Breaking News
Home / ਕੈਨੇਡਾ / ਸੋਨੀਆ ਸਿੱਧੂ ਯੂਨਾਈਟਿਡ ਵੇਅ ਆਫ਼ ਪੀਲ’ਜ਼ ਲੌਂਗੈੱਸਟ ਨਾਈਟ ਪ੍ਰੋਗਰਾਮ ਵਿਚ ਹਿੱਸਾ ਲੈਣਗੇ

ਸੋਨੀਆ ਸਿੱਧੂ ਯੂਨਾਈਟਿਡ ਵੇਅ ਆਫ਼ ਪੀਲ’ਜ਼ ਲੌਂਗੈੱਸਟ ਨਾਈਟ ਪ੍ਰੋਗਰਾਮ ਵਿਚ ਹਿੱਸਾ ਲੈਣਗੇ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਮੈਂਬਰ ਸੋਨੀਆ ਸਿੱਧੂ ਇਕ ਵਾਰ ਫਿਰ ”ਯੂਨਾਈਟਿਡ ਵੇਅ ਆਫ਼ ਪੀਲ’ਜ਼ ਲੌਂਗੈੱਸਟ ਨਾਈਟ” ਪ੍ਰੋਗਰਾਮ ਵਿਚ ਭਾਗ ਲੈਣਗੇ। ਇਹ ਈਵੈਂਟ ਹਰ ਸਾਲ ਪੀਲ ਰਿਜਨ ਵਿਚ ਕੀਤਾ ਜਾਂਦਾ ਹੈ ਜਿਸ ਵਿਚ ਇਸ ਦੇ ਵਸਨੀਕ, ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਕਮਿਊਨਿਟੀ ਦੇ ਆਗੂ ਬੇ-ਘਰੇ ਲੋਕਾਂ ਦੇ ਨਾਲ ਮਿਲ ਕੇ ਉਸ ਰਾਤ ਉੱਥੇ ਆਪਣੀਆਂ ਕਾਰਾਂ ਵਿਚ ਹੀ ਸੌਂਦੇ ਹਨ ਅਤੇ ਇਸ ਤਰ੍ਹਾਂ ਦੇਸ਼ ਵਿਚ ਗ਼ਰੀਬੀ ਅਤੇ ‘ਬੇ-ਘਰੇਪਨ’ ਬਾਰੇ ਆਵਾਜ਼ ਉਠਾਉਂਦੇ ਹਨ।
ਸੋਨੀਆ ਸਿੱਧੂ ਪਿਛਲੇ ਦੋ ਸਾਲ ਤੋਂ ਇਸ ਈਵੈਂਟ ਵਿਚ ਹਿੱਸਾ ਲੈਣ ਤੋਂ ਬਾਅਦ ਹੁਣ ਤੀਸਰੀ ਵਾਰੀ ਇਸ ਵਿਚ ਭਾਗ ਲੈ ਰਹੇ ਹਨ। ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਉਨ੍ਹਾਂ ਨੇ ਕਿਹਾ, ”ਮੈਂ ਤੀਸਰੀ ਵਾਰ ਇਸ ਈਵੈਂਟ ਵਿਚ ਹਿੱਸਾ ਲੈਣ ਜਾ ਰਹੀ ਹਾਂ ਅਤੇ ਮੈਨੂੰ ਪਤਾ ਹੈ ਕਿ ਇਹ ਕੰਮ ਏਨਾ ਅਸਾਨ ਨਹੀਂ ਹੈ ਜਿੰਨਾ ਇਹ ਦੂਰੋਂ ਜਾਪਦਾ ਹੈ। ਅਸੀਂ ਸਾਰੇ ਜਾਣਦੇ ਹੀ ਹਾਂ ਕਿ ਇਸ ਸਮੇਂ ਕਿੰਨੀ ਸਰਦੀ ਪੈ ਰਹੀ ਹੈ ਅਤੇ ਇਸ ਕੜਾਕੇ ਦੀ ਠੰਢ ਵਿਚ ਬਾਹਰ ਰਹਿ ਕੇ ਕਿੰਨੀ ਬੇ-ਆਰਾਮੀ ਹੋਵੇਗੀ ਅਤੇ ਕਿੰਨੀ ਮੁਸ਼ਕਲ ਪੇਸ਼ ਆਵੇਗੀ।” ਉਨ੍ਹਾਂ ਦੱਸਿਆ ਕਿ ਇਸ ਸਮੇਂ ਪੀਲ ਰਿਜਨ ਦੇ ਲੱਗਭੱਗ ਇਕ-ਚੌਥਾਈ ਮਿਲੀਅਨ ਲੋਕ ਗ਼ਰੀਬੀ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਕੋਲ ਰਹਿਣ ਲਈ ਘਰ ਨਹੀਂ ਹਨ। ਹਜ਼ਾਰਾਂ ਹੀ ਲੋਕ ਘਰਾਂ ਦੀ ਉਡੀਕ-ਲਿਸਟ ਵਿਚ ਸ਼ਾਮਲ ਹਨ ਅਤੇ ਕਈਆਂ ਕੋਲ ਸ਼ੈੱਲਟਰ ਹੇਠ ਰਹਿਣ ਲਈ ਵੀ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਘਰ ਤੋਂ ਬਾਹਰ ਇਕ ਰਾਤ ਗ਼ੁਜ਼ਾਰਨ ਨਾਲ ਹੀ ਸਾਡੇ ਸਰੀਰ ਅਤੇ ਦਿਮਾਗ਼ ਵਿਚ ਇਕ ਵੱਖਰਾ ਅਤੇ ਅਜੀਬ ਜਿਹਾ ਅਹਿਸਾਸ ਪੈਦਾ ਹੁੰਦਾ ਹੈ ਅਤੇ ਜਿਹੜੇ ਵਿਚਾਰੇ ਬੇ-ਘਰੇ ਰੋਜ਼ ਇਹ ਸੰਤਾਪ ਹੰਢਾਉਂਦੇ ਹਨ, ਉਨ੍ਹਾਂ ਦੇ ਦਿਲ-ਦਿਮਾਗ਼ ‘ਤੇ ਕੀ ਗ਼ੁਜ਼ਰਦੀ ਹੋਵੇਗੀ। ਉਨ੍ਹਾਂ ਲਈ ਸਾਨੂੰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ ਅਤੇ ਮੈਨੂੰ ਇਹ ਦੱਸਣ ਵਿਚ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੀ ਫ਼ੈੱਡਰਲ ਸਰਕਾਰ ਨੈਸ਼ਨਲ ਹਾਊਸਿੰਗ ਸਟਰੈਟਿਜੀ ਅਨੁਸਾਰ ਬੇ-ਘਰੇਪਨ ਨੂੰ 50%ਤੱਕ ਘਟਾਉਣ ਲਈ ਲੋੜੀਂਦੇ ਕਦਮ ਚੁੱਕ ਰਹੀ ਹੈ। 25,000 ਤੋਂ ਵਧੇਰੇ ਕੈਨੇਡੀਅਨ ਜਿਨ੍ਹਾਂ ਕੋਲ ਰਾਤ ਰਹਿਣ ਲਈ ਘਰ ਨਹੀਂ ਹਨ, ਨੂੰ ਨੈਸ਼ਨਲ ਹਾਊਸਿੰਗ ਸਟਰੈਟਿਜੀ ਹੇਠ ਅਗਲੇ 10 ਸਾਲਾਂ ਵਿਚ 40 ਬਿਲੀਅਨ ਡਾਲਰ ਦੀ ਸਕੀਮ ਨਾਲ ਘਰ ਮੁਹੱਈਆ ਕੀਤੇ ਜਾਣਗੇ। ਇਹ ਕੌਮੀ ਹਾਊਸਿੰਗ ਸਟਰੈਟਿਜੀ ‘ਸ਼ੈੱਲਟਰ ਸਪੇਸ’ ਵੀ ਵਧਾਏਗੀ ਅਤੇ ਘਰਾਂ ਦੀ ਵੇਟਿੰਗ-ਲਿਸਟ ਨੂੰ ਵੀ ਘੱਟ ਕਰੇਗੀ। ਲੋਕਾਂ ਨੂੰ ਯਥਾਯੋਗ ਕੀਮਤ ਵਾਲੇ ਘਰਾਂ ਦੇ ਮਾਲਕ ਬਨਾਉਣ ਲਈ ਸਰਕਾਰ ਨੇ ਪਹਿਲਾਂ ਹੀ ਟੈਕਸ ਸਿਸਟਮ ਵਿਚ ਲੋੜੀਂਦੀ ਤਬਦੀਲੀ ਕਰ ਦਿੱਤੀ ਹੈ ਤਾਂ ਜੋ ਉਨ੍ਹਾਂ ਲਈ ਘਰਾਂ ਦੀਆਂ ਉਚੇਰੀਆਂ ਕੀਮਤਾਂ ਤੋਂ ਰਾਹਤ ਦਿਵਾ ਕੇ ਕੌਂਡੋਮੀਨੀਅਮ ਮਾਰਕੀਟ ਵਿਚ ਵਾਧਾ ਕੀਤਾ ਜਾ ਸਕੇ। ਹੁਣ ਸਰਕਾਰ ਨੈਸ਼ਨਲ ਹਾਊਸਿੰਗ ਸਟਰੈਟਿਜੀ ਰਾਹੀਂ ਯਥਾਯੋਗ ਘਰ ਮੁਹੱਈਆ ਕਰਨ ਲਈ ਅਗਲੇਰਾ ਕਦਮ ਲੈ ਰਹੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …