲਾਇਬ੍ਰੇਰੀਆਂ ਤਾਂ ਬਹੁਤ ਹਨ ਪਰ ਪੰਜਾਬੀ ਪੁਸਤਕਾਂ ਦੀ ਘਾਟ ਹੈ । ਭਾਈ ਘਨੱਈਆ ਲਾਇਬੇਰੀ ਦੀ ਸਥਾਪਨਾ ਨਾਲ ਪੰਜਾਬੀ ਪਾਠਕਾਂ ਲਈ ਇਹ ਘਾਟ ਨਹੀਂ ਰਹੇਗੀ। ਅਮੋਲਕ ਸਿੰਘ ਬਰਾੜ ਮੱਲਕੇ ਨੇ ਕਿਹਾ ਕਿ ਸਾਨੂੰ ਵਿਗਿਆਨਕ ਕਿਤਾਬਾਂ ਪੜ੍ਹ ਕੇ ਸਮੇਂ ਦੇ ਹਾਣ ਦੇ ਹੋਣਾ ਚਾਹੀਦਾ ਹੈ। ਅਮਰਜੀਤ ਢਿੱਲੋਂ ਨੇ ਕਿਹਾ ਕਿ ਉਹ ਪੰਜਾਬ ਜਾਣ ਤੋਂ ਪਹਿਲਾਂ ਆਪਣੀਆਂ ਹੋਰ ਕਿਤਾਬਾਂ ਵੀ ਇਸ ਲਾਇਬ੍ਰੇਰੀ ਨੂੰ ਭੇਂਟ ਕਰਕੇ ਜਾਵੇਗਾ।
Home / ਕੈਨੇਡਾ / ਜੇ ਕਿਤਾਬਾਂ ਨਾ ਹੁੰਦੀਆਂ ਤਾਂ ਦੁਨੀਆ ਵਿਚ ਪਾਗਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ : ਪ੍ਰਿੰਸੀਪਲ ਰੰਧਾਵਾ
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …