ਅਸੀਂ ਉਸ ਥਾਂ ਤੋਂ ਕਲਮ ਚੁੱਕੀ ਹੈ ਜਿੱਥੇ ਮਹਾਰਾਜਾ ਦਲੀਪ ਸਿੰਘ ਨੇ ਹਥਿਆਰ ਸੁੱਟੇ ਸਨ : ਕੈਸਰ
ਬਰੈਂਪਟਨ/ਪਰਮਜੀਤ ਦਿਓਲ
ઑਪੰਜਾਬੀ ਕਲਮਾਂ ਦਾ ਕਾਫ਼ਲਾ ਟੋਰਾਂਟੋ਼ ਵੱਲੋਂ ਕੁਲਵਿੰਦਰ ਖਹਿਰਾ, ਪਰਮਜੀਤ ਦਿਓਲ ਅਤੇ ਬ੍ਰਜਿੰਦਰ ਗੁਲਾਟੀ ਦੀ ਸੰਚਾਲਨਾ ਹੇਠ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਬਲਤੇਜ ਪੰਨੂੰ, ਇਕਬਾਲ ਕੈਸਰ ਅਤੇ ਬਲਵੀਰ ਕੌਰ ਯੂਕੇ ਨਾਲ਼ ਗੱਲ ਬਾਤ ਕੀਤੀ ਗਈ ਅਤੇ ਭਾਸ਼ਾ ਵਿਭਾਗ ਦੇ ਸੇਵਾ-ਮੁਕਤ ਡਾਇਰੈਕਟਰ ਚੇਤਨ ਸਿੰਘ ਖ਼ਾਲਸਾ ਨੇ ਵੀ ਵਿਚਾਰ ਸਾਂਝੇ ਕੀਤੇ। ਬਲਵੀਰ ਕੌਰ ਯੂਕੇ ਬਾਰੇ ਜਾਣ-ਪਛਾਣ ਕਰਵਾਉਂਦਿਆਂ ਪਰਮਜੀਤ ਦਿਓਲ ਨੇ ਦੱਸਿਆ ਕਿ ਵੁਲਵਰਹੈਂਪਟਨ ਵਿੱਚ ਮੈਂਟਲ ਹੈਲਥ ਡਿਪਾਰਟਮੈਂਟ ਵਿੱਚ ਸੁਪਰਵਾਈਜ਼ਰ ਵਜੋਂ ਕੰਮ ਕਰਦੀ ਦਲਵੀਰ ਕੌਰ ਯੂਕੇ ਪ੍ਰਗਤੀਵਾਦੀ ਸੁਰ ਦੀਆਂ ਕਵਿਤਾਵਾਂ ਲਿਖਦੀ ਹੈ ਅਤੇ ਹੁਣ ਤੱਕ ਕਵਿਤਾ ਦੀਆਂ ਤਿੰਨ ਕਿਤਾਬਾਂ ਛਪਵਾ ਚੁੱਕੀ ਹੈ। ਪਰਮਜੀਤ ਨੇ ਦੱਸਿਆ ਕਿ ਦਲਵੀਰ ਕੌਰ ਦੀ ਸ਼ਾਇਰੀ ਮਨੁੱਖ ਦੀਆਂ ਮਾਨਸਿਕ ਤੰਦਾਂ ਦੀ ਬਾਤ ਪਾਉਂਦੀ ਹੈ। ਦਲਵੀਰ ਕੌਰ ਨੇ ਜਿੱਥੇ ਸੰਖੇਪ ਵਿੱਚ ਗੱਲਬਾਤ ਕੀਤੀ ਓਥੇ ਆਪਣੀ ਕਵਿਤਾ ਰਾਹੀਂ ਸਰੋਤਿਆਂ ਨਾਲ਼ ਸਾਂਝ ਪਾਈ।
ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਭਾਸ਼ਾ ਦੀ ਬਿਹਤਰੀ ਲਈ ਯਤਨਸ਼ੀਲ ਇਕਬਾਲ ਕੈਸਰ ਨੇ ਪੰਜਾਬੀ ਭਾਸ਼ਾ ਬਾਰੇ ਗੱਲ ਕਰਦਿਆਂ ਕਿਹਾ ਕਿ ਦੋਹਾਂ ਹੀ ਪੰਜਾਬਾਂ ਵਿੱਚ ਪੰਜਾਬੀ ਨੂੰ ਢਾਹ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਸੰਘਰਸ਼ ਕਰ ਰਹੇ ਨੇ ਕਿ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀ ਪ੍ਰਾਇਮਰੀ ਸਕੂਲ ਤੋਂ ਲਾਗੂ ਕੀਤੀ ਜਾਵੇ ਤਾਂ ਕਿ ਬੱਚੇ ਚੰਗੀ ਤਰ੍ਹਾਂ ਸਿੱਖ ਸਕਣ। ਉਨ੍ਹਾਂ ਕਿਹਾ ਕਿ ਜੇ ਬੁਨਿਆਦ ਹੀ ਮਜਬੂਤ ਨਹੀਂ ਹੋਵੇਗੀ ਤਾਂ ਫਿਰ ਉਸ ‘ਤੇ ਮਜਬੂਤ ਘਰ ਬਣਾਏ ਜਾਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਆਪਣੇ ਵੱਲੋਂ ਉਸਾਰੇ ਗਏ ਖੋਜਗੜ੍ਹ ਕੇਂਦਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਉਸ ਇਤਿਹਾਸਕ ਥਾਂ ‘ਤੇ ਖੋਜਗੜ੍ਹ ਉਸਾਰ ਕੇ ਪੰਜਾਬੀ ਭਾਸ਼ਾ ਦੀ ਸਲਾਮਤੀ ਲਈ ਕਲਮ ਚੁੱਕੀ ਹੈ ਜਿੱਥੇ ਮਹਾਰਾਜਾ ਦਲੀਪ ਸਿੰਘ ਨੇ ਬਰਤਾਨਵੀ ਸਰਕਾਰ ਅੱਗੇ ਹਥਿਆਰ ਸੁੱਟੇ ਸਨ। ਉਨ੍ਹਾਂ ਨੇ ਪਾਕਿਸਤਾਨ ਵਿਚਲੇ ਸਿੱਖ ਗੁਰਦਵਾਰਿਆਂ ਬਾਰੇ ਲਿਖੀ ਇੱਕ ਮੋਟੀ ਕਿਤਾਬ ਬਾਰੇ ਵੀ ਗੱਲਬਾਤ ਕੀਤੀ ਅਤੇ ਜੈਨ ਧਰਮ ਨਾਲ਼ ਸਬੰਧਤ ਮੰਦਿਰਾਂ ਦੀ ਖੋਜ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਪ੍ਰਿੰਸੀਪਲ ਸਰਵਣ ਸਿੰਘ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੰਜਾਬੀ ਨਾ ਪੜ੍ਹਾਈ ਜਾਣ ਦਾ ਵੱਡਾ ਅੜਿੱਕਾ ਸਿਰਫ ਸਿਆਸਤ ਹੀ ਹੈ।
ਕਾਫ਼ਲੇ ਦੀ ਨੀਂਹ ਰੱਖਣ ਵਾਲ਼ੀ ਟੀਮ ਦੇ ਮੈਂਬਰ, ਸਾਹਿਤਕਾਰ ਅਤੇ ਹੁਣ ਪੱਤਰਕਾਰੀ ਦੇ ਖੇਤਰ ਵਿੱਚ ਜਾਣੇ ਪਛਾਣੇ ਬਲਤੇਜ ਪੰਨੂੰ ਨੇ ਪੰਜਾਬ ਦੇ ਹਾਲਾਤ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਨਾ ਕਿਸੇ ਰੂਪ ਵਿਚ ਧਾੜਵੀ ਹਮੇਸ਼ਾਂ ਸਾਡੇ ‘ਤੇ ਹਮਲੇ ਕਰਦੇ ਆਏ ਨੇ ਤੇ ਇਨ੍ਹਾਂ ਹਮਲਿਆਂ ਨਾਲ਼ ਅਸੀਂ ਹਮੇਸ਼ਾ ਮਜਬੂਤ ਹੀ ਹੋਏ ਹਾਂ। ਪੰਜਾਬ ਵਿੱਚ ਨਸ਼ਿਆਂ ਦੇ ਫੈਲਾਅ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੰਗ ਭਾਵੇਂ ਲਾਮ ਦੀ ਹੋਵੇ, ਭਾਵੇਂ ਨਸ਼ਿਆਂ ਦੀ, ਸਜ਼ਾ ਹਮੇਸ਼ਾਂ ਔਰਤ ਹੀ ਭੁਗਤਦੀ ਹੈ; ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਇੱਕ ਘਰ ਵਿੱਚ ਸਿਰਫ ਇੱਕ ਔਰਤ, ਉਸਦੀ ਨੂੰਹ, ਅਤੇ ਛੋਟਾ ਜਿਹਾ ਪੋਤਾ ਹੀ ਬਚੇ ਨੇ, ਉਸਦਾ ਪਤੀ ਅਤੇ ਪੁੱਤ ਨਸ਼ਿਆਂ ਦੀ ਭੇਂਟ ਚੜ੍ਹ ਚੁੱਕੇ ਨੇ। ਉਨ੍ਹਾਂ ਦੱਸਿਆ ਕਿ ਉਹ ਜਥੇਬੰਦਕ ਰੂਪ ਵਿੱਚ ਇਸ ਖਿਲਾਫ਼ ઑਜ਼ਿੰਦਗੀ ਜ਼ਿੰਦਾਬਾਦ਼ ਦੇ ਨਾਅਰੇ ਨਾਲ਼ ਤੁਰੇ ਸਨ ਜਿਸ ਤਹਿਤ ਸਕੂਲਾਂ ਦੇ ਬੱਚਿਆਂ ਨੂੰ ਜਾਗਰੂਕ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਹੁਣ ਕੋਸ਼ਿਸ਼ ਹੈ ਕਿ ਬੇਸ਼ੱਕ ਮੌਜੂਦਾ ਪੀੜ੍ਹੀ ਦੇ ਨਸ਼ਿਆਂ ‘ਚ ਗਲਤਾਨ ਨੌਜਵਾਨਾਂ ਨੂੰ ਮੋੜਨਾ ਤਾਂ ਮੁਸ਼ਕਲ ਲੱਗਦਾ ਹੈ ਪਰ ਅਗਲੀ ਪੀੜ੍ਹੀ ਦੇ ਬੱਚਿਆਂ ਨੂੰ ਬਚਾਉਣ ਦਾ ਉਪਰਾਲਾ ਜ਼ਰੂਰ ਕੀਤਾ ਜਾ ਸਕਦਾ ਹੈ।
ਕੈਨੇਡਾ ਵਿੱਚ ਬਦਲਦੇ ਜਾ ਰਹੇ ਮਹੌਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਹ ਗੱਲ ਸੋਚਣੀ ਪਵੇਗੀ ਕਿ ਕਿਉਂ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਵੀ ਜਨਤਾ ਵਿੱਚ ਆਉਣ ਲੱਗਿਆਂ ਬੁਲਿਟ ਪਰੂਫ਼ ਜੈਕਟ ਅਤੇ ਭਾਰੀ ਸਕਿਉਰਿਟੀ ਦੀ ਲੋੜ ਪਈ ਹੈ? ਉਨ੍ਹਾਂ ਦਾ ਇਸ਼ਾਰਾ ਕੈਨੈਡਾ ਵਿੱਚ ਫੈਲੇ ਹੋਏ ਨਸ਼ਿਆਂ, ਹਿੰਸਕ ਵਾਰਦਾਤਾਂ, ਅਤੇ ਅੱਤਵਾਦੀ ਹਮਲਿਆਂ ਦੇ ਬਣੇ ਹੋਏ ਡਰ ਵੱਲ ਸੀ। ਉਨ੍ਹਾਂ ਕਿਹਾ ਕਿ ਠੀਕ ਹੈ ਕਿ ਸਾਨੂੰ ਆਪਣੇ ਪੇਕੇ ਪਿੰਡ ਦਾ ਫ਼ਿਕਰ ਹੋਣਾ ਚਾਹੀਦਾ ਹੈ ਪਰ ਕਿਤੇ ਇਹ ਨਾ ਹੋਵੇ ਕਿ ਪੇਕੇ ਪਿੰਡ ਦੇ ਫ਼ਿਕਰ ਵਿੱਚ ਲੱਗੇ ਲੱਗੇ ਆਪਣੇ ਘਰ ਦਾ ਖਿਆਲ ਹੀ ਭੁੱਲ ਜਾਈਏ। ਇਕਬਾਲ ਕੈਸਰ ਵੱਲੋਂ ਪਾਕਿਸਤਾਨ ਵਿਚਲੇ ਗੁਰਦਵਾਰਿਆਂ ਬਾਰੇ ਜਾਣਕਾਰੀ ਇਕੱਠੀ ਕਰਕੇ ਛਾਪੀ ਕਿਤਾਬ ਦੇ ਉੱਦਮ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵੀ ਇੱਕ ਪਰਾਣਾ ਅਧੂਰਾ ਖਰੜਾ ਲੱਭ ਕੇ ਅਜਿਹੀ ਹੀ ਕਿਤਾਬ ਸੰਪਾਦਤ ਕੀਤੀ ਹੈ ਜਿਸਦਾ ਲੇਖਕ ਇਹ ਜਾਣਕਾਰੀ ਇਕੱਠੀ ਕਰਦਾ ਹੋਇਆ ਛੋਟੀ ਉਮਰ ਵਿੱਚ ਹੀ ਸੜਕ ਹਾਦਸੇ ਵਿੱਚ ਮਾਰਿਆ ਗਿਆ ਸੀ। ਇਹ ਕਿਤਾਬ ਵੀ ਸਿੱਖ ਗੁਰਦਵਾਰਿਆਂ ਦੇ ਇਤਿਹਾਸ ਅਤੇ ਜਾਣਕਾਰੀ ਬਾਰੇ ਹੀ ਹੈ। ਉਨ੍ਹਾਂ ਇਹ ਕਿਤਾਬ ਕੈਸਰ ਸਾਹਿਬ ਨੂੰ ਭੇਟ ਕੀਤੀ। ਇਸ ਤੋਂ ਇਲਾਵਾ ਅਮਰ ਸਿੰਘ ਢੀਂਡਸਾ ਹੁਰਾਂ ਵੀ ਆਪਣੀ ਕਿਤਾਬ ਕੈਸਰ ਸਾਹਿਬ ਨੂੰ ਭੇਟ ਕੀਤੀ।
ਸਮਾਗਮ ਦੇ ਅਖੀਰ ਵਿੱਚ ਜਰਨੈਲ ਸਿੰਘ ਕਹਾਣੀਕਾਰ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਤਫ਼ਾਕਨ ਅੱਜ ਸਾਨੂੰ ਤਿੰਨਾਂ ਹੀ ਪੰਜਾਬਾਂ ਤੋਂ ਉਨ੍ਹਾਂ ਮਹਿਮਾਨਾਂ ਨੂੰ ਇੱਕ ਮੰਚ ‘ਤੇ ਇੱਕਠੇ ਵੇਖਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਜੋ ਆਪੋ-ਆਪਣੇ ਖੇਤਰ ਵਿੱਚ ਪੰਜਾਬ, ਪੰਜਾਬੀ, ਅਤੇ ਪੰਜਾਬੀਅਤ ਦੀ ਬਿਹਤਰੀ ਲਈ ਜੱਦੋ-ਜਹਿਦ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਨਿਘਾਰ ਆਉਂਦਾ ਹੈ, ਉਸ ਖਿਲਾਫ ਅਸੀਂ ਹੀ ਜੂਝਣਾ ਹੈ ਤੇ ਇਸ ਲਈ ਯਤਨ ਜਾਰੀ ਰਹਿਣੇ ਚਾਹੀਦੇ ਹਨ।
ਮੀਟਿੰਗ ਵਿੱਚ ਸੁਰਿੰਦਰ ਜੀਤ ਕੌਰ, ਸੁਰਿੰਦਰ ਖਹਿਰਾ, ਗੁਰਦੇਵ ਸਿੰਘ ਸਿੱਧੂ ਮੁਹਾਲੀ , ਨਵਤੇਜ ਕੌਰ, ਰਮਿੰਦਰ ਵਾਲੀਆ, ਬ੍ਰਜਿੰਦਰ ਗੁਲਾਟੀ, ਮਨਮੋਹਨ ਸਿੰਘ ਗੁਲਾਟੀ, ਇਕਬਾਲ ਬਰਾੜ, ਕਿਰਪਾਲ ਸਿੰਘ ਪੰਨੂੰ, ਸੁਖਿੰਦਰ, ਪ੍ਰੋ ਰਾਮ ਸਿੰਘ, ਨਵਤੇਜ ਭਾਰਤੀ, ਸੁਰਿੰਦਰ ਭਾਰਤੀ, ਇਕਬਾਲ ਮਾਹਲ, ਰਿੰਟੂ ਭਾਟੀਆ, ਹਰਪਾਲ ਭਾਟੀਆ, ਕਮਲਜੀਤ ਨੱਤ, ਸਰਬਜੀਤ ਕੌਰ ਕਾਹਲ਼ੋਂ, ਜਗੀਰ ਸਿੰਘ ਕਾਹਲ਼ੋਂ, ਸ਼ਿਵਰਾਜ ਸਨੀ, ਭੁਪਿੰਦਰ ਦੁਲੈ, ਪੂਰਨ ਸਿੰਘ ਪਾਂਧੀ, ਪ੍ਰਿੰ ਸਰਵਣ ਸਿੰਘ, ਗੁਰਦੇਵ ਸਿੰਘ ਮਾਨ,ਪਰਮਜੀਤ ਢਿੱਲੋਂ, ਜਸਪਾਲ ਢਿੱਲੋਂ, ਮਨਪ੍ਰੀਤ ਬੰਗਾ, ਹਰਮਿੰਦਰ ਢਿੱਲੋਂ, ਗੁਰਮਿੰਦਰ ਸਿੰਘ ਆਹਲੂਵਾਲ਼ੀਆ ਸਮੇਤ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ। ਸਟੇਜ ਦੀ ਜ਼ਿੰਮੇਵਾਰੀ ਕੁਲਵਿੰਦਰ ਖਹਿਰਾ ਵੱਲੋਂ ਨਿਭਾਈ ਗਈ ਜਦਕਿ ਮੀਟਿੰਗ ਨੂੰ ਤਰਤੀਬ ਦੇਣ ਦੀ ਸਾਰੀ ਜ਼ਿੰਮੇਂਵਾਰੀ ਬ੍ਰਜਿੰਦਰ ਗੁਲਾਟੀ, ਮਨਮੋਹਨ ਗੁਲਾਟੀ, ਅਤੇ ਪਰਮਜੀਤ ਦਿਓਲ ਨੇ ਨਿਭਾਈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …