ਵਿਛੜੇ ਸਾਹਿਤਕਾਰਾਂ ਨੂੰ ਦਿੱਤੀ ਸ਼ਰਧਾਂਜਲੀ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਨਵੇਂ ਸਾਲ ਵਿਚ 21 ਜਨਵਰੀ ਨੂੰ ਕਰਵਾਏ ਗਏ ਪਹਿਲੇ ਸਮਾਗ਼ਮ ਵਿਚ ਉੱਘੇ-ਗ਼ਜ਼ਲਗੋ ਭੁਪਿੰਦਰ ਦੁਲੇ ਨਾਲ ਸ਼ਾਨਦਾਰ ਰੂ-ਬ-ਰੂ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਆਪਣੇ ਜੀਵਨ ਦੇ ਕੁਝ ਦਿਲਚਸਪ ਪਲ ਅਤੇ ਆਪਣੀਆਂ ਗ਼ਜ਼ਲਾਂ ਦੀ ਲਿਖਣ-ਪ੍ਰਕਿਰਿਆ ਬਾਰੇ ਵਿਚਾਰ ਹਾਜ਼ਰੀਨ ਨਾਲ ਸਾਂਝੇ ਕੀਤੇ। ਉਨ੍ਹਾਂ ਆਪਣੀਆਂ ਕੁਝ ਚੋਣਵੀਆਂ ਗ਼ਜ਼ਲਾਂ ਵੀ ਪੇਸ਼ ਕੀਤੀਆਂ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਉੱਘੇ ਵਾਰਤਕ ਲੇਖਕ ਪੂਰਨ ਸਿੰਘ ਪਾਂਧੀ, ਕਹਾਣੀਕਾਰ ਮਿੰਨੀ ਗਰੇਵਾਲ, ਭੁਪਿੰਦਰ ਦੁਲੇ ਅਤੇ ਸਭਾ ਦੇ ਚੇਅਰਮੈਨ ਬਲਰਾਜ ਚੀਮਾ ਸੁਸ਼ੋਭਿਤ ਸਨ।
ਇਸ ਤੋਂ ਪਹਿਲਾਂ ਸਮਾਗ਼ਮ ਦੇ ਸ਼ੁਰੂ ਵਿਚ ਇਸ ਮਹੀਨੇ ਵਿਚ ਵਿੱਛੜ ਗਏ ਲੇਖਕਾਂ ਗੁਰਦਿਆਲ ਸਿੰਘ ਕੰਵਲ, ਗੁਰਪਾਲ ਲਿਟ ਅਤੇ ਤਰਸੇਮ ਸਫ਼ਰੀ ਦੇ ਬੇ-ਵਕਤ ਅਕਾਲ ਚਲਾਣਿਆਂ ‘ਤੇ ਡੂੰਘੇ ਦੁੱਖ ਅਤੇ ਅਫ਼ਸੋਸ ਦਾ ਇਜ਼ਹਾਰ ਕਰਦਾ ਹੋਇਆ ਸ਼ੋਕ-ਮਤਾ ਸਭਾ ਦੇ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਝੰਡ ਵੱਲੋਂ ਪੇਸ਼ ਕੀਤਾ ਗਿਆ ਜਿਸ ਨੂੰ ਹਾਜ਼ਰੀਨ ਵੱਲੋਂ ਦੋ ਮਿੰਟ ਦਾ ਮੋਨ ਰੱਖ ਕੇ ਪ੍ਰਵਾਨਗੀ ਦਿੱਤੀ ਗਈ। ਉਪਰੰਤ, ਪ੍ਰੋਗਰਾਮ ਦੀ ਬਾਕਾਇਦਾ ਸ਼ੁਰੂਆਤ ਕਰਦਿਆਂ ਹੋਇਆਂ ਮੰਚ-ਸੰਚਾਲਕ ਤਲਵਿੰਦਰ ਸਿੰਘ ਮੰਡ ਨੇ ਗਾਇਕਾਂ ਇਕਬਾਲ ਬਰਾੜ ਅਤੇ ਸੰਨੀ ਸ਼ਿਵਰਾਜ ਨੂੰ ਵਾਰੀ-ਵਾਰੀ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਭੁਪਿੰਦਰ ਦੁਲੇ ਦੀਆਂ ਗ਼ਜ਼ਲਾਂ ਗਾ ਕੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਭੁਪਿੰਦਰ ਦੁਲੇ ਦੇ ਰੂ-ਬਰੂ ਤੋਂ ਪਹਿਲਾਂ ਪ੍ਰੋ. ਰਾਮ ਸਿੰਘ ਨੇ ਗ਼ਜ਼ਲ ਬਾਰੇ ਸਰੋਤਿਆਂ ਨਾਲ ਮੁੱਢਲੀ ਜਾਣਕਾਰੀ ਸਾਂਝੀ ਕਰਦਿਆਂ ਦਿੰਦਿਆਂ ਹੋਇਆਂ ਇਸ ਦੀ ਫ਼ਾਰਸੀ ਤੇ ਉਰਦੂ ਤੋਂ ਹੋਈ ਸ਼ੁਰੂਆਤ, ਬਾਰੀਕੀਆਂ ਅਤੇ ਪੰਜਾਬੀ ਵਿਚ ਲਿਖੀ ਜਾ ਰਹੀ ਗ਼ਜ਼ਲ ਬਾਰੇ ਬੜੇ ਹੀ ਭਾਵਪੂਰਤ ਸ਼ਬਦ ਕਹੇ।
ਭੁਪਿੰਦਰ ਦੁਲੇ ਨੇ ਆਪਣੀ ਗ਼ਜਲ ਪ੍ਰਕਿਰਿਆ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ 18-19 ਸਾਲ ਦੀ ਉਮਰ ਵਿਚ ਪਹਿਲੀ ਰੋਮਾਂਟਿਕ ਗ਼ਜ਼ਲ ਲਿਖੀ ਪਰ ਬਾਅਦ ਵਿਚ ਗ਼ੈਰ-ਰੋਮਾਂਟਿਕ ਯਥਾਰਥਵਾਦੀ ਗ਼ਜ਼ਲਾਂ ਹੀ ਲਿਖੀਆਂ। ਗ਼ਜ਼ਲ ਲਿਖਣ ਦੇ ਗੁਰ ਉਨ੍ਹਾਂ ਆਪਣੇ ਪਿਤਾ ਉਸਤਾਦ ਗ਼ਜ਼ਲਗੋ ਰਣਧੀਰ ਸਿੰਘ ਚੰਦ ਹੁਰਾਂ ਤੋਂ ਸਿੱਖੇ ਅਤੇ ਸੰਗੀਤ ਵਿਚ ਐੱਮ.ਏ. ਹੋਣ ਕਰਕੇ ਉਨ੍ਹਾਂ ਦੀਆਂ ਗ਼ਜ਼ਲਾਂ ਸ਼ਾਇਦ ਆਪਣੇ ਆਪ ਹੀ ਵਜ਼ਨ, ਬਹਿਰ ਤੇ ਸੁਰ-ਤਾਲ ਵਿਚ ਬੱਝਦੀਆਂ ਗਈਆਂ। ਉਨ੍ਹਾਂ ਅਨੁਸਾਰ ਗ਼ਜ਼ਲ ਗਾਈ ਜਾ ਸਕਣ ਵਾਲੀ ਹੋਣੀ ਚਾਹੀਦੀ ਹੈ ਅਤੇ ਇਸ ਦੇ ਵਿਚ ਖ਼ਿਆਲ ਦੇ ਨਾਲ ਨਾਲ ਰਵਾਨੀ ਵੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਪੰਜਾਂ-ਸੱਤਾਂ ਸ਼ਿਅਰਾਂ ਦੀ ਗ਼ਜਲ਼ ਵਿਚ ਘੱਟੋ-ਘੱਟ ਤਿੰਨ-ਚਾਰ ਸ਼ਿਅਰ ਤਾਂ ਜ਼ਰੂਰ ‘ਕੰਮ’ ਦੇ ਹੋਣੇ ਹੀ ਚਾਹੀਦੇ ਹਨ। ਬਾਕੀ, ਇਸ ਵਿਚ ਇਕ-ਦੋ ‘ਭਰਤੀ-ਸ਼ਿਅਰਾਂ’ ਨਾਲ ਵੀ ਸਰ ਜਾਂਦਾ ਹੈ।
ਭੁਪਿੰਦਰ ਦੁਲੇ ਦੀ ਗ਼ਜ਼ਲ-ਗੋਈ ਬਾਰੇ ਨਾਟਕਕਾਰ ਨਾਹਰ ਔਜਲਾ, ਸੁਖਦੇਵ ਝੰਡ, ਬਲਰਾਜ ਚੀਮਾ ਤੇ ਮਕਸੂਦ ਚੌਧਰੀ ਵੱਲੋਂ ਕਈ ਸੁਆਲ ਆਏ ਜਿਨ੍ਹਾਂ ਦੇ ਜੁਆਬ ਉਨ੍ਹਾਂ ਵੱਲੋਂ ਤਸੱਲੀ-ਪੂਰਵਕ ਦਿੱਤੇ ਗਏ। ਪ੍ਰਧਾਨਗੀ-ਮੰਡਲ ਵਿੱਚੋਂ ਪੂਰਨ ਸਿੰਘ ਪਾਂਧੀ ਨੇ ਬੋਲਦਿਆਂ ਕਿਹਾ ਕਿ ਸ਼ਬਦ ਤੇ ਸੁਰ ਦਾ ਸੁਮੇਲ ਦਾ ਨਾਮ ਹੀ ਗ਼ਜ਼ਲ ਹੈ ਅਤੇ ਭੁਪਿੰਦਰ ਦੁਲੇ ਦੀਆਂ ਗ਼ਜ਼ਲਾਂ ਵਿਚ ਇਹ ਸੁਰ-ਤਾਲ ਕਾਫ਼ੀ ਹੱਦ ਤੱਕ ਮੌਜੂਦ ਹੈ। ਮਰਹੂਮ ਗੁਰਦਿਆਲ ਕੰਵਲ ਬਾਰੇ ਆਪਣੇ ਦਿਲੀ-ਜਜ਼ਬਾਤ ਪ੍ਰਗਟ ਕਰਦਿਆਂ ਉਨ੍ਹਾਂ ਕਿਹਾ ਕੰਵਲ ਵਧੀਆ ਲੇਖਕ ਤੇ ਪੱਤਰਕਾਰ ਸਨ। ਉਨ੍ਹਾਂ 1970 ਵਿਚ ਇੱਥੇ ਕੈਨੇਡਾ ਆਉਣ ਤੋਂ ਬਾਅਦ ਕਈ ਪੁਸਤਕਾਂ ਦੀ ਰਚਨਾ ਕੀਤੀ ਅਤੇ ਵੱਖ-ਵੱਖ ਸਮੇਂ ਤਿੰਨ ਰਿਸਾਲਿਆਂ ਦੀ ਸੰਪਾਦਨਾ ਕੀਤੀ।
ਸਮਾਗ਼ਮ ਦੇ ਦੂਸਰੇ ਭਾਗ ਵਿਚ ਕਵੀ-ਦਰਬਾਰ ਹੋਇਆ ਜਿਸ ਦੀ ਸੰਚਾਲਨਾ ਪਰਮਜੀਤ ਢਿੱਲੋਂ ਵੱਲੋਂ ਕੀਤੀ ਗਈ। ਇਸ ਵਿਚ ਮਿੰਨੀ ਗਰੇਵਾਲ, ਸੁੰਦਰਪਾਲ ਰਾਜਾਸਾਂਸੀ, ਇਕਬਾਲ ਕੌਰ ਛੀਨਾ, ਮਕਸੂਦ ਚੌਧਰੀ, ਕੁਲਜੀਤ ਸਿੰਘ ਜੰਜੂਆ, ਹਰਦਿਆਲ ਝੀਤਾ, ਅਨਿਲ ਕੁੰਦਰਾ, ਮਹਿੰਦਰ ਸਿੰਘ ਵਾਲੀਆ ਤੇ ਕਰਮਜੀਤ ਸਿੰਘ ਵੱਲੋਂ ਕਵਿਤਾਵਾਂ ਤੇ ਟੋਟਕੇ ਸੁਣਾਏ ਗਏ। ਇਕਬਾਲ ਬਰਾੜ ਤੇ ਸੰਨੀ ਸ਼ਿਵਰਾਜ ਨੇ ਇਸ ਭਾਗ ਵਿਚ ਵੀ ਭੁਪਿੰਦਰ ਦੁਲੇ ਦੀਆਂ ਗਜ਼ਲਾਂ ਦੀ ਖ਼ੂਬ ਛਹਿਬਰ ਲਾਈ। ਅਖ਼ੀਰ ਵਿਚ ਬਲਰਾਜ ਚੀਮਾ ਨੇ ਆਏ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕਰਦਿਆਂ ਹੋਇਆਂ ਭੁਪਿੰਦਰ ਦੁਲੇ ਦੇ ਹੋਏ ਇਸ ਸਫ਼ਲ ਰੂ-ਬਰੂ ‘ਤੇ ਸਾਰਿਆਂ ਨੂੰ ਮੁਬਾਕਬਾਦ ਦਿੱਤੀ ਅਤੇ ਭਵਿੱਖ ਵਿਚ ਅਜਿਹੇ ਖ਼ੂਬਸੂਰਤ ਪ੍ਰੋਗਰਾਮ ਕਰਦੇ ਰਹਿਣ ਦੀ ਆਸ ਪ੍ਰਗਟ ਕੀਤੀ। ਇਸ ਮੌਕੇ ਹਾਜ਼ਰੀਨ ਵਿਚ ਸੁਰਿੰਦਰ ਸਿੰਘ ਸੰਧੂ, ਜਸਵਿੰਦਰ ਸਿੰਘ, ਡਾ. ਅਮਰਜੀਤ ਸਿੰਘ ਬਨਵੈਤ, ਦਲਜੀਤ ਕੌਰ ਬਨਵੈਤ, ਸ਼ੈਲਿੰਦਰ ਚੌਧਰੀ, ਰੇਸ਼ਮ ਸਿੰਘ ਦੋਸਾਂਝ, ਮਨਮੋਹਣ ਸਿੰਘ ਗੁਲਾਟੀ, ਬਰਜਿੰਦਰ ਗੁਲਾਟੀ, ਗੁਰਬਚਨ ਸਿੰਘ ਛੀਨਾ, ਰਾਜਿੰਦਰ ਸਿੰਘ ਤੇ ਕਈ ਹੋਰ ਸ਼ਾਮਲ ਸਨ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …