Breaking News
Home / ਪੰਜਾਬ / ਕਿਸਾਨਾਂ ਲਈ ਭੱਦੀ ਸ਼ਬਦਾਵਲੀ ਵਰਤਣਾ ਨਿੰਦਣਯੋਗ: ਚੜੂਨੀ

ਕਿਸਾਨਾਂ ਲਈ ਭੱਦੀ ਸ਼ਬਦਾਵਲੀ ਵਰਤਣਾ ਨਿੰਦਣਯੋਗ: ਚੜੂਨੀ

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਰੱਦ ਹੋਣ ਤੱਕ ਹਰਿਆਣਾ ਵਿੱਚ ਸੂਬਾ ਸਰਕਾਰ ਦੇ ਆਗੂਆਂ ਦਾ ਵਿਰੋਧ ਜਾਰੀ ਰਹੇਗਾ। ਜੇਜੇਪੀ ਵਿਧਾਇਕ ਦਵਿੰਦਰ ਬਬਲੀ ਵੱਲੋਂ ਕਿਸਾਨਾਂ ਲਈ ਭੱਦੀ ਸ਼ਬਦਾਵਲੀ ਵਰਤਣਾ ਨਿੰਦਣਯੋਗ ਹੈ।
ਟੋਹਾਣਾ ‘ਚ ਜੇਜੇਪੀ ਵਿਧਾਇਕ ਖਿਲਾਫ ਕਿਸਾਨਾਂ ਵਲੋਂ ਧਰਨਾ
ਟੋਹਾਣਾ/ਬਿਊਰੋ ਨਿਊਜ਼ : ਜੇਜੇਪੀ ਵਿਧਾਇਕ ਦਵਿੰਦਰ ਬਬਲੀ ਵੱਲੋਂ ਕਿਸਾਨਾਂ ਨੂੰ ਅਪਸ਼ਬਦ ਬੋਲਣ ਵਿਰੁੱਧ ਕਿਸਾਨਾਂ ਨੇ ਹਰਿਆਣਾ ਦੇ ਕਸਬਾ ਟੋਹਾਣਾ ਵਿੱਚ ਸਕੱਤਰੇਤ ਦਾ ਘਿਰਾਓ ਕੀਤਾ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵਿਧਾਇਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਟੋਹਾਣਾ ਦੇ ਵਿਧਾਇਕ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ 7 ਜੂਨ ਨੂੰ ਦੋ ਘੰਟੇ ਲਈ ਸੂਬੇ ਦੇ ਸਾਰੇ ਥਾਣਿਆਂ ਦਾ ਘਿਰਾਓ ਕੀਤਾ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਕਿਸਾਨ ਹਿਸਾਰ ਰੋਡ ‘ਤੇ ਸਥਿਤ ਟਾਊਨ ਪਾਰਕ ਵਿੱਚ ਇਕੱਠੇ ਹੋਏ। ਐੱਸਡੀਐੱਮ ਦਫ਼ਤਰ ਦਾ ਘਿਰਾਓ ਕਰਨ ਲਈ ਜਦੋਂ ਕਿਸਾਨ ਰਵਾਨਾ ਹੋਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਅੱਗੇ ਵੱਧ ਰਹੇ ਕਿਸਾਨਾਂ ਨੂੰ ਨਾ ਰੋਕ ਸਕੇ। ਇਸ ਤੋਂ ਬਾਅਦ ਚੜੂਨੀ ਅਤੇ ਟੋਹਾਣਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਦੋ ਘੰਟੇ ਤੱਕ ਮੀਟਿੰਗ ਹੋਈ ਜੋ ਬੇਸਿੱਟਾ ਰਹੀ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਵਿਧਾਇਕ ਤੋਂ ਮੁਆਫ਼ੀ ਮੰਗਵਾਉਣ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਚੜੂਨੀ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਜਦੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਿਹਾ ਹੈ ਤਾਂ ਭਾਜਪਾ ਦੀ ਭਾਈਵਾਲ ਪਾਰਟੀ ਦੇ ਵਿਧਾਇਕ ਵੱਲੋਂ ਕਿਸਾਨਾਂ ਨੂੰ ਅਪਸ਼ਬਦ ਬੋਲੇ ਗਏ ਹਨ। ਉਨ੍ਹਾਂ ਹਰਿਆਣਾ ਸਰਕਾਰ ਨੂੰ 4 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਜੇਕਰ ਵਿਧਾਇਕ ਖ਼ਿਲਾਫ਼ ਕਾਨੂੰਨੀ ਕਾਰਵਾਈ ਨਾ ਹੋਈ ਤਾਂ 7 ਜੂਨ ਨੂੰ ਦੁਪਹਿਰ 11 ਤੋਂ 1 ਵਜੇ ਤੱਕ ਸੂਬੇ ਦੇ ਸਾਰੇ ਥਾਣਿਆਂ ਦਾ ਘਿਰਾਓ ਕੀਤਾ ਜਾਵੇਗਾ। ਉਸ ਤੋਂ ਬਾਅਦ ਵੀ ਕਾਰਵਾਈ ਨਾ ਹੋਣ ‘ਤੇ 10 ਅਤੇ 11 ਜੂਨ ਨੂੰ ਟੋਹਾਣਾ ਦੇ ਸਾਰੇ ਪਿੰਡਾਂ ਵਿੱਚ ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾਣਗੇ। ਜੇਕਰ ਫੇਰ ਵੀ ਸਰਕਾਰ ਨਾ ਮੰਨੀ ਤਾਂ ਸੂਬੇ ਦੀਆਂ ਖਾਪ ਪੰਚਾਇਤਾਂ ਰਾਹੀਂ ਵਿਧਾਇਕ ਬਬਲੀ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ।

 

Check Also

ਸੁਖਪਾਲ ਖਹਿਰਾ ਨੇ ਦਲਬੀਰ ਗੋਲਡੀ ਦੇ ‘ਆਪ’ ’ਚ ਸ਼ਾਮਲ ਹੋਣ ਦਾ ਦੱਸਿਆ ਵੱਡਾ ਕਾਰਨ

ਕਿਹਾ : ਵਿਜੀਲੈਂਸ ਦੀ ਜਾਂਚ ਤੋਂ ਡਰਦਿਆਂ ਗੋਲਡੀ ਨੇ ਭਗਵੰਤ ਮਾਨ ਮੂਹਰੇ ਟੇਕੇ ਗੋਡੇ ਸੰਗਰੂਰ/ਬਿਊਰੋ …