ਬਰੈਂਪਟਨ : ਬੀਤੇ ਦਿਨੀਂ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸ਼੍ਰੀ ਸੰਜੇ ਕੁਮਾਰ ਵਰਮਾ ਨੇ ਕਨੈਕਟ ਇੰਡੀਆ ਦੇ ਨਾਮ ਹੇਠ ਰੱਖੇ ਇਕ ਪ੍ਰੋਗਰਾਮ ਵਿਚ ਹਿੱਸਾ ਲਿਆ। ਇਹ ਪ੍ਰੋਗਰਾਮ ਬਰੈਂਪਟਨ ਦੇ ਸਪ੍ਰੈਂਜਾ ਬੈਂਕੁਇਟ ਹਾਲ ਵਿਚ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਭਾਰਤ ਅਤੇ ਕੈਨੇਡਾ ਵਿਚਕਾਰ ਵਧੀਆ ਸੰਬੰਧ ਬਣਾਈ ਰੱਖਣ ਅਤੇ ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਫਲਾਈਟ ਬਾਰੇ ਗੱਲਬਾਤ ਕਰਨਾ ਸੀ। ਇਸ ਸਮਾਗਮ ਵਿਚ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀ, ਵਪਾਰਕ ਅਦਾਰਿਆਂ ਦੇ ਸੰਚਾਲਕਾਂ ਨਾਲ ਅਤੇ ਸਮਾਜ ਸੇਵੀਆਂ ਨੇ ਹਿੱਸਾ ਲਿਆ। ਹਾਈ ਕਮਿਸ਼ਨਰ ਸ੍ਰੀ ਸੰਜੇ ਕੁਮਾਰ ਵਰਮਾ ਅਤੇ ਉਨ੍ਹਾਂ ਦੇ ਨਾਲ ਡਿਪਟੀ ਹਾਈ ਕਮਿਸ਼ਨਰ ਸ਼੍ਰੀ ਚਿਨਮੋਏ ਨਾਇਕ ਅਤੇ ਕੌਂਸਲ ਜਨਰਲ ਟੋਰਾਂਟੋ ਸ੍ਰੀਮਤੀ ਅਪੂਰਵਾ ਸ਼੍ਰੀਵਾਸਤਵਾ ਨੇ ਵੀ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਅਮਰ ਸਿੰਘ ਭੁੱਲਰ ਵਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਹਾਈ ਕਮਿਸ਼ਨਰ ਸ੍ਰੀ ਸੰਜੇ ਕੁਮਾਰ ਵਰਮਾ ਦਾ ਸਵਾਗਤ ਕੀਤਾ ਗਿਆ ਅਤੇ ਉਸ ਦੇ ਨਾਲ ਹੀ ਹਾਈ ਕਮਿਸ਼ਨਰ ਅਤੇ ਬਾਕੀ ਡਿਪਲੋਮੈਟਸ ਨੇ ਸਾਰੇ ਹੀ ਆਏ ਮਹਿਮਾਨਾਂ ਦੇ ਨਾਲ ਕੁਝ ਸਮਾਂ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਮੁੱਦਿਆਂ ਤੋਂ ਜਾਣੂ ਹੋਏ। ਸਟੇਜ ਦੀ ਕਾਰਵਾਈ ਆਰੰਭ ਕਰਦਿਆਂ ਅਮਰਜੀਤ ਸਿੰਘ ਰਾਏ ਨੇ ਪੰਜਾਬੀਆਂ ਵਲੋਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ ਅਤੇ ਪੰਜਾਬ ਤੇ ਭਾਰਤ ਦੀ ਆਪਸੀ ਗੂੜ੍ਹੀ ਸਾਂਝ ਦੀ ਗੱਲ ਕੀਤੀ। ਇਸੇ ਤਰ੍ਹਾਂ ਹੀ ਇੰਦਰਜੀਤ ਸਿੰਘ ਬੱਲ ਨੇ ਭਾਰਤ ਤੇ ਕੈਨੇਡਾ ਦੇ ਮਜ਼ਬੂਤ ਸਬੰਧਾਂ ਦਾ ਜ਼ਿਕਰ ਕੀਤਾ ਤੇ ਨਾਲ ਦੀ ਨਾਲ ਉਨ੍ਹਾਂ ਅੰਮ੍ਰਿਤਸਰ ਦੀ ਸਿੱਧੀ ਉਡਾਣ ਬਾਰੇ ਵੀ ਵਿਸ਼ੇਸ਼ ਤੌਰ ‘ਤੇ ਹਾਈ ਕਮਿਸ਼ਨਰ ਦੇ ਸਾਹਮਣੇ ਮੰਗ ਰੱਖੀ। ਉਨ੍ਹਾਂ ਕੈਨੇਡਾ ਵਿਚ ਵਸਦੇ ਭਾਰਤੀ ਮੂਲ ਦੇ ਤੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਮੂਲ ਦੇ ਲੋਕਾਂ ਨੂੰ ਇਸ ਉਡਾਣ ਤੋਂ ਵਾਂਝੇ ਰਹਿ ਕੇ ਆ ਰਹੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਸਾਨੂੰ ਯਕੀਨ ਹੈ ਕਿ ਇਹ ਉਡਾਣ ਤੁਹਾਡੀ ਬਿਲਕੁਲ ਖਾਲੀ ਨਹੀਂ ਜਾਵੇਗੀ ਤੇ ਪੰਜਾਬੀ ਲੋਕ ਇਸ ਉਡਾਣ ਨੂੰ ਤਰਜੀਹ ਦੇਣਗੇ, ਕਿਉਂਕਿ ਉਨ੍ਹਾਂ ਨੂੰ ਆਪਣੇ ਘਰ ਪਹੁੰਚਣਾ ਸੌਖਾ ਹੋ ਜਾਵੇਗਾ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …