ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਵੇਂ ‘ਯੂਥ ਐੱਨਗੇਜਮੈਂਟ ਪ੍ਰੋਗਰਾਮ’ ਦੇ ਐਲਾਨ ਨੂੰ ਲੋਕਾਂ ਨਾਲ ਸਾਂਝੇ ਕਰਨ ਵਿਚ ਬੇਹੱਦ ਮਾਣ ਮਹਿਸੂਸ ਕਰ ਰਹੇ ਹਨ। ਸਾਰੇ ਦੇਸ਼ ਵਿਚ ਹੀ ਨੌਜਵਾਨ ਆਪਣੀਆਂ ਕਮਿਊਨਿਟੀਆਂ ਵਿਚ ਦਿਨ-ਬ-ਦਿਨ ਵਧੀਆ ਢੰਗ ਨਾਲ ਵਿਚਰ ਰਹੇ ਹਨ ਅਤੇ ਨੌਜਵਾਨ ਕੈਨੇਡੀਅਨਾਂ ਦੀਆਂ ਸੇਵਾਵਾਂ ਨੂੰ ਹੋਰ ਅਸਰਦਾਇਕ ਬਨਾਉਣ ਲਈ ਕੈਨੇਡਾ ਦੀ ਸਰਕਾਰ ਇਕ ਨਵਾਂ ਕੌਮੀ ਨੌਜਵਾਨ ਸੇਵਾ ਸੰਗਠਨ ਤਿਆਰ ਕਰ ਰਹੀ ਹੈ।
ਇਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ,” ਬਰੈਂਪਟਨ ਸਾਊਥ ਵਿਚ ਮੇਰੀ ਯੂਥ ਕੌਂਸਲ ਵਿਚ ਸਰਗ਼ਰਮ ਨੌਜਵਾਨ ਹੋਰ ਬਹੁਤ ਸਾਰੇ ਕਮਿਊਨਿਟੀ ਗਰੁੱਪਾਂ ਨਾਲੋਂ ਵੱਖਰੇ ਤਰੀਕੇ ਨਾਲ ਵਿਚਰ ਰਹੇ ਹਨ। ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਐਲਾਨ ਦਰਸਾਉਂਦਾ ਹੈ ਕਿ ਸਰਕਾਰ ਵੱਲੋਂ ਨੌਜਵਾਨ ਦੇਸ਼-ਵਾਸੀਆਂ ਲਈ ਆਪਣੇ ਘਰਾਂ, ਸਮਾਜ ਅਤੇ ਕੈਨੇਡਾ ਨੂੰ ਮਜ਼ਬੂਤ ਬਨਾਉਣ ਲਈ ਵੱਧ ਤੋਂ ਵੱਧ ਚੰਗੇਰੇ ਮੌਕੇ ਪ੍ਰਦਾਨ ਕੀਤੇ ਜਾਣਗੇ।” ਪ੍ਰਧਾਨ ਮੰਤਰੀ ਵੱਲੋਂ ਕੀਤਾ ਗਿਆ ਇਹ ਐਲਾਨ ‘ਕੈਨੇਡਾ ਸਰਵਿਸ ਕੌਰਪਸ’ ਵੱਲੋਂ ਡਿਜ਼ਾਈਨ ਕੀਤੇ ਜਾ ਰਹੇ ਪ੍ਰੋਗਰਾਮ ਦੇ ਇਕ ਫੇਜ਼ ਦੀ ਸ਼ੁਰੂਆਤ ਹੈ ਜਿਸ ਵਿਚ 15 ਤੋਂ 30 ਸਾਲ ਦੇ ਕੈਨੇਡੀਅਨ ਨੌਜਵਾਨ ਕਮਿਊਨਿਟੀ ਸਰਵਿਸ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ ਕਿ ਇਹ ਪ੍ਰੋਗਰਾਮ ਉਨ੍ਹਾਂ ਲਈ ਕੀ ਮਹੱਤਤਾ ਰੱਖਦਾ ਹੈ। ਸੋਨੀਆ ਸਿੱਧੂ ਨੇ ਹੋਰ ਦੱਸਿਆ, “ਮੈਂ ਅਕਸਰ ਕਿਹਾ ਕਰਦੀ ਹਾਂ ਕਿ ਨੌਜਵਾਨ ਨਾ ਕੇਵਲ ਕੱਲ੍ਹ ਦੇ ਹੀ ਨੇਤਾ ਹਨ, ਸਗੋਂ ਉਹ ਅੱਜ ਦੇ ਵੀ ਨੇਤਾ ਹਨ। ਸਰਕਾਰ ਦੇ ਇਸ ਉੱਦਮ ਨਾਲ ਉਹ ਇਹ ਪ੍ਰੋਗਰਾਮ ਤਿਆਰ ਕਰਨ ਵਿਚ ਜ਼ਰੂਰ ਕਾਮਯਾਬ ਹੋਣਗੇ ਅਤੇ ਇਸ ਵਿਚ ਸ਼ਾਮਲ ਹੋ ਕੇ ਦੇਸ਼ ਵਿਚ ਵਿਚਰ ਰਹੀਆਂ ਵੱਖ-ਵੱਖ ਕਮਿਊਨਿਟੀਆਂ ਵਿਚ ਆਪਣਾ ਨਾਮ ਪੈਦਾ ਕਰਨਗੇ। ਮੈਂ ਬਰੈਂਪਟਨ ਸਾਊਥ ਵਿਚ ਰਹਿ ਰਹੇ ਨੌਜਵਾਨਾਂ ਤੋਂ ਇਹ ਆਸ ਕਰਦੀ ਹਾਂ ਕਿ ਉਹ ਵੱਧ ਤੋਂ ਵੱਧ ਗਿਣਤੀ ਵਿਚ ਇਸ ਨਵੇਂ ਕੌਮੀ ਨੌਜਵਾਨ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਕਮਿਊਨਿਟੀ ਦੀ ਸੇਵਾ ਕਰਨ ਲਈ ਹੋਰ ਨਵੇਂ ਢੰਗਾਂ-ਤਰੀਕਿਆਂ ਦੀ ਤਲਾਸ਼ ਕਰਨਗੇ।”ਕੈਨੇਡਾ ਸਰਵਿਸ ਕੌਰਪਸ ਨੂੰ ਮਾਰਚ 2021 ਤੱਕ ਸਰਕਾਰ ਵੱਲੋਂ 105 ਮਿਲੀਅਨ ਡਾਲਰ ਰਾਸ਼ੀ ਮੁਹੱਈਆ ਕੀਤੀ ਜਾਏਗੀ ਅਤੇ ਇਸ ਦੀ ਸਹਾਇਤਾ ਨਾਲ ਨਵੇਂ ਪ੍ਰਾਜੈੱਕਟ ਤਿਆਰ ਕੀਤੇ ਜਾਣਗੇ ਜਿਨ੍ਹਾਂ ਨਾਲ ਨੌਜਵਾਨ ਕੈਨੇਡਾ-ਵਾਸੀਆਂ ਨੂੰ ਆਪਣੀ ਕਮਿਊਨਿਟੀ ਵਿਚ ਸੇਵਾ ਕਰਨ ਦੇ ਹੋਰ ਨਵੇਂ ਮੌਕੇ ਪ੍ਰਾਪਤ ਹੋ ਸਕਣਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …