ਰਵਿੰਦਰ ਸਹਿਰਾਅ ਨੇ ਸੱਚ ਬੋਲਣ ਦੀ ਕੀਮਤ ਤਾਰੀ ਹੈ਼: ਵਰਿਆਮ ਸਿੰਘ ਸੰਧੂ
ਟੋਰਾਂਟੋ/ਪਰਮਜੀਤ ਦਿਓਲ
ઑਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ਼ ਵੱਲੋਂ ਪੰਜਾਬੀ ਪ੍ਰਗਤੀਵਾਦੀ ਕਵੀ ਰਵਿੰਦਰ ਸਹਿਰਾਅ ਅਤੇ ਪੰਜਾਬੀ ਕਵਿੱਤਰੀ ਮਨਜੀਤ ਇੰਦਰਾ ਨਾਲ਼ ਸੰਤ ਸਿੰਘ ਸੇਖੋਂ ਹਾਲ ਵਿੱਚ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਵਿੱਚ ਦੋਵਾਂ ਸ਼ਾਇਰਾਂ ਵੱਲੋਂ ਆਪਣੀ ਸ਼ਾਇਰੀ ਦੇ ਨਾਲ਼ ਨਾਲ਼ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ।
ਮੀਟਿੰਗ ਦੀ ਸ਼ੁਰੂਆਤ ਕਰਦਿਆਂ ਨੌਜਵਾਨ ਗਾਇਕ ਬਲਜੀਤ ਬੈਂਸ ਨੇ ਜੈਮਲ ਪੱਡਾ ਦੀ ਅਮਰ ਰਚਨਾ ਪੇਸ਼ ਕੀਤੀ:
ਸਿਦਕ ਸਾਡੇ ਨੇ ਕਦੇ ਮਰਨਾ ਨਹੀਂ
ਸੱਚ ਦੇ ਸੰਗਰਾਮ ਨੇ ਹਰਨਾ ਨਹੀਂ
ਮਨਜੀਤ ਇੰਦਰਾ ਦੀ ਜਾਣ-ਪਛਾਣ ਕਰਵਾਉਂਦਿਆਂ ਪਰਮਜੀਤ ਦਿਓਲ ਨੇ ਕਿਹਾ ਕਿ ਮਨਜੀਤ ਇੰਦਰਾ ઑਬੇਝਿਜਕ਼ ਪੰਜਾਬੀ ਕਵਿੱਤਰੀ ਅਤੇ ਨਾਵਲਕਾਰਾ ਹੈ ਜਿਸ ਨੇ ਕਈ ਕਾਵਿ-ਸੰਗਹ੍ਰਿ ਅਤੇ ਇੱਕ ਕਾਵਿ-ਨਾਵਲ ‘ਤੂੰ ਆਵਾਜ਼ ਮਾਰੀ ਹੈ਼’, ਪਾਠਕਾਂ ਦੀ ਝੋਲ਼ੀ ਪਾਇਆ ਹੈ ਅਤੇ ਉਨ੍ਹਾਂ ਦੇ ਬਹੁਤ ਸਾਰੇ ਗੀਤ ਨਾਮਵਰ ਗਾਇਕਾਂ ਵੱਲੋਂ ਗਾਏ ਗਏ ਨੇ। ਉਹ ਬਹੁਪੱਖੀ ਲੇਖਿਕਾ ਹੋਣ ਦੇ ਨਾਲ਼ ਨਾਲ਼ ਸੋਸ਼ਲ ਵਰਕਰ ਵੀ ਨੇ। ਮਨਜੀਤ ਇੰਦਰਾ ਨੇ ਕਿਹਾ ਕਿ ”ਕੈਨੇਡਾ ਆ ਕੇ ਵੀ ਮੈਨੂੰ ਇਹ ਧਰਤੀ ਬੇਗਾਨੀ ਨਹੀਂ ਲੱਗੀ। ਉਹੀ ਚਿਹਰੇ, ਉਹੀ ਸੁਭਾਅ, ਉਹੀ ਰਹਿਣੀ-ਬਹਿਣੀ ਮੈਨੂੰ ਵੇਖਣ ਨੂੰ ਮਿਲ਼ੀ ਹੈ।” ਉਨ੍ਹਾਂ ਕਿਹਾ ਕਿ ਪ੍ਰੋ. ਮੋਹਨ ਸਿੰਘ ਉਨ੍ਹਾਂ ਦੇ ਗੁਰੂ ਸਨ ਅਤੇ ਉਨ੍ਹਾਂ ਦੇ ਪਿਤਾ ਉਨ੍ਹਾਂ ਦੇ ਬਹੁਤ ਵਧੀਆ ਦੋਸਤ ਸਨ। ”ਬੂਹਾ ਨਾ ਬਾਰੀ ਨਾ ਕੋਈ ਬਨੇਰਾ, ਦੀਵਾ ਜਗਾ ਕੇ ਰੱਖਾਂਗੀ ਕਿੱਥੇ” ਗੀਤ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੀਆਂ ਕਵਿਤਾਵਾਂ ਅਤੇ ਗੀਤ ਸਾਂਝੇ ਕੀਤੇ। ਇਸਤੋਂ ਬਾਅਦ ਤਰਸੇਮ ਅਤੇ ਡਾ. ਕੁਲਦੀਪ ਸਿੰਘ ਦੀਪ ਵੱਲੋਂ ਸੰਪਾਦਤ ਕੀਤੀ ਗਈ ਕਿਤਾਬ ઑਸ਼ਬਦ ਸ਼ਬਦ ਨਾਨਕ਼ ਰਲੀਜ਼ ਕੀਤੀ ਗਈ। ਇਸ ਕਿਤਾਬ ਵਿੱਚ ਬਾਬੇ ਨਾਨਕ ਨੂੰ ਸਮਰਪਿਤ ਕਵਿਤਾਵਾਂ ਸ਼ਾਮਲ ਹਨ। ਇਸ ਕਿਤਾਬ ਬਾਰੇ ਬੋਲਦਿਆਂ ਉਂਕਾਰਪ੍ਰੀਤ ਨੇ ਦੱਸਿਆ ਕਿ ਇਸ ਵਿੱਚ ਸ਼ਾਮਲ ਕਵਿਤਾਵਾਂ ਰਾਹੀਂ ਨਾਨਕ ਦੇਵ ਜੀ ਦੀ ਸ਼ਬਦ-ਮਹਿਮਾ ਬਿਆਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪਿਛਲੇ 500 ਸਾਲਾਂ ਵਿੱਚ ਬਹੁਤ ਕੁਝ ਬਦਲ ਗਿਆ ਹੈ ਪਰ ਬਾਬੇ ਨਾਨਕ ਦੀ ਧੁਰ ਕੀ ਬਾਣੀ ਦੀ ਸਾਰਥਿਕਤਾ ਨਹੀਂ ਬਦਲੀ। ਉਨ੍ਹਾਂ ਕਿਹਾ ਕਿ ਬਾਬਾ ਨਾਨਕ ਸ਼ਬਦ ਨੂੰ ਪਰਣਾਏ ਹੋਏ ਸਨ। ਉਂਕਾਰਪ੍ਰੀਤ ਨੇ ਇਸ ਕਿਤਾਬ ਵਿੱਚ ਛਪੀ ਆਪਣੀ ਕਵਿਤਾ ઑ’550 ਸਾਲਾਂ ਬਾਅਦ ਖ਼ਤ’਼ ਸਾਂਝੀ ਕੀਤੀ।
ਪ੍ਰਗਤੀਵਾਦੀ ਵਿਚਾਰਧਾਰਾ ਦੇ ਕਵੀ ਰਵਿੰਦਰ ਸਹਿਰਾਅ ਦੀ ਜਾਣ-ਪਛਾਣ ਥੰਮ੍ਹ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੇ ਕਰਵਾਈ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਨਕਸਲਵਾਦੀ ਲਹਿਰ ਦੀ ਪੈਦਾਵਾਰ ਹਾਂ। ਉਨ੍ਹਾਂ ਕਿਹਾ ਕਿ ਉਸ ਸੰਘਰਸ਼ ਨੂੰ ਸਹਿਰਾਅ ਨੇ ਜੀਅ-ਜਾਨ ਨਾਲ਼ ਆਪਣੇ ਪਿੰਡੇ ‘ਤੇ ਹੰਢਾਉਂਦਿਆਂ ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ ਅਤੇ ਉਮਰ ਦੇ ਫ਼ਰਕ ਦੇ ਹਿਸਾਬ ਨਾਲ਼ ਹੀ ਮੇਰੇ ਪਿੱਛੇ ਪਿੱਛੇ ਮੇਰੇ ਨਕਸ਼ੇ-ਕਦਮ ‘ਤੇ ਤੁਰਦਾ ਗਿਆ। ਉਨ੍ਹਾਂ ਕਿਹਾ ਕਿ ਰਵਿੰਦਰ ਸਹਿਰਾਅ ਨੇ ਹਮੇਸ਼ਾਂ ਸੱਚ ਲਿਖਿਆ ਅਤੇ ਸੱਚ ਬੋਲਿਆ ਅਤੇ ਸੱਚ ਬੋਲਣ ਦੀ ਕੀਮਤ ਵੀ ਤਾਰੀ ਹੈ। ਉਨ੍ਹਾਂ ਨੇ ਸਹਿਰਾਅ ਨੂੰ ਸੱਚੇ ਬੋਲਾਂ ਦਾ ਕਵੀ਼ ਕਿਹਾ।
ਰਵਿੰਦਰ ਸਹਿਰਾਅ ਨੇ ਆਪਣੇ ਸਾਹਿਤਕ ਸ਼ਫਰ ਦੇ ਨਾਲ਼ ਨਾਲ਼ ਆਪਣੇ ਸੰਘਰਸ਼ਮਈ ਜੀਵਨ ਦੇ ਪਹਿਲੂ ਵੀ ਸਾਂਝੇ ਕੀਤੇ ਅਤੇ ਨਕਸਲੀ ਲਹਿਰ ਦੇ ਪ੍ਰਭਾਵ ਅਤੇ ਸੰਘਰਸ਼ ‘ਤੇ ਵੀ ਗੱਲ ਕੀਤੀ।
ਉਨ੍ਹਾਂ ਕਿਹਾ ਕਿ ਪਾਸ਼, ਦਰਸ਼ਨ ਖਟਕੜ, ਅਮਰਜੀਤ ਚੰਦਨ, ਸੰਤ ਰਾਮ ਉਦਾਸੀ, ਲਾਲ ਸਿੰਘ ਦਿਲ, ਅਤੇ ਗੁਰਦੀਪ ਗਰੇਵਾਲ਼ ਦੇ ਨਾਲ਼ ਨਾਲ਼ ਵਰਿਆਮ ਸਿੰਘ ਸੰਧੂ ਦਾ ਨਾਂ ਵੀ ਉਸ ਸਮੇਂ ਦੇ ਚੋਟੀ ਦੇ ਕੁਝ ਨਾਵਾਂ ‘ਚ ਆਉਂਦਾ ਸੀ ਜੋ ਨਕਸਲੀ ਲਹਿਰ ਨੂੰ ਪਰਣਾਏ ਹੋਏ ਸਨ। ਖ਼ਾਸ ਤੌਰ ‘ਤੇ ਜਸਵੰਤ ਖਟਕੜ ਦੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਕਿਵੇਂ ਪੰਜਵੀਂ ਛੇਵੀਂ ‘ਚ ਪੜ੍ਹਦਿਆਂ ਹੀ ਉਹ ਨਕਸਲੀ ਕਾਰਕੁਨਾਂ ਦੇ ਸੁਨੇਹੇ ਪਹੁੰਚਾਉਂਦਾ ਹੋਇਆ ਪੁਲਿਸ ਦੇ ਹੱਥ ਲੱਗ ਗਿਆ ਅਤੇ ਤੇਰਾਂ ਚੌਦਾਂ ਸਾਲ ਦੀ ਉਮਰ ‘ਚ ਹੀ ਕੈਦ ਹੋ ਗਿਆ। ਉਨ੍ਹਾਂ ਨੇ ਆਪਣੇ ਰੂਪੋਸ਼ ਹੋਣ ਤੋਂ ਲੈ ਕੇ ਜੇਲ੍ਹ ਜਾਣ ਅਤੇ ਫਿਰ ਬਲੈਕ-ਲਿਸਟ ਹੋ ਕੇ ਕਾਲਜਾਂ ਯੂਨੀਵਰਸਿਟੀਆਂ ਤੋਂ ਬੇਦਖ਼ਲ ਹੋਣ ਤੱਕ ਦੇ ਸਫ਼ਰ ਦੀ ਵਾਰਤਾ ਸਾਂਝੀ ਕੀਤੀ। ਫ਼ਲਸਤੀਨੀ ਕੁੜੀ ‘ਤੇ ਲਿਖੀ ਬਹੁਤ ਹੀ ਭਾਵਪੂਰਤ ਕਵਿਤਾ ઑਫ਼ਲਸਤੀਨੀ ਕੁੜੀ ਅਤੇ ਚੱਪਲ਼ ਨਾਲ਼ ਆਪਣੀਆਂ ਕਵਿਤਾਵਾਂ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਨੇ ਕੁਝ ਕਵਿਤਾਵਾਂ ਸਾਝੀਆਂ ਕੀਤੀਆਂ ਜਿਨ੍ਹਾਂ ਤੋਂ ਉਨ੍ਹਾਂ ਦੀ ਵਿਚਾਰਧਾਰਕ ਦ੍ਰਿੜ੍ਹਤਾ ਅੱਜ ਵੀ ਪੂਰੀ ਤਰ੍ਹਾਂ ਬਰਕਰਾਰ ਵਿਖਾਈ ਦਿੰਦੀ ਸੀ।
ਸਨੀ ਸ਼ਿਵਰਾਜ ਅਤੇ ਰਿੰਟੂ ਭਾਟੀਆ ਵੱਲੋਂ ਬੜੇ ਹੀ ਖ਼ੂਬਸੂਰਤ ਤਰੰਨਮ ਵਿੱਚ ਗ਼ਜ਼ਲਾਂ ਪੇਸ਼ ਕੀਤੀਆਂ ਗਈਆਂ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਬਲਦੇਵ ਰਹਿਪਾ, ਭੁਪਿੰਦਰ ਦੁਲੈ, ਜਤਿੰਦਰ ਰੰਧਾਵਾ, ਬਲਜੀਤ ਧਾਲੀਵਾਲ਼, ਨੀਰੂ ਸਹਿਰਾਅ, ਸੁਰਿੰਦਰ ਖਹਿਰਾ, ਰਛਪਾਲ ਕੌਰ ਗਿੱਲ, ਸੁਰੀਜਤ ਕੌਰ, ਜਗੀਰ ਸਿੰਘ ਕਾਹਲੋਂ, ਗੁਰਦੇਵ ਮਾਨ, ਅਤੇ ਇਕਬਾਲ ਮਾਹਲ ਹਾਜ਼ਰ ਸਨ। ਇਸ ਵਾਰ ਸਟੇਜ ਦੀ ਕਾਰਵਾਈ ਬ੍ਰਜਿੰਦਰ ਗੁਲਾਟੀ ਨੇ ਨਿਭਾਈ ਅਤੇ ਕੁਲਵਿੰਦਰ ਖਹਿਰਾ ਅਤੇ ਮਨਮੋਹਨ ਸਿੰਘ ਗੁਲਾਟੀ ਵੱਲੋਂ ਮੀਟਿੰਗ ਦੀ ਕਾਰਵਾਈ ਨੂੰ ਚਲਾਇਆ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …